ਬੇਅਦਬੀ ਦੇ ਚਲਾਨ ‘ਤੇ SIT ‘ਚ ਪਿਆ ਰੌਲਾ, 4 ਮੈਂਬਰਾਂ ਨੇ ਲਿਖ ਕੇ ਦੇਤਾ ਜੇ ਕੇਸ ਹਾਰੇ ਤਾਂ ਕੁੰਵਰ ਵਿਜੇ ਜਿੰਮੇਵਾਰ

TeamGlobalPunjab
5 Min Read

ਚੰਡੀਗੜ੍ਹ : ਆਖਰਕਾਰ ਉਹੀ ਹੋਇਆ ਜਿਸ ਦਾ ਸੂਬੇ ਦੇ ਲੋਕਾਂ ਨੂੰ ਡਰ ਸੀ। ਸਾਲ 2015 ‘ਚ ਵਾਪਰੇ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਇਨ੍ਹਾਂ ਮਾਮਲਿਆਂ ਨੂੰ ਕਿਸੇ ਅੰਜਾਮ ਤੱਕ ਪਹੁੰਚਾਉਣ ਤੋਂ ਪਹਿਲਾਂ ਹੀ ਆਪਸੀ ਫੁੱਟ ਦਾ ਸ਼ਿਕਾਰ ਹੋ ਗਈ ਹੈ। ‘ਸਿੱਟ’ ਦੇ 4 ਮੈਂਬਰਾਂ ਏਡੀਜੀਪੀ ਪ੍ਰਬੋਧ ਕੁਮਾਰ, ਆਈਜੀ ਅਰੁਣਪਾਲ ਸਿੰਘ, ਐਸਪੀ ਭੁਪਿੰਦਰ ਸਿੰਘ ਤੇ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਪੱਤਰ ਲਿਖ ਕੇ ਇਹ ਕਹਿ ਦਿੱਤਾ, ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇਸ ਮਾਮਲੇ ਵਿੱਚ ਅਦਾਲਤ ਅੰਦਰ ਪੇਸ਼ ਕੀਤੇ ਗਏ ਚਲਾਨ ਨਾਲ ਉਹ ਸਹਿਮਤ ਨਹੀਂ ਹਨ। ਇੰਝ ਇਨ੍ਹਾਂ ਚਾਰਾਂ ‘ਸਿੱਟ’ ਮੈਂਬਰਾਂ ਨੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਵੱਖ ਕਰ ਲਿਆ ਹੈ। ‘ਸਿੱਟ’ ਦੀ ਇਸ ਫੁੱਟ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਲਾਏ ਜਾ ਰਹੇ ਦੋਸ਼ਾਂ ਨੂੰ ਬਲ ਮਿਲਿਆ ਹੈ ਤੇ ਉਹ ਹੁਣ ਦੁੱਗਣੇ ਜੋਸ਼ ਨਾਲ ‘ਸਿੱਟ’ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦੇਣਗੇ, ਉੱਥੇ ਮਾਹਰਾਂ ਅਨੁਸਾਰ ਦੂਜੇ ਪਾਸੇ ਸਰਕਾਰ ਵੀ ਇਸ ਮਾਮਲੇ ਵਿੱਚ ਬੈਕਫੁੱਟ ‘ਤੇ ਆ ਗਈ ਹੈ।

ਇਸ ਸਬੰਧੀ ਏਡੀਜੀਪੀ ਪ੍ਰਬੋਧ ਕੁਮਾਰ ਵੱਲੋਂ ਡੀਜੀਪੀ ਨੂੰ ਲਿਖੀ ਗਈ ਚਿੱਠੀ ਵਿੱਚ ਸਾਫ ਤੌਰ ‘ਤੇ ਕਿਹਾ ਗਿਆ ਹੈ, ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਚਲਾਨ ਤਿਆਰ ਕਰਨ ਲੱਗਿਆਂ ਐਸਆਈਟੀ ਦੇ ਮੈਂਬਰਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਚਿੱਠੀ ਵਿੱਚ ਇਹ ਤਰਕ ਦਿੱਤਾ ਗਿਆ ਹੈ ਕਿ ਜੇਕਰ ਸਰਕਾਰ ਅਦਾਲਤ ਅੰਦਰ ਇਹ ਕੇਸ ਹਾਰਦੀ ਹੈ ਤਾਂ ਇਸ ਗੱਲ ਦੀ ਸਾਰੀ ਜਿੰਮੇਵਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੋਵੇਗੀ। ਸੂਤਰ ਦੱਸਦੇ ਹਨ ਕਿ ਇਹੋ ਸ਼ਿਕਾਇਤ ‘ਸਿੱਟ’ ਦੇ ਮੁਖੀ ਪ੍ਰਬੋਧ ਕੁਮਾਰ ਨੇ ਮੁੱਖ ਮੰਤਰੀ ਨੂੰ ਮਿਲ ਕੇ ਜ਼ੁਬਾਨੀ ਕਲਾਮੀ ਵੀ ਕੀਤੀ ਹੈ। ਆਪੁਸ਼ਟ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਰੀ ਗੱਲ ਸੁਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਕਹਿ ਕੇ ਗੱਲ ਸਿਰੇ ਲਾ ਦਿੱਤੀ ਹੈ ਕਿ ਮਾਮਲਾ ਅਦਾਲਤ ਵਿੱਚ ਹੈ ਲਿਹਾਜਾ ਫੈਸਲਾ ਵੀ ਅਦਾਲਤ ਨੇ ਹੀ ਕਰਨਾ ਹੈ।

ਦੱਸ ਦਈਏ ਕਿ ‘ਸਿੱਟ’ ਵੱਲੋਂ ਬੀਤੇ ਦਿਨੀਂ ਪੇਸ਼ ਕੀਤੇ ਗਏ ਚਲਾਨ ਵਿੱਚ ਜਿੱਥੇ ਪੰਜਾਬ ਪੁਲਿਸ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐਸਐਸਪੀ ਚਰਨਜੀਤ ਸ਼ਰਮਾ, ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ, ਸਮੇਂ ਦੇ ਏਡੀਸੀ ਲੁਧਿਆਣਾ ਪਰਮਵੀਰ ਸਿੰਘ ਪੰਨੂ, ਕੋਟਕਪੁਰਾ ਪੁਲਿਸ ਦੇ ਡੀਐਸਪੀ ਬਲਜੀਤ ਸਿੰਘ ਤੇ ਥਾਣਾ ਕੋਟਕਪੁਰਾ ਸ਼ਹਿਰੀ ਦੇ ਐਸਐਚਓ ਗੁਰਦੀਪ ਸਿੰਘ ਤੋਂ ਇਲਾਵਾ ਕੁਝ ਹੋਰ ਲੋਕਾਂ ਨੂੰ ਦੋਸ਼ੀ ਠਹਿਰਾਉਂਦਿਆਂ ਚਲਾਨ ਦੇ ਨਾਲ ਕੁਝ ਸਬੂਤ, ਦਸਤਾਵੇਜ਼ ਤੇ ਗਵਾਹਾਂ ਦੀ ਸੂਚੀ ਲਾ ਕੇ ਅਦਾਲਤ ਵਿੱਚ ਪੇਸ਼ ਕੀਤੀ ਹੈ, ਜਿਸ ਦੇ ਅਧਾਰ ‘ਤੇ ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਅਦਾਲਤ ਅੰਦਰ ਦੋਸ਼ੀ ਸਾਬਤ ਕਰਨਾ ਹੈ।

ਇਸ ਤੋਂ ਇਲਾਵਾ ਇਸ ਚਲਾਨ ਦੀ ਅਹਿਮ ਗੱਲ ਇਹ ਹੈ ਕਿ ਇਸ ਵਿੱਚ ‘ਸਿੱਟ’ ਨੇ ਪਹਿਲੀ ਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਨਾਮ ਵੀ ਰਿਕਾਰਡ ਵਿੱਚ ਲਿਆਂਦੇ ਹਨ ਤੇ ਅਦਾਲਤ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਨ੍ਹਾਂ ਲੋਕਾਂ ਦੇ ਖਿਲਾਫ ਜਾਂਚ ਜਾਰੀ ਹੈ ਤੇ ਜਲਦ ਹੀ ਇਨ੍ਹਾਂ ਖਿਲਾਫ ਵੀ ਇੱਕ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਜਾਵੇਗਾ।

- Advertisement -

ਸਿਆਸੀ ਮਾਹਰਾਂ ਅਨੁਸਾਰ ਇਸ ਅਦਾਲਤੀ ਚਲਾਨ ਵਿੱਚ ਇਸ ਵਾਰ ਬਾਦਲਾਂ ਅਤੇ ਸੈਣੀ ਤੋਂ ਇਲਾਵਾ ਰਾਮ ਰਹੀਮ ਦੇ ਨਾਮ ਇਸ ਲਈ ਆਏ ਹਨ ਕਿਉਂਕਿ ਪਿਛਲੀ ਵਾਰ ਜਿਹੜਾ ਚਲਾਨ ਪੇਸ਼ ਕੀਤਾ ਗਿਆ ਸੀ ਉਸ ਵਿੱਚ ਜਦੋਂ ਬਾਦਲਾਂ ਦਾ ਨਾਮ ਨਹੀਂ ਆਇਆ ਤਾਂ ਨਾ ਸਿਰਫ ਬਾਦਲਾਂ ਨੇ ਆਪਣੇ ਆਪ ਨੂੰ ਚਲਾਨ ਦੇ ਅਧਾਰ ‘ਤੇ ਨਿਰਦੋਸ਼ ਦੱਸਣਾ ਸ਼ੁਰੂ ਕਰ ਦਿੱਤਾ ਸੀ, ਬਲਕਿ ਮੀਡੀਆ ‘ਚ ‘ਸਿੱਟ’ ਵੱਲੋਂ ਬਾਦਲਾਂ ਨੂੰ ਕਲੀਨ ਚਿੱਟ ਦੇਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਇਲਾਵਾ ‘ਪੀਡੀਏ’ ‘ਚ ਸ਼ਾਮਲ ਧੜ੍ਹੇ ਦੇ ਲੋਕਾਂ ਨੇ ਵੀ ਇਸ ਨੂੰ ਸਰਕਾਰ ਅਤੇ ਬਾਦਲਾਂ ਦੀ ਮਿਲੀਭੁਗਤ ਕਰਾਰ ਦੇਣਾ ਸ਼ੁਰੂ ਕਰ ਦਿੱਤਾ ਸੀ। ਮਾਹਰ ਦੱਸਦੇ ਹਨ ਕਿ ਸ਼ਾਇਦ ਇਹੋ ਕਾਰਨ ਸੀ ਇਸ ਵਾਰ ਚਲਾਨ ਅੰਦਰ ਬਾਦਲਾਂ, ਸੈਣੀ ਤੇ ਰਾਮ ਰਹੀਮ ਦਾ ਨਾਮ ਚਲਾਨ ਅੰਦਰ ਬਿਨਾਂ ਲਿਖਤੀ ਤੱਥਾਂ ਤੋਂ ਹੀ ਇਹ ਕਹਿ ਕੇ ਪਾ ਦਿੱਤਾ ਗਿਆ ਕਿ ਇਨ੍ਹਾਂ ਖਿਲਾਫ ਜਾਂਚ ਜਾਰੀ ਹੈ।

ਅਜਿਹੇ ਵਿੱਚ ਚਲਾਨ ਪੇਸ਼ ਕਰਨ ਨੂੰ ਲੈ ਕੇ ‘ਸਿੱਟ’ ਦੇ ਮੈਂਬਰਾਂ ਵਿੱਚ ਪਈ ਆਪਸੀ ਫੁੱਟ ਨੇ ਇੱਕ ਵਾਰ ਫਿਰ ਸਰਕਾਰ ਦੀ ਕਾਰਗੁਜਾਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਲੈਆਂਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਪੰਜਾਬ ਅਤੇ ‘ਸਿੱਟ’ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਮਾਮਲੇ ‘ਤੇ ਖੁੱਲ੍ਹ ਕੇ ਕੀ ਪ੍ਰਤੀਕਿਰਿਆ ਦਿੰਦੇ ਹਨ, ਕਿਉਂਕਿ ਇਹ ਸਭ ਜਾਣ ਕੇ ਲੋਕਾਂ ਦਾ ਵਿਸ਼ਵਾਸ਼ ਡਾਵਾਂ ਡੋਲ ਹੋਣ ਲੱਗ ਪਿਆ ਹੈ ਕਿ ਪਤਾ ਨਹੀਂ ਸਰਕਾਰ ਇਨ੍ਹਾਂ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਦਵਾਉਣਾ ਵੀ ਚਾਹੁੰਦੀ ਹੈ ਜਾਂ ਨਹੀਂ?

 

Share this Article
Leave a comment