ਕਰਤਾ ਸਭੁ ਕੋ ਤੇਰੈ ਜੋਰਿ… *ਡਾ. ਗੁਰਦੇਵ ਸਿੰਘ

TeamGlobalPunjab
6 Min Read

 

ਸ਼ਬਦ ਵਿਚਾਰ -132

ਕਰਤਾ ਸਭੁ ਕੋ ਤੇਰੈ ਜੋਰਿ …

*ਡਾ. ਗੁਰਦੇਵ ਸਿੰਘ

ਸੰਸਾਰ ਵਿੱਚ ਮਨੁੱਖ ਹਮੇਸ਼ਾਂ ਵੱਧ ਵੱਧ ਤੋਂ ਸ਼ਕਤੀ ਹਾਸਲ ਕਰਨ ਕੀ ਦੌੜ ਵਿੱਚ ਰਹਿੰਦਾ ਹੈ। ਵੱਧ ਧੰਨ ਇੱਕਠਾ ਕਰਨਾ, ਵੱਧ ਤਾਕਤ ਇੱਕਠੀ ਕਰਨਾ ਇਹ ਹੀ ਮਨੁੱਖ ਦਾ ਟੀਚਾ ਰਹਿੰਦਾ ਹੈ। ਪਰ ਗੁਰਬਾਣੀ ਸਾਡਾ ਮਾਰਗ ਦਰਸਨ ਕਰਦੇ ਹੋਏ ਇੱਕ ਅਜਿਹੇ ਸ਼ਕਤੀ ਦੇ ਨਾਲ ਜੋੜਦੀ ਹੈ ਜਿਸ ਦੇ ਨਾਲ ਮਨੁੱਖ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਕਰਤਾ ਸਭੁ ਕੋ ਤੇਰੈ ਜੋਰਿ …” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 17 ‘ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ ਦਸਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਅਜਿਹੀ ਸ਼ਕਤੀ ਲੜ ਲਗਣ ਦਾ ਉਪਦੇਸ਼ ਦੇ ਰਹੇ ਹਨ ਜਿਸ ਦੇ ਹੱਥ ਵਸ ਹੀ ਸਾਰਾ ਕੁਝ ਹੈ:

- Advertisement -

ਸਿਰੀਰਾਗੁ ਮਹਲਾ ੧ ॥

ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥

ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥

ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥

ਪਦ ਅਰਥ: ਗਲਿ = ਗਲ ਨਾਲ। ਅੰਕਿ = ਅੰਕ ਵਿਚ, ਜੱਫੀ ਵਿਚ। ਭੈਣੇ ਸਹੇਲੜੀਆਹ = ਹੇ ਭੈਣੋ! ਹੇ ਸਹੇਲੀਹੋ! ਕਰਹ = ਆਓ ਅਸੀਂ ਕਰੀਏ। ਸੰਮ੍ਰਥ = ਸਭ ਤਾਕਤਾਂ ਵਾਲਾ। ਸਭਿ = ਸਾਰੇ। ਅਸਾਹ = ਸਾਡੇ ਹੀ।1।

- Advertisement -

ਅਰਥ: ਹੇ ਸਤ ਸੰਗਣ ਭੈਣੋ ਤੇ ਸਹੇਲੀਹੋ! ਆਓ, ਪਿਆਰ ਨਾਲ (ਸਤ-ਸੰਗ ਵਿਚ) ਇਕੱਠੀਆਂ ਹੋਵੀਏ, ਸਤਸੰਗ ਵਿਚ ਮਿਲ ਕੇ ਉਸ ਖਸਮ-ਪ੍ਰਭੂ ਦੀਆਂ ਗੱਲਾਂ ਕਰੀਏ ਜੋ ਸਾਰੀਆਂ ਤਾਕਤਾਂ ਵਾਲਾ ਹੈ। (ਹੇ ਸਹੇਲੀਹੋ!) ਉਸ ਸਦਾ-ਥਿਰ ਮਾਲਕ ਵਿਚ ਸਾਰੇ ਗੁਣ ਹੀ ਗੁਣ ਹਨ (ਉਸ ਤੋਂ ਵਿੱਛੁੜ ਕੇ ਹੀ) ਸਾਰੇ ਔਗੁਣ ਸਾਡੇ ਵਿਚ ਆ ਜਾਂਦੇ ਹਨ।1।

ਕਰਤਾ ਸਭੁ ਕੋ ਤੇਰੈ ਜੋਰਿ ॥ ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ ॥

ਕਰਤਾ = ਹੇ ਕਰਤਾਰ! ਸਭੁ ਕੋ = ਹਰੇਕ ਜੀਵ। ਤੇਰੈ ਜੋਰਿ = ਤੇਰੇ ਜ਼ੋਰ ਵਿਚ, ਤੇਰੇ ਹੁਕਮ ਵਿਚ। ਏਕੁ ਸਬਦੁ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਕਿਆ = ਕੀਹ (ਵਿਗਾੜ ਸਕਦੇ ਹਨ) ?1। ਰਹਾਉ।

ਹੇ ਕਰਤਾਰ! ਹਰੇਕ ਜੀਵ ਤੇਰੇ ਹੁਕਮ ਵਿਚ (ਹੀ ਤੁਰ ਸਕਦਾ ਹੈ) । ਜਦੋਂ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ (ਤਾਂ ਇਹ ਸਮਝ ਪੈਂਦੀ ਹੈ ਕਿ) ਜਦੋਂ ਤੂੰ (ਸਾਡੇ ਸਿਰ ਉੱਤੇ ਰਾਖਾ) ਹੈਂ, ਤਾਂ ਹੋਰ ਕੋਈ ਸਾਡਾ ਕੀਹ ਵਿਗਾੜ ਸਕਦੇ ਹਨ।1। ਰਹਾਉ।

ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥

ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥

ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥

ਜਾਇ = ਜਾ ਕੇ। ਰਾਵਿਆ = ਮਾਣਿਆ, ਮਿਲਾਪ ਹਾਸਲ ਕੀਤਾ। ਗੁਣੀ = ਗੁਣਾਂ ਨਾਲ। ਸਹਜਿ = ਸਹਜ ਨਾਲ, ਅਡੋਲ ਅਵਸਥਾ ਨਾਲ। ਰੀਸਾਲੂ = ਸੁੰਦਰ ਰਸ ਦਾ ਘਰ, ਆਨੰਦ ਦਾਤਾ।2।

(ਹੇ ਸਤਸੰਗਣ ਭੈਣੋ! ਬੇ-ਸ਼ੱਕ) ਜਾ ਕੇ ਸੁਹਾਗਣ (ਜੀਵ-ਇਸਤ੍ਰੀਆਂ) ਨੂੰ ਪੁੱਛ ਲਵੋ ਕਿ ਤੁਸਾਂ ਕਿਨ੍ਹਾਂ ਗੁਣਾਂ ਦੀ ਰਾਹੀਂ ਪ੍ਰਭੂ-ਮਿਲਾਪ ਹਾਸਲ ਕੀਤਾ ਹੈ, ਉਥੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸਿੰਗਾਰੀਆਂ ਹੋਈਆਂ ਹਨ (ਤਾਹੀਏਂ ਉਹਨਾਂ ਨੂੰ ਮਿਲ ਪਿਆ) । ਉਹ ਆਨੰਦ-ਦਾਤਾ ਪ੍ਰਭੂ-ਪਤੀ ਤਦੋਂ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਜਾਏ (ਤੇ ਸੰਤੋਖ ਮਿਠ-ਬੋਲਾ-ਪਨ ਆਦਿਕ ਗੁਣ ਧਾਰੇ ਜਾਣ) ।2।

ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥

ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥

ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥

ਕੁਦਰਤੀ = ਕੁਦਰਤਾਂ। ਦਾਤਿ = ਦਾਤਾਂ। ਕੇਤੇ = ਬੇਅੰਤ। ਜਾਤਿ ਅਜਾਤਿ = ਉੱਚੀਆਂ ਜਾਤਾਂ ਤੇ ਨੀਵੀਆਂ ਜਾਤਾਂ ਦੇ ਜੀਵ।3।

ਹੇ ਪ੍ਰਭੂ! ਤੇਰੀਆਂ ਬੇਅੰਤ ਤਾਕਤਾਂ ਹਨ, ਤੇਰੀਆਂ ਬੇਅੰਤ ਬਖ਼ਸ਼ਸ਼ਾਂ ਹਨ। ਬੇਅੰਤ ਜੀਵ ਦਿਨ ਰਾਤ ਤੇਰੀਆਂ ਸਿਫ਼ਤਾਂ ਕਰ ਰਹੇ ਹਨ। ਤੇਰੇ ਬੇਅੰਤ ਹੀ ਰੂਪ ਰੰਗ ਹਨ, ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ, ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਵਿਚ ਹਨ।3।

ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥

ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥

ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥

ਸਾਚਿ = ਸੱਚ ਦੀ ਰਾਹੀਂ, ਸਿਮਰਨ ਦੇ ਰਾਹੀਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ। ਭਉ ਖਾਇ = ਦੁਨੀਆ ਵਾਲਾ ਸਹਮ-ਡਰ ਮੁਕਾ ਲੈਂਦਾ ਹੈ।

ਹੇ ਨਾਨਕ! ਜੇ ਮਨੁੱਖ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਰਹੇ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ, ਉਸ ਦੀ ਸੁਰਤਿ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ, (ਪ੍ਰਭੂ ਦੇ ਦਰ ਤੇ) ਉਸ ਨੂੰ ਆਦਰ ਮਿਲਦਾ ਹੈ, ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ ਸੰਸਾਰਕ ਡਰ ਮੁਕਾ ਲੈਂਦਾ ਹੈ, ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਉਸ ਨੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।4।10।

ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਮਰਥ ਹੈ ਉਸ ਦੇ ਨਾਮ ਵਿੱਚ ਜੁੜਨ ਨਾਲ ਉਹ ਮਿਲ ਪੈਂਦਾ ਹੈ ਜਿਸ ਨੂੰ ਵੀ ਉਹ ਮਿਲ ਪੈਂਦਾ ਹੈ ਉਹ ਫਿਰ ਪਰਮ ਅਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Share this Article
Leave a comment