ਮਮਤਾ ਬੈਨਰਜੀ ਦਾ ਦਿੱਲੀ ਦੌਰਾ : ਕੀ ‘ਸੱਚੇ ਦਿਨ’ ਆਉਣਗੇ ?

TeamGlobalPunjab
4 Min Read

-ਅਵਤਾਰ ਸਿੰਘ;

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਮੁੱਖ ਮੰਤਰੀ ਬਣਨ ਤੋਂ ਬਾਅਦ ਹਾਲ ਹੀ ਵਿੱਚ ਪਹਿਲੀ ਵਾਰ ਦਿੱਲੀ ਵਿੱਚ ਪਹੁੰਚੀ ਹੈ। ਰਾਜਧਾਨੀ ਦਿੱਲੀ ਵਿੱਚ ਉਨ੍ਹਾਂ ਦਾ ਇਹ ਦੌਰਾ ਕਈ ਤਰ੍ਹਾਂ ਦੀਆਂ ਸਿਆਸੀ ਸੰਭਾਵਨਾਵਾਂ ਪੈਦਾ ਕਰਨ ਵਾਲਾ ਜਾਪਦਾ ਹੈ। ਇਸ ਦੌਰਾਨ ਉਸ ਨੇ ਪ੍ਰਧਾਨ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ। ਬੀਤੇ ਮੰਗਲਵਾਰ ਨੂੰ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਕੱਲ੍ਹ ਸੰਸਦ ਵਿੱਚ ਵਿਰੋਧੀ ਧਿਰਾਂ ਵਲੋਂ ਕੀਤੀ ਜਾ ਰਹੀ ਮੰਗ ਸੰਬੰਧੀ ਮੁਲਾਕਾਤ ਕੀਤੀ ਜਿਸ ਵਿੱਚ ਸਾਫ਼ਟਵੇਅਰ ਪੈਗਾਸਸ ਵਰਤਣ ਬਾਰੇ ਕਿਹਾ ਕਿ ਇਸ ਲਈ ਸਭ ਪਾਰਟੀਆਂ ਦੀ ਮੀਟਿੰਗ ਬੁਲਾਈ ਜਾਵੇ।

ਦੇਸ਼ ਵਿੱਚ ਚੱਲ ਰਹੇ ਮਾਹੌਲ ਦੇ ਮੱਦੇਨਜ਼ਰ ਮਮਤਾ ਬੈਨਰਜੀ ਦਾ ਦਿੱਲੀ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮਮਤਾ ਬੈਨਰਜੀ ਨੇ ਦੂਜੇ ਦਿਨ ਬੁੱਧਵਾਰ ਨੂੰ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ। ਇਸ ਵਿਚ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੂੰ ਇਕਮੁੱਠ ਅਤੇ ਇਕਜੁੱਟ ਹੋਣ ਲਈ ਕਿਹਾ। ਮੀਡੀਆ ਰਿਪੋਰਟਾਂ ਮੁਤਾਬਿਕ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਮੀਟਿੰਗ ਬਹੁਤ ਵਧੀਆ ਮਾਹੌਲ ਵਿੱਚ ਹੋਈ ਅਤੇ ਇਸ ਦੇ ਆਉਣ ਵਾਲੇ ਸਮੇਂ ਵਿੱਚ ਚੰਗੇ ਸਿੱਟੇ ਨਿਕਲਣ ਦੀ ਆਸ ਬੱਝੀ ਅਤੇ ਸੱਚੇ ਦਿਨ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ।

- Advertisement -

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਨੇ ਜਿਸ ਮਾਹੌਲ ਵਿੱਚ ਕੇਂਦਰ ਦੀ ਸੱਤਾ ਧਿਰ ਨੂੰ ਮਾਤ ਦੇ ਕੇ ਜਿੱਤ ਹਾਸਿਲ ਕੀਤੀ ਉਸ ਤੋਂ ਬਾਅਦ ਉਸ ਦੀ ਸਿਆਸੀ ਛੱਬੀ ਹੋਰ ਉਭਰੀ ਹੈ। ਇਥੇ ਚੇਤੇ ਕਰਵਾਇਆ ਜਾਂਦਾ ਹੈ ਕਿ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਆਪਣੀ ਸਾਰੀ ਰਾਜਨੀਤਿਕ ਅਤੇ ਸਰਕਾਰੀ ਸ਼ਕਤੀ ਝੋਕ ਦਿੱਤੀ ਸੀ। ਕਮਜ਼ੋਰ ਲੀਡਰ ਦਾ ਇਸ ਸਾਹਮਣੇ ਟਿਕਣਾ ਮੁਸ਼ਕਿਲ ਹੋ ਗਿਆ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਪੂਰਾ ਭਰੋਸਾ ਹੋ ਗਿਆ ਸੀ ਕਿ ਨਤੀਜੇ ਉਨ੍ਹਾਂ ਦੇ ਹੱਕ ਵਿੱਚ ਹੀ ਆਉਣਗੇ ਪਰ ਜਿੱਤ ਮਮਤਾ ਬੈਨਰਜੀ ਦੀ ਹੋਈ। ਇਨ੍ਹਾਂ ਚੋਣਾਂ ਵਿਚ ਮਮਤਾ ਖਿਲਾਫ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਜਾਂਦੇ ਰਹੇ ਪਰ ਨਤੀਜੇ ਉਲਟ ਆਏ।

ਦਿੱਲੀ ਦੌਰੇ ਦੌਰਾਨ ਮਮਤਾ ਵਲੋਂ ਐੱਨਸੀਪੀ ਮੁਖੀ ਸ਼ਰਦ ਪਵਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,  ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਵੀ ਕੀਤੀਆਂ ਗਈਆਂ ਮੁਲਾਕਾਤਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਏਕਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

ਮੀਡੀਆ ਵਿੱਚ ਕੁਝ ਸਮਾਂ ਪਹਿਲਾਂ ਸ਼ਰਦ ਪਵਾਰ ਨੇ ਵੀ ਕਿਹਾ ਸੀ ਕਿ ਕਾਂਗਰਸ ਪਾਰਟੀ ਦੀ ਸ਼ਮੂਲੀਅਤ ਤੋਂ ਬਿਨਾ ਵਿਰੋਧੀ ਪਾਰਟੀਆਂ ਦਾ ਇਕਮੁੱਠ ਅਤੇ ਇਕਜੁੱਟ ਹੋਣਾ ਸੰਭਵ ਨਹੀਂ ਹੈ। ਇਸ ਦਾ ਕਾਰਨ ਹੈ ਕਿ ਕਾਂਗਰਸ ਪਾਰਟੀ ਪੰਜਾਬ, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਸੱਤਾ ਵਿਚ ਹੈ। ਇਸੇ ਤਰ੍ਹਾਂ ਮਹਾਰਾਸ਼ਟਰ, ਝਾਰਖੰਡ ਅਤੇ ਤਾਮਿਲਨਾਡੂ ਰਾਜਾਂ ਵਿਚ ਸੱਤਾ ਵਿਚ ਭਾਈਵਾਲ ਹੈ। ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਤੋੜਨ ਵਿਚ ਸਿੰਧੀਆ ਅਤੇ ਭਾਜਪਾ ਦਾ ਹੱਥ ਰਿਹਾ ਹੈ। ਇੰਜ ਹੀ ਕਰਨਾਟਕ ਵਿਚ ਜਨਤਾ ਦਲ (ਸੈਕੂਲਰ) ਅਤੇ ਕਾਂਗਰਸ ਸਰਕਾਰ ਤੋੜਨ ਲਈ ਭਾਜਪਾ ਨੇ ਕਈ ਹੱਥਕੰਡੇ ਵਰਤੇ। ਇਸ ਤਰ੍ਹਾਂ ਗੋਆ, ਮੇਘਾਲਿਆ ਅਤੇ ਹੋਰ ਸੂਬਿਆਂ ਵਿਚ ਵੀ ਭਾਜਪਾ ਨੇ ਕਾਂਗਰਸ ਦੀਆਂ ਸਰਕਾਰਾਂ ਨਹੀਂ ਬਣਨ ਦਿੱਤੀਆਂ। ਉੱਤਰ ਪ੍ਰਦੇਸ਼, ਬਿਹਾਰ ਅਤੇ ਕੁਝ ਹੋਰ ਸੂਬਿਆਂ ਵਿਚ ਕਮਜ਼ੋਰ ਹੋਣ ਦੇ ਬਾਵਜੂਦ ਕਾਂਗਰਸ ਦਾ ਪ੍ਰਭਾਵ ਸਾਰੇ ਖੇਤਰਾਂ ਵਿਚ ਚੰਗਾ ਨਜ਼ਰ ਆਉਂਦਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਿਸ ਵੀ ਪ੍ਰਾਂਤ ਵਿੱਚ ਸਿਆਸੀ ਪਾਰਟੀਆਂ ਭਾਜਪਾ ਖਿਲਾਫ ਇਕਮੁੱਠ ਹੋਈਆਂ ਉੱਥੇ ਹੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਉਣ ਵਾਲੀਆਂ 2024 ਦੀਆਂ ਸੰਸਦ ਚੋਣਾਂ ਵਿਚ ਇਸ ਤਰ੍ਹਾਂ ਦੀ ਇਕਜੁਟਤਾ ਅਤੇ ਰੀਜਨਲ ਪਾਰਟੀਆਂ ਦੀ ਭੂਮਿਕਾ ਮਮਤਾ ਬੈਨਰਜੀ ਦਾ ਸੁਫਨਾ ‘ਸੱਚੇ ਦਿਨ’ ਲਿਆ ਸਕਦੀਆਂ ਹਨ।

Share this Article
Leave a comment