Shabad Vichaar 70 – ਸਲੋਕ ੩੫ ਤੇ ੩੮ ਦੀ ਵਿਚਾਰ

TeamGlobalPunjab
4 Min Read

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -70

ਸਲੋਕ ੩੫ ਤੇ ੩੮ ਦੀ ਵਿਚਾਰ

ਡਾ. ਗੁਰਦੇਵ ਸਿੰਘ*

ਜੀਵਨ ਦੀਆਂ ਵੱਧ ਵੱਧ ਤੋਂ ਤਿੰਨ ਅਵਸਥਾਵਾਂ ਬਾਲਪਨ, ਜੁਆਨੀ ਤੇ ਬੁਢਾਪਾ ਹੀ ਹੁੰਦੀਆਂ ਹਨ। ਬੁਢਾਪੇ ਤੋਂ ਬਾਅਦ ਫਿਰ ਜਵਾਨੀ ਜਾਂ ਬਚਪਨ ਨਹੀਂ ਆਉਂਦਾ। ਬੁਢਾਪਾ ਜੀਵਨ ਦਾ ਅੰਤਿਮ ਪੜਾਅ ਹੀ ਹੁੰਦਾ ਹੈ ਇਸ ਤੋਂ ਬਾਅਦ ਜੀਵਨ ਦੀ ਪਾਰੀ ਖਤਮ। ਇਹ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਜੀਵਨ ਦੇ ਇਹ ਤਿੰਨੇ ਪੜਾਅ ਦੇਖ ਸਕੇ। ਪਤਾ ਨਹੀਂ ਕਦੋਂ ਜੀਵਨ ਦੀ ਇਹ ਪਾਰੀ ਕਿਸ ਪੜਾਅ ਵਿੱਚ ਖਤਮ ਹੋ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਪਰ ਇੱਕ ਗੱਲ ਹੈ ਜੇ ਜੀਵਨ ਦੇ ਸ਼ੁਰੂ ਵਿੱਚ ਹੀ ਉਸ ਪ੍ਰਮਾਤਮਾ ਦੇ ਲੜ ਲੱਗ ਗਏ ਤਾਂ ਜੀਵਨ ਵਿਆਰਥ ਹੋਣ ਦਾ ਡਰ ਖਤਮ ਹੋ ਜਾਵੇਗਾ।

ਨੌਵੇਂ ਮਹਲੇ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਲੜੀ ਅਧੀਨ ਅਸੀਂ ਅੱਜ ਨੌਵੇਂ ਮਹਲੇ ਦੇ 57 ਸਲੋਕਾਂ ਵਿਚਲੇ 35 ਤੋਂ 38 ਤਕ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਨ੍ਹਾਂ ਸਲੋਕਾਂ ਵਿੱਚ ਗੁਰੂ ਜੀ ਮਨੁੱਖ ਨੂੰ ਮਾਇਆ ਦੇ ਮੋਹ ਵਿਚੋਂ ਨਿਕਲ ਕੇ ਜੀਵਨ ਸੰਭਾਲਣ ਦਾ ਉਪਦੇਸ਼ ਦੇ ਰਹੇ ਹਨ:

- Advertisement -

ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥

ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥

ਹੇ ਨਾਨਕ! ਆਖ– (ਹੇ ਭਾਈ!) ਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ = (ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ)। (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ।35।

 ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥

ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥

- Advertisement -

ਹੇ ਨਾਨਕ! (ਆਖ– ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਰਹੇ ਹੇ ਮਨੁੱਖ! ਜੋ ਕੁਝ ਤੂੰ ਕਰਨਾ ਸੀ, ਉਹ ਤੂੰ ਨਾਹ ਕੀਤਾ (ਸਾਰੀ ਉਮਰ) ਤੂੰ ਲੋਭ ਦੀ ਫਾਹੀ ਵਿਚ (ਹੀ) ਫਸਿਆ ਰਿਹਾ। (ਜ਼ਿੰਦਗੀ ਦਾ ਸਾਰਾ) ਸਮਾ (ਇਸੇ ਤਰ੍ਹਾਂ ਹੀ) ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈਂ? (ਹੁਣ ਪਛੁਤਾਣ ਦਾ ਕੀ ਲਾਭ?) ।36।

 ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥

ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥੩੭॥

ਹੇ ਨਾਨਕ! (ਆਖ-) ਹੇ ਮਿੱਤਰ! ਜਿਵੇਂ (ਕੰਧ ਉਤੇ ਕਿਸੇ) ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ, ਤਿਵੇਂ ਜਿਹੜਾ ਮਨ ਮਾਇਆ (ਦੇ ਮੋਹ) ਵਿਚ ਫਸ ਜਾਂਦਾ ਹੈ, (ਉਹ ਇਸ ਮੋਹ ਵਿਚੋਂ ਆਪਣੇ ਆਪ) ਨਹੀਂ ਨਿਕਲ ਸਕਦਾ।37।

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥

ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥ 

ਹੇ ਨਾਨਕ! (ਆਖ-) ਹੇ ਭਾਈ! (ਮਾਇਆ ਦੇ ਮੋਹ ਵਿਚ ਫਸ ਕੇ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਭਾਵ, ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ। (ਪਰ ਕਰਤਾਰ ਦੀ ਰਜ਼ਾ ਵਿਚ) ਹੋਰ ਦੀ ਹੋਰ ਹੋ ਜਾਂਦੀ ਹੈ। (ਮਨੁੱਖ ਹੋਰਨਾਂ ਨੂੰ) ਠੱਗਣ ਦੀਆਂ ਸੋਚਾਂ ਸੋਚਦਾ ਹੈ (ਉਤੋਂ ਮੌਤ ਦੀ) ਫਾਹੀ ਗਲ ਵਿਚ ਆ ਪੈਂਦੀ ਹੈ।38।

ਨੌਵੇਂ ਪਾਤਸ਼ਾਹ ਉਕਤ ਸਲੋਕਾਂ ਵਿੱਚ ਮਨੁੱਖ ਨੂੰ ਸਮਝਾਉਣਾ ਕਰ ਰਹੇ ਹਨ ਕਿ ਹੇ ਭਾਈ ਜੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਤਾਂ ਇਹ ਸਮਝ ਲੈ ਕਿ ਜੀਵਨ ਦੀਆਂ ਤਿੰਨੇ ਪੜਾਅ (ਬਾਲਪਨ, ਜਵਾਨੀ ਤੇ ਬੁਢਾਪਾ) ਵਿਆਰਥ ਹਨ। ਮਾਇਆ ਦੇ ਮੋਹ ਵਿੱਚ ਫਸ ਕੇ ਅਕਾਲ ਪੁਰਖ ਦੀ ਯਾਦ ਤੋਂ ਬਿਨਾਂ ਜੀਵਨ ਅਜ਼ਾਈਂ ਗੁਜਾਰਣ ਤੋਂ ਬਾਅਦ ਰੋਣ ਦੀ ਬਜਾਏ ਉਸ ਦੀ ਯਾਦ ਵਿੱਚ ਜੀਵਨ ਬਤੀਤ ਕਰਨਾ ਚਾਹੀਦਾ ਹੈ। ਮਾਇਆ ਦੇ ਮੋਹ ਵਿਚੋਂ ਨਿਕਲ ਕੇ ਉਸ ਅਕਾਲ ਪੁਰਖ ਤੋਂ ਪ੍ਰਭੂ ਸਿਮਰਨ ਦੀ ਦਾਤ ਮੰਗਣੀ ਚਾਹੀਦੀ ਹੈ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ।ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ।ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

 

Share this Article
Leave a comment