ਮਾਨ ਸਰਕਾਰ ਦੀਵਾਲੀ ‘ਤੇ ਕਿਸਾਨਾਂ ਨੂੰ ਦੇਵੇਗੀ ਤੋਹਫਾ ?

Prabhjot Kaur
4 Min Read

-ਜਗਤਾਰ ਸਿੰਘ ਸਿੱਧੂ

(ਮੈਨੇਜਿੰਗ ਡਾਇਰੈਕਟਰ)

ਕਿਸਾਨੀ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਮਾਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਘਿਰਦੀਆਂ ਨਜ਼ਰ ਆ ਰਹੀਆਂ ਹਨ। ਜੇਕਰ ਕੁਝ ਸਮਾਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਸਿੱਧੇ ਤੌਰ ‘ਤੇ ਕੇਂਦਰ ਦੀ ਮੋਦੀ ਸਰਕਾਰ ਨਾਲ ਕਿਸਾਨਾਂ ਦਾ ਟਕਰਾਅ ਬਣਿਆ ਹੋਇਆ ਸੀ। ਬੇਸ਼ੱਕ ਕਿਸਾਨਾਂ ਨੂੰ ਦਿੱਲੀ ਦੀਆ ਬਰੂਹਾਂ ‘ਤੇ ਲੜੇ ਗਏ ਅੰਦੋਲਨ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਪਰ ਆਖਰ ਮੋਦੀ ਸਰਕਾਰ ਨੂੰ ਝੁਕਣਾ ਹੀ ਪਿਆ। ਮੌਜੂਦਾ ਸਥਿਤੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਆਮ ਆਦਮੀ ਪਾਰਟੀ ਵਲੋਂ ਵੀ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਖਾਸਤੌਰ ‘ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ‘ਚ ਆਮ ਆਦਮੀ ਦੀ ਸਰਕਾਰ ਬਣਨ ਬਾਅਦ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ। ਫਸਲਾਂ ਦੀ ਐਮਐਸਪੀ, ਕਰਜ਼ਾ ਮੁਆਫੀ ਅਤੇ ਕਿਸਾਨੀ ਨਾਲ ਜੁੜੇ ਬਕਾਇਆ ਮਾਮਲਿਆਂ ਦੇ ਹੱਲ ਬਾਰੇ ਵਾਅਦੇ ਕੀਤੇ ਗਏ ਸਨ। ਹੁਣ ਜਦੋਂਕਿ 7 ਮਹੀਨਿਆਂ ਦਾ ਸਮਾਂ ਨਿੱਕਲ ਗਿਆ ਹੈ ਤਾਂ ਕਿਸਾਨ ਮਾਨ ਸਰਕਾਰ ਨੂੰ ਕੀਤੇ ਵਾਅਦਿਆਂ ਦਾ ਚੇਤਾ ਕਰਵਾ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਮੀਡੀਆ ‘ਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ 7 ਮਹੀਨੇ ਬਨਾਮ 70 ਸਾਲ ਦੀ ਤੁਲਨਾ ਕੀਤੀ ਜਾ ਰਹੀ ਹੈ। ਅੱਜ ਵੀ ਜੇਕਰ ਆਪਾਂ ਵੱਡੇ ਇਸ਼ਤਿਹਾਰ ਦੀ ਗੱਲ ਕਰੀਏ ਤਾਂ 7 ਮਹੀਨੇ ਬਨਾਮ 70 ਸਾਲ ਇਸ਼ਤਿਹਾਰ ਦੇ ਕੇ ਕਿਹਾ ਗਿਆ ਹੈ ਕਿ ਗੰਨਾਂ ਕਿਸਾਨਾਂ ਦਾ ਮਾਣ ਕਰਦਿਆਂ ਅਦਾਇਗੀਆਂ ਦਾ ਭੁਗਤਾਨ ਕੀਤਾ ਗਿਆ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮਾਲਵੇ ‘ਚ ਨਰਮੇ ਦ ਫਸਲ ਦੀ ਬਰਬਾਦੀ ਦਾ ਮੁਆਵਜ਼ਾ ਹਾਲੇ ਤੱਕ ਨਹੀਂ ਦਿੱਤਾ ਗਿਆ। ਝੋਨੇ ਦੀ ਸਿੱਧੀ ਬਿਜਾਈ ਲਈ ਮਦਦ ਕਰਨ ਦੇ ਐਲਾਨ ਨੂੰ ਅਜੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ ਜਦੋਂ ਕਿ ਝੋਨੇ ਦੀ ਫਸਲ ਕਟ ਕੇ ਵੀ ਮੰਡੀਆਂ ‘ਚ ਆ ਚੁੱਕੀ ਹੈ। ਜਿੱਥੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਦਾ ਸਬੰਧ ਹੈ ਉਸ ਵਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਲਟਕਾਇਆ ਹੋਇਆ ਹੈ। ਇਹ ਜਰੂਰ ਹੈ ਕਿ 3 ਖੇਤੀ ਕਾਨੂੰਨ ਰੱਦ ਹੋ ਗਏ ਪਰ ਫਸਲਾਂ ਦੀ ਕੀਮਤ ਬਾਰੇ ਕਮੇਟੀ ਬਣਾਉਣ ਸਮੇਤ ਹੋਰ ਮਾਮਲਿਆਂ ‘ਚ ਕਿਸਾਨਾਂ ਦੀ ਰਾਏ ਦੀ ਕੋਈ ਪਰਵਾਹ ਨਹੀਂ ਕੀਤੀ ਗਈ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਹੋਇਆ ਹੈ। ਜਥੇਬੰਦੀ ਵਲੋਂ ਅੱਜ ਇਸ ਘੇਰਾਬੰਦੀ ਨੂੰ ਹੋਰ ਵੀ ਮਜਬੂਤ ਕੀਤਾ ਗਿਆ ਹੈ। ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਹਰ ਰੋਜ਼ ਆਪਣਾ ਰੋਸ ਪ੍ਰਗਟਾਵਾ ਕਰ ਰਹੇ ਹਨ ਪਰ ਅਜੇ ਤੱਕ ਸਰਕਾਰ ਵਲੋਂ ਜਥੇਬੰਦੀ ਦੀਆਂ ਮੰਗਾਂ ਬਾਰੇ ਕੋਈ ਠੋਸ ਫੈਸਲਾ ਨਹੀਂ ਕੀਤਾ ਗਿਆ। ਪਿਛਲੇ ਦਿਨੀਂ ਮੁੱਖ ਮੰਤਰੀ ਮਾਨ ਨਾਲ ਕਿਸਾਨ ਜਥੇਬੰਦੀ ਦੀ ਮੀਟਿੰਗ ਹੋਈ ਸੀ, ਪਰ ਉਹ ਮੀਟਿੰਗ ਵੀ ਬੇਸਿੱਟਾ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਆਪ ਅਤੇ ਭਾਜਪਾ ਦੀਆਂ ਸਰਕਾਰਾਂ ਵਿਚਕਾਰ ਪ੍ਰਾਪਤੀਆਂ ਦੇ ਇਸ਼ਤਿਹਾਰ ਦੇਣ ਦੀ ਦੌੜ ਲੱਗੀ ਹੋਈ ਹੈ, ਪਰ ਅਮਲੀ ਤੌਰ ‘ਤੇ ਲੋਕਾਂ ਦੇ ਮਸਲੇ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਦੀਵਾਲੀ ਤੋਂ 2 ਦਿਨ ਪਹਿਲਾਂ ਮਾਨ ਸਰਕਾਰ ਵਲੋਂ ਭਲਕੇ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਕੀਤੀ ਜਾ ਰਹੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਮਾਨ ਸਰਕਾਰ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਤੋਹਫਾ ਦੇ ਕੇ ਘਰਾਂ ਨੂੰ ਤੋਰੇਗੀ ਤਾਂ ਜੋ ਇਸ ਵਾਰ ਦੀਵਾਲੀ ਕਿਸਾਨ ਆਪਣੇ ਪਰਿਵਾਰਾਂ ਨਾਲ ਮਨਾ ਸਕਣ।

- Advertisement -

Share this Article
Leave a comment