ਕੋਧਰੇ ਦੀ ਰੋਟੀ

TeamGlobalPunjab
6 Min Read

– ਡਾ. ਬਲਵਿੰਦਰ ਸਿੰਘ ਥਿੰਦ*

ਭਾਈ ਲਾਲੋ ਜੀ ਨੇ ਗੁਰੂ ਨਾਨਕ ਸਾਹਿਬ ਨੂੰ “ਕੋਧਰੇ ਦੀ ਰੋਟੀ” ਖਵਾਈ, ਇਸ ਬਾਰੇ ਤੁਸੀਂ ਬਜ਼ੁਰਗਾਂ ਤੋਂ ਸਾਖੀਆਂ ਰਾਹੀਂ ਅਕਸਰ ਸੁਣਿਆ ਹੋਵੇਗਾ। ਕੋਧਰੇ ਦੀ ਜਾਣਕਾਰੀ ਹਰ ਬੰਦਾ ਵੱਖੋ-ਵੱਖਰੀ ਦਿੰਦਾ ਹੈ। ਕੋਈ ਇਸ ਨੂੰ ਮਿੱਸਾ ਅਨਾਜ ਕਹਿੰਦਾ ਹੈ, ਕੋਈ ਸਤਨਾਜਾ (ਸੱਤ ਅਨਾਜ) ਤੇ ਕੋਈ ਕੁੱਝ ਹੋਰ। ਬਜ਼ੁਰਗਾਂ ਦੇ ਦੱਸਣ ਮੁਤਾਬਿਕ ਲਗਭਗ 50-60 ਸਾਲ ਪਹਿਲਾਂ ਸਾਡੀ ਸਾਉਣੀ ਦੀ ਫ਼ਸਲ ਵਿਚ ਕੁੱਝ ਬੂਟੇ ਆਪਣੇ ਆਪ ਉੱਗ ਪੈਂਦੇ ਸਨ, ਜਿਨ੍ਹਾਂ ਨੂੰ ਸਮਾਂ ਪਾ ਕੇ ਮਧਾਣਾ (ਇਕ ਨਦੀਨ ਘਾਹ) ਦੇ ਸਿੱਟੇ ਜਾਂ ਦੁੰਬੇ ਲਗਦੇ ਸਨ। ਇਨ੍ਹਾਂ ਨੂੰ ਕੁੱਟ ਕੇ ਦਾਣੇ ਕੱਢ ਲਏ ਜਾਂਦੇ ਸਨ ਜੋ ਕਿ ਬਾਜਰੇ ਜਾਂ ਜਵਾਰ ਵਰਗੇ ਹੁੰਦੇ ਸਨ ਤੇ ਰੰਗ ਲਾਲ ਹੁੰਦਾ ਸੀ। ਲੋਕ ਉਸ ਨੂੰ ਪੀਹ ਕੇ ਰੋਟੀ ਬਣਾ ਕੇ ਖਾਂਦੇ ਹੁੰਦੇ ਸੀ। ਮਾਝੇ ਦੇ ਖੇਤਰ ਵਿੱਚ ਇਸ ਨੂੰ ‘ਮੱਡਲ’ ਅਤੇ ਪੁਆਧ (ਪੂਰਬ ਕਾ ਆਧ) ਖਿੱਤੇ (ਇਲਾਕੇ) ਵਿਚ ਇਸ ਨੂੰ ‘ਸੰਢਲ’ ਕਿਹਾ ਜਾਂਦਾ ਸੀ। ਅੱਜਕੱਲ੍ਹ ਕੁਦਰਤੀ ਖੇਤੀ ਦੇ ਇਹ ਬੂਟੇ ਵਿਰਲੇ-ਟਾਵੇਂ ਹੀ ਮਿਲਦੇ ਹਨ।

ਭਾਈ ਕਾਨ੍ਹ ਸਿੰਘ ਨਾਭਾ ਰਚਿਤ “ਮਹਾਨਕੋਸ਼” ਮੁਤਾਬਕ ‘ਕੋਧਰਾ’ ਸ਼ਬਦ ਦੇ ਸਮਾਨਾਂਤਰ ‘ਕੋਦਰਾ’, ‘ਕੋਦਾ’, ‘ਕੋਦੋ’, ‘ਕੋਦ੍ਰਵ’, ‘ਕੋਧਾ’, ‘ਕੋਧ੍ਰਾ’, ‘ਕੋਧ੍ਰੈ’, ‘ਕੋਦਉ’ ਸ਼ਬਦ ਹਨ। ‘ਕੋਧਰਾ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਨੂੰ ਸੰਸਕ੍ਰਿਤ ਵਿੱਚ ‘ਕੋਦਉ’ ਕਿਹਾ ਜਾਂਦਾ ਹੈ- ਸੰਗਯਾ “ਬਾਥੂ ਜੇਹਾ ਇੱਕ ਘਾਹ, ਜਿਸ ਦਾ ਦਾਣਾ ਗਰੀਬ ਲੋਕ ਰਿੰਨ੍ਹ ਕੇ ਅਥਵਾ ਪੀਹ ਕੇ ਆਟੇ ਦੀ ਰੋਟੀ ਪਕਾ ਕੇ ਖਾਂਦੇ ਹਨ।”

ਪੰਜਾਬੀ ਸਾਹਿਤ ਵਿੱਚ ‘ਕੋਧਰਾ’ ਸ਼ਬਦ ਦੀ ਪਹਿਲੀ ਵਾਰ ਵਰਤੋਂ ਸ਼ੇਖ ਫਰੀਦ ਜੀ ਨੇ ਸਲੋਕਾਂ ਵਿੱਚ ਇਉਂ ਕੀਤੀ ਹੈ,
“ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ॥ ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ॥੬੫॥
(ਭਾਵ ਹੰਸ ਉੱਡ ਕੇ ਕੋਧਰੇ ਦੀ ਪੈਲੀ ਵਿਚ ਜਾ ਬੈਠਾ ਤਾਂ ਦੁਨੀਆਂ ਦੇ ਬੰਦੇ ਉਸ ਨੂੰ ਉਡਾਉਣ ਲਈ ਜਾਂਦੇ ਹਨ ਪਰ ਕਮਲੀ ਦੁਨੀਆਂ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ।)

- Advertisement -

ਇਸੇ ਤਰ੍ਹਾਂ ‘ਕੋਧਰਾ’ ਅਰਥਾਤ ‘ਕੇਦਉ’ ਸ਼ਬਦ ਦੀ ਵਰਤੋਂ ਭਗਤ ਕਬੀਰ ਜੀ ਰਾਗ ਗੁਜਰੀ ਅੰਦਰ ਚਉਪਦੇ ਵਿੱਚ ਇਉਂ ਕਰਦੇ ਹਨ;
“ਸ੍ਰੀ ਕਬੀਰ ਜੀਉ ਕਾ ਚਉਪਦਾ ਘਰ ਦੂਜਾ॥ ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ॥ ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ॥ ਹਰਿ ਬਿਨੁ ਬੈਲ ਬਿਰਾਨੇ ਹੁਈਹੈ॥ ਫਾਟੇ ਨਾਕਨ ਟੂਟੇ ਕਾਧਨ ਕੇਦਉ ਕੋ ਭੁਸੁ ਖਈਹੈ॥੧॥ ਰਹਾਉ॥
[ਭਾਵ (ਕਿਸੇ ਪਸ਼ੂ-ਜੂਨ ਵਿਚ ਪੈ ਕੇ ਜਦੋਂ ਤੇਰੇ ਚਾਰ ਪੈਰ ਅਤੇ ਸਿੰਙ ਹੋਣਗੇ ਅਤੇ ਮੂੰਹੋਂ ਗੂੰਗਾ ਹੋਵੇਂਗਾ ਤਦੋਂ ਕਿਵੇਂ ਪ੍ਰਭੂ ਦੇ ਗੁਣ ਗਾ ਸਕੇੰਗਾ? ਉਠਦਿਆਂ ਬੈਠਦਿਆਂ (ਤੇਰੇ ਸਿਰ ਉੱਤੇ) ਸੋਟਾ ਪਏਗਾ, ਤਦੋਂ ਤੂੰ ਕਿੱਥੇ ਸਿਰ ਲੁਕਾਏਂਗਾ? ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾਂ (ਪਸ਼ੂ ਆਦਿਕ ਬਣ ਕੇ) ਪਰ ਅਧੀਨ ਹੋ ਜਾਏਂਗਾ। (ਨੱਥ ਨਾਲ) ਨੱਕ ਵਿੰਨ੍ਹਿਆ ਜਾਵੇਗਾ, ਕੰਨ (ਜੂਲੇ ਨਾਲ) ਫਿੱਸੇ ਹੋਏ ਹੋਣਗੇ ਤੇ ਕੋਧਰੇ ਦਾ ਭੋੰਹ ਖਾਏੰਗਾ।]

‘ਮਿੱਸੀ ਰੋਟੀ’ ਕਿਸ ਨੂੰ ਕਹਿੰਦੇ ਹਨ?
ਕਈ ਲੋਕ ਸਿਰਫ਼ ਪਿਆਜ਼ ਦੇ ਛੋਟੇ-ਛੋਟੇ ਟੁਕੜੇ, ਲੂਣ, ਮਿਰਚ ਤੇ ਥੋੜ੍ਹਾ ਕੁ ਘਿਉ ਪਾ ਕੇ ਆਟੇ ਵਿਚ ਗੁੰਨ੍ਹ ਕੇ ਬਣਾਈ ਰੋਟੀ ਨੂੰ ‘ਮਿੱਸੀ ਰੋਟੀ’ ਕਹਿੰਦੇ ਹਨ, ਪਰ ਕੁੱਝ ਲੋਕ ਕੇਵਲ ਕਣਕ ਦੇ ਆਟੇ ਨਾਲ ਬਣੀ ਰੋਟੀ ਨੂੰ ‘ਮਿੱਸੀ ਰੋਟੀ’ ਨਹੀਂ ਮੰਨਦੇ। ਉਹ ਕਣਕ ਦੇ ਆਟੇ ਵਿਚ ਵੇਸਣ, ਪਿਆਜ਼, ਧਨੀਆ, ਮੇਥੀ ਆਦਿ ਮਿਲਾ ਕੇ ਬਣਾਈ ਰੋਟੀ ਨੂੰ ‘ਮਿੱਸੀ ਰੋਟੀ’ ਕਹਿੰਦੇ ਹਨ। ਸ਼ਹਿਰਾਂ ਵਿਚ ਅੱਜਕੱਲ੍ਹ ਅਮੀਰ ਲੋਕ ਡਾਕਟਰਾਂ ਦੀ ਸਲਾਹ ਮੁਤਾਬਕ ਇਕ ਅਨਾਜ ਦੀ ਰੋਟੀ ਖਾਣੀ ਹੀ ਬੰਦ ਕਰ ਗਏ ਹਨ ਤੇ ਖ਼ਾਸ-ਖ਼ਾਸ ਦੁਕਾਨਾਂ ਅਤੇ ਚੱਕੀਆਂ ਤੋਂ ‘ਸੱਤ ਅਨਾਜਾ’ ਲੈ ਕੇ ਉਸ ਨਾਲ ਤਿਆਰ ਰੋਟੀ ਨੂੰ ਹੀ ‘ਮਿੱਸੀ ਰੋਟੀ’ ਕਹਿੰਦੇ ਹਨ।
ਸੱਤ ਅਨਾਜੇ ਵਿਚ ਕਣਕ, ਵੇਸਣ, ਸੋਇਆਬੀਨ ਦਾ ਆਟਾ, ਜੌਂ, ਬਾਜਰਾ, ਮਕਈ ਅਤੇ ਜਵਾਰ ਆਦਿ ਦਾ ਆਟਾ ਰਲਾਇਆ ਗਿਆ ਹੁੰਦਾ ਹੈ। ਉਹ ਲੋਕ ਇਸ ‘ਸੱਤ ਅਨਾਜੇ’ ਦੀ ਰੋਟੀ ਨੂੰ ਹੀ ‘ਮਿੱਸੀ ਰੋਟੀ’ ਕਹਿੰਦੇ ਹਨ।
‘ਕੋਧਰੇ ਦੀ ਰੋਟੀ’ ਦੀ ਕਹਾਣੀ ਵੀ ਇਸ ਤਰ੍ਹਾਂ ਦੀ ਹੀ ਹੈ। ਦਰਅਸਲ ਜਦ ਕਿਸਾਨ ਬਹੁਤ ਗ਼ਰੀਬ ਹੁੰਦਾ ਸੀ ਤੇ ਆਪਣੇ ਗੁਜ਼ਾਰੇ ਜੋਗਾ ਅਨਾਜ ਹੀ ਮਸਾਂ ਉਗਾ ਸਕਦਾ ਸੀ, ਉਸ ਵੇਲੇ ਗ਼ਰੀਬ ਲੋਕਾਂ ਲਈ ਕਣਕ ਦਾ ਆਟਾ ਖਾ ਸਕਣਾ ਬਹੁਤ ਵੱਡੀ ਗੱਲ ਹੁੰਦੀ ਸੀ। ਉਨ੍ਹਾਂ ਨੂੰ ਖੁਰਦਰੇ ਅਨਾਜ ਅਰਥਾਤ ਜਵਾਰ, ਬਾਜਰਾ, ਮੱਕੀ, ਮੂੰਗੀ, ਮੱਢਲ, ਕੰਗਣੀ, ਸਵਾਂਕ ਆਦਿ ਸਸਤੀਆਂ ਚੀਜ਼ਾਂ ਦਾ ਆਟਾ ਹੀ ਖਾਣ ਨੂੰ ਨਸੀਬ ਹੁੰਦਾ ਸੀ। ਤੰਗੀ ਤੁਰਸ਼ੀ ਵਿੱਚ ਜੀਵਨ ਗੁਜ਼ਰ-ਬਸ਼ਰ ਕਰਦੇ ਉਹ ਚੌਲਾਂ ਤੇ ਕਣਕ ਦਾ ਮੂੰਹ ਸਾਲ ਵਿਚ ਇਕ ਅੱਧ ਵਾਰ ਹੀ ਵੇਖਦੇ ਸਨ। ਆਮ ਤੌਰ ‘ਤੇ ਇਕ, ਦੋ ਜਾਂ ਤਿੰਨ ਖੁਰਦਰੇ ਤੇ ਸਸਤੇ ਅਨਾਜ ਮਿਲਾ ਕੇ ਜਿਹੜੀ ਰੋਟੀ ਤਿਆਰ ਕੀਤੀ ਜਾਂਦੀ ਸੀ, ਗ਼ਰੀਬ ਆਦਮੀ ਉਸੇ ਨੂੰ ਹੀ ਲੱਸੀ ਜਾਂ ਸਾਗ ਆਦਿ ਨਾਲ ਸੰਘੋਂ ਹੇਠਾਂ ਲੰਘਾ ਲੈਂਦਾ ਸੀ ਤੇ ਇਸ ਨੂੰ ਖੁਰਦਰੇ ਅਨਾਜ ਵਾਲੀ ਰੋਟੀ ਕਹਿੰਦੇ ਸਨ। ‘ਖੁਰਦਰਾ’ ਗ਼ਰੀਬ ਦੀ ਭਾਸ਼ਾ ਵਿਚ ਵਿਗੜ ਕੇ ‘ਕੋਧਰਾ’ ਬਣ ਗਿਆ ਤੇ ਇਸੇ ਖੁਰਦਰੇ ਅਨਾਜ ਜਾਂ ਅਨਾਜਾਂ ਦੀ ਰੋਟੀ ਨੂੰ ‘ਕੋਧਰੇ ਦੀ ਰੋਟੀ’ ਕਿਹਾ ਜਾਣ ਲੱਗਾ। ਯਕੀਨਨ ਇਹ ਕੇਵਲ ਗ਼ਰੀਬ ਦੀ ਰੋਟੀ ਹੁੰਦੀ ਸੀ।
ਮਿੱਸੀ ਰੋਟੀ ਦੀ ਤਰ੍ਹਾਂ ਉਸ ਸਮੇਂ ਵੀ ਕੋਧਰੇ ਦੀ ਰੋਟੀ ਦੇ ਕਈ ਰੰਗ ਮਿਲਦੇ ਸਨ। ਅਰਥਾਤ ਕੇਵਲ ਇਕ ਖੁਰਦਰੇ ਅਨਾਜ ਵਾਲੀ ਜਾਂ ਕਈ ਖੁਰਦਰੇ (ਬਾਜਰਾ, ਜਵਾਰ, ਚਰੀ, ਜੌਂ, ਮਕਈ ਤੇ ਆਪੇ ਉੱਗੀਆਂ ਕਈ ਬੂਟੀਆਂ ਦੇ ਦਾਣੇ) ਆਦਿ ਅਨਾਜਾਂ ਨੂੰ ਮਿਲਾ ਕੇ ਬਣਾਈ ਗਈ ਰੋਟੀ।

ਸਾਖੀਆਂ ਵਿਚ ਆਉਂਦਾ ਹੈ ਕਿ  ਬਾਬਾ ਨਾਨਕ ਸਾਹਿਬ ਜੀ ਨੂੰ ਭਾਈ ਲਾਲੋ ਨੇ ਇਹੀ ਕੋਧਰੇ ਦੀ (ਖੁਰਦਰੇ ਤੇ ਸਸਤੇ) ਅਨਾਜਾਂ ਦੀ ਬਣੀ ‘ਕੋਧਰੇ ਦੀ ਰੋਟੀ’ ਸ਼ਰਧਾ-ਭਾਵਨਾ ਅਤੇ ਸਤਿਕਾਰ ਸਹਿਤ ਪੇਸ਼ ਕੀਤੀ ਸੀ। ਬਾਬੇ ਨਾਨਕ ਨੂੰ ਮਲਿਕ ਭਾਗੋ ਦੇ ਛੱਤੀ ਪਦਾਰਥਾਂ ਨਾਲੋਂ ਇਹ ਜ਼ਿਆਦਾ ਚੰਗੀ ਲੱਗੀ ਸੀ, ਕਿਉਂਕਿ ਇਸ ਵਿਚੋਂ ਬਾਬਾ ਨਾਨਕ ਸਾਹਿਬ ਨੂੰ ਦਸਾਂ ਨਹੁੰਆਂ ਅਤੇ ਮਿਹਨਤ ਦੀ ਕਮਾਈ ਰੂਪੀ ਅੰਮ੍ਰਿਤ ਦਾ ਸਵਾਦ ਜੁ ਮਿਲ ਰਿਹਾ ਸੀ!

ਸਹਾਇਕ ਪ੍ਰੋਫੈਸਰ ਅਤੇ ਮੁਖੀ, ਪੋਸਟ ਗਰੈਜੂਏਟ ਪੰਜਾਬੀ ਵਿਭਾਗ,
ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ (ਜਲੰਧਰ)

Share this Article
Leave a comment