ਹਿਰਾਸਤੀ ਮੌਤਾਂ ਬਾਰੇ ਭਗਵੰਤ ਮਾਨ ਨੇ ਕਰਤੇ ਵੱਡੇ ਖੁਲਾਸੇ, ਨਸ਼ੇ ਦੇ ਸੁਦਾਗਰਾਂ ਦੇ ਖੋਲ੍ਹ ‘ਤੇ ਅਜਿਹੇ ਰਾਜ਼ ਕਿ ਪੁਲਿਸ ਵਾਲਿਆਂ ਨੂੰ ਪੈ ਗਈਆਂ ਭਾਜੜਾਂ

TeamGlobalPunjab
2 Min Read

ਫਤਹਿਗੜ੍ਹ ਸਾਹਿਬ : ਇੰਨੀ ਦਿਨੀਂ ਪੰਜਾਬ ਦੀ ਸਿਆਸਤ ‘ਤੇ ਜੇਕਰ ਕੋਈ 2 ਮੁੱਦੇ ਸਭ ਤੋਂ ਵੱਧ ਭਾਰੂ ਹਨ ਤਾਂ ਉਨ੍ਹਾਂ ਵਿੱਚੋਂ ਇੱਕ ਹੈ ਨਸ਼ਾ ਅਤੇ ਦੂਜਾ ਹਵਾਲਾਤਾਂ ‘ਚ ਹੋ ਰਹੀਆਂ ਮੌਤਾਂ। ਇਨ੍ਹਾਂ ਨੂੰ ਲੈ ਕੇ ਸੂਬੇ ਦੇ ਸੱਤਾਧਾਰੀਆਂ ਨੂੰ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਪੁਲਿਸ ਹਿਰਾਸਤ ‘ਚ ਵੀ ਕੋਈ ਸੁਰੱਖਿਅਤ ਨਹੀਂ ਤਾਂ ਫਿਰ ਬਾਹਰ ਕਿਸੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਮਾਨ ਅਨੁਸਾਰ ਪਿਛਲੇ ਮਹੀਨੇ 8-9 ਮੌਤਾਂ ਪੁਲਿਸ ਹਿਰਾਸਤ ਵਿੱਚ ਹੀ ਹੋਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਵੱਡੇ ਨਸ਼ਾ ਤਸਕਰ ਨਹੀਂ ਚਾਹੁੰਦੇ ਕਿ ਪੰਜਾਬ ਅੰਦਰੋਂ ਨਸ਼ਾ ਖਤਮ ਹੋਵੇ ਤੇ ਨੌਜਵਾਨ ਪੀੜ੍ਹੀ ਇਸ ਭੈੜੀ ਲਾਹਣਤ ਤੋਂ ਬਚ ਸਕੇ।

ਭਗਵੰਤ ਮਾਨ ਅਨੁਸਾਰ ਜਿਹੜਾ ਕੋਈ ਵਿਅਕਤੀ ਨਸ਼ੇ ਦੀ ਵੱਡੀ ਖੇਪ ਨਾਲ ਗ੍ਰਿਫਤਾਰ ਕੀਤਾ ਜਾਂਦਾ ਹੈ, ਉਹ ਜਾਂ ਤਾਂ ਆਤਮ ਹੱਤਿਆ ਕਰ ਲੈਂਦਾ ਹੈ ਤੇ ਜਾਂ ਫਿਰ ਉਸ ਦਾ ਕਤਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਇਸ ਤੋਂ ਸਿੱਧ ਹੁੰਦਾ ਹੈ ਕਿ ਨਸ਼ੇ ਦੇ ਵੱਡੇ ਸੁਦਾਗਰਾਂ ਦੀਆਂ ਜੜ੍ਹਾਂ ਬਹੁਤ ਲੰਬੀਆਂ ਹਨ ਤੇ  ਕਿਸੇ ਕੀਮਤ ‘ਤੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਹੋਣ ਦੇਣਾ ਚਾਹੁੰਦੇ। ਭਗਵੰਤ ਮਾਨ ਨੇ ਕਿਹਾ ਕਿ ਇਸ ਭੈੜੀ ਲਾਹਣਤ ਨੇ ਹੁਣ ਤਾਂ ਕੁੜੀਆਂ ਨੂੰ ਵੀ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ। ਭਗਵੰਤ ਮਾਨ ਅਨੁਸਾਰ ਅੱਜ ਪੰਜਾਬ ਅੰਦਰ ਹਾਲਾਤ ਇਹ ਹਨ ਕਿ ਜੇਕਰ ਕੋਈ ਨਸ਼ੇ ਵਿਰੁੱਧ ਅਵਾਜ਼ ਚੁੱਕਦਾ ਹੈ ਤਾਂ ਉਸ ਨੂੰ ਦਬਾਉਣ ਲਈ ਉਨ੍ਹਾਂ ‘ਤੇ ਪਰਚੇ ਪਾ ਦਿੱਤੇ ਜਾਂਦੇ ਹਨ।

Share this Article
Leave a comment