ਸ਼ਬਦ ਵਿਚਾਰ 169 -ਵਾਰ ਮਾਝ : ਤੀਜੀ ਪਉੜੀ ਦੇ ਸਲੋਕ

TeamGlobalPunjab
4 Min Read

*ਡਾ. ਗੁਰਦੇਵ ਸਿੰਘ

ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਤੀਜੀ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 139 ‘ਤੇ ਅੰਕਿਤ ਹਨ। ਉਸ ਅਕਾਲ ਪੁਰਖ ਨੂੰ ਮਿਲਣ ਲਈ ਵਿਸ਼ੇਸ਼ ਅੱਖਾਂ, ਕੰਨ, ਪੈਰ ਤੇ ਜੀਭ ਦੀ ਲੋੜ ਹੁੰਦੀ ਹੈ। ਦੁਨੀਆਵੀਂ ਅੱਖਾਂ, ਕੰਨਾਂ, ਪੈਰਾਂ, ਜੀਭ ਤੋਂ ਵੀ ਉਸ ਮਿਲਣਾ ਸੰਭਵ ਹੋ ਸਕਦਾ ਹੈ ਪਰ ਕਿਵੇਂ ? ਇਸ ਸੰਬੰਧ ਵਿੱਚ ਗੁਰਬਾਣੀ ਸਾਡਾ ਮਾਰਗ ਰੋਸ਼ਨ ਕਰਦੀ ਹੈ ਕਿਵੇਂ ਬਿਨਾਂ ਪੈਰਾਂ ਤੋਂ ਤੁਰਨਾ ਹੈ, ਕਿਵੇਂ ਬਿਨਾਂ ਅੱਖਾਂ ਤੋਂ ਵੇਖਣਾ ਹੈ, ਕਿਵੇਂ ਬਿਨਾਂ ਕੰਨਾਂ ਤੋਂ ਸੁਨਣਾ ਹੈ ਅਤੇ ਕਿਵੇਂ ਬਿਨਾਂ ਜੀਭ ਤੋਂ ਬੋਲਣਾ ਹੈ:

ਸਲੋਕੁ ਮਃ ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥ ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ 

ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ) , ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ), ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ) , ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ), ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), = ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ। ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ।1।

- Advertisement -

ਮਃ ੨ ॥ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥ ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥ ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥ ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥

ਸਾਉ = ਸੁਆਦ, ਆਨੰਦ। ਰੁਹਲਾ = ਲੂਲ੍ਹਾ, ਪੈਰ-ਹੀਣ। ਟੁੰਡਾ = ਹੱਥ-ਹੀਣ। ਧਾਇ = ਦੌੜ ਕੇ, ਭੱਜ ਕੇ। ਭੈ ਕੇ = (ਪ੍ਰਭੂ ਦੇ) ਡਰ ਦੇ। ਕਰ = ਹੱਥ। ਭਾਵ = ਪਿਆਰ। ਲੋਇਣ = ਅੱਖਾਂ। ਸੁਰਤਿ = ਧਿਆਨ। ਇਵ = ਇਸ ਤਰ੍ਹਾਂ।

(ਪਰਮਾਤਮਾ ਕੁਦਰਤਿ ਵਿਚ ਵੱਸਦਾ) ਦਿੱਸ ਰਿਹਾ ਹੈ, (ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ) ਸੁਣੀ ਜਾ ਰਹੀ ਹੈ, (ਉਸ ਦੇ ਕੰਮਾਂ ਤੋਂ) ਜਾਪ ਰਿਹਾ ਹੈ (ਕਿ ਉਹ ਕੁਦਰਤਿ ਵਿਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ) ਸੁਆਦ (ਜੀਵ ਨੂੰ) ਹਾਸਲ ਨਹੀਂ ਹੁੰਦਾ। (ਇਹ ਕਿਉਂ?) ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ (ਜੀਵ ਦੇ) ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ (ਫਿਰ ਇਹ) ਕਿਵੇਂ ਭੱਜ ਕੇ (ਪ੍ਰਭੂ ਦੇ) ਗਲ ਜਾ ਲੱਗੇ? ਜੇ (ਜੀਵ ਪ੍ਰਭੂ ਦੇ) ਡਰ (ਵਿਚ ਤੁਰਨ) ਨੂੰ (ਆਪਣੇ) ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ (ਪ੍ਰਭੂ ਦੀ) ਯਾਦ (ਵਿਚ ਜੁੜਨ) ਨੂੰ ਅੱਖਾਂ ਬਣਾਏ, ਤਾਂ ਨਾਨਕ ਆਖਦਾ ਹੈ ਹੇ ਸਿਆਣੀ (ਜੀਵ-ਇਸਤ੍ਰੀਏ) ! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ।2।

ਉਕਤ ਸਲੋਕਾਂ ਵਿੱਚ ਗੁਰੂ ਸਾਹਿਬ ਸਾਨੂੰ ਏਹੋ ਜੇਹਾ ਵਿਹਾਰ ਕਰਨ ਦਾ ਉਪਦੇਸ਼ ਦੇ ਰਹੇ ਹਨ ਜਿਸ ਨਾਲ ਅਸੀਂ ਪ੍ਰਭੂ ਨੂੰ ਪਾ ਸਕਦੇ ਹਾਂ। ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਪ੍ਰਭੂ ਦੇ ਡਰ ਨੂੰ ਪੈਰ ਬਣਾਏ, ਪ੍ਰਭੂ ਦੇ ਪਿਆਰ ਨੂੰ ਹੱਥ ਬਣਾਏ ਤੇ ਪ੍ਰਭੂ ਦੀ ਯਾਦ ਨੂੰ ਅੱਖਾਂ ਬਣਾਏ ਤਾ ਉਸ ਅਕਾਲ ਪੁਰਖ ਨੂੰ ਮਿਲਿਆ ਜਾ ਸਕਦਾ ਹੈ।ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਲੜੀ ਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਮਾਝ ਵਾਰ ਦੀ ਤੀਜੀ ਪਉੜੀ ਦੀ ਵਿਚਾਰ ਕਰਾਂਗੇ। 

*gurdevsinghdr@gmail.com

- Advertisement -
Share this Article
Leave a comment