Shabad Vichaar 47-ਸਾਧੋ ਇਹੁ ਤਨੁ ਮਿਥਿਆ ਜਾਨਉ ॥

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 47ਵੇਂ ਸ਼ਬਦ ਦੀ ਵਿਚਾਰ – Shabad Vichaar -47

ਸਾਧੋ ਇਹੁ ਤਨੁ ਮਿਥਿਆ ਜਾਨਉ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਸੰਸਾਰ ਵਿੱਚ ਕੇਵਲ ਉਸ ਪ੍ਰਮਾਤਮਾ ਦਾ ਨਾਮ ਸੱਚਾ ਹੈ ਜੋ ਕਣ ਵਿੱਚ ਵਸਿਆ ਹੋਇਆ ਹੈ। ਸਾਰਾ ਜਗਤ ਸੁਪਨੇ ਦੀ ਤਰ੍ਹਾਂ ਹੈ ਜੋ ਇੱਕ ਪਲ ਵਿੱਚ ਖਤਮ ਹੋ ਜਾਂਦਾ ਹੈ। ਸੰਸਾਰ ਵਿੱਚ ਜਿਸ ਨੂੰ ਮਨੁੱਖ ਮੇਰੀ ਮੇਰੀ ਕਹਿ ਰਿਹਾ ਹੈ ਉਹ ਕੁਝ ਵੀ ਅੰਤ ਸਮੇਂ ਨਾਲ ਨਹੀਂ ਜਾਣਾ ਇਥੋਂ ਤਕ ਜੋ ਇਹ ਪੰਜ ਭੌਤਿਕ ਸਰੀਰ ਹੈ ਇਹ ਵੀ ਖਤਮ ਹੋ ਜਾਣਾ ਹੈ, ਜੇ ਖਤਮ ਨਹੀਂ ਹੁੰਦਾ ਹੈ ਤਾਂ ਉਹ ਹੈ ਉਸ ਪ੍ਰਮਾਤਮਾ ਦਾ ਨਾਮ। ਗੁਰਬਾਣੀ ਸਾਨੂੰ ਇਹ ਹੀ ਉਪਦੇਸ਼ ਦ੍ਰਿੜ ਕਰਵਾਉਂਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 47ਵੇਂ ਸ਼ਬਦ ‘ਸਾਧੋ ਇਹੁ ਤਨੁ ਮਿਥਿਆ ਜਾਨਉ ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1186 ‘ਤੇ ਰਾਗ ਬਸੰਤ ਹਿੰਡੋਲ ਅਧੀਨ ਅੰਕਿਤ ਹੈ।

- Advertisement -

ਬਸੰਤ ਹਿੰਡੋਲ, ਰਾਗ ਬਸੰਤ ਦਾ ਇੱਕ ਪ੍ਰਕਾਰ ਹੈ। ਰਾਗ ਬਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗਾਤਮਕ ਕ੍ਰਮ ਦਾ 25 ਵਾਂ ਰਾਗ ਹੈ। ਇਹ ਇੱਕ ਮੌਸਮੀ ਰਾਗ ਹੈ। ਬਸੰਤ ਦੀ ਪਉੜੀ ਤੇ ਬਸੰਤ ਦੀ ਕੀਰਤਨ ਚਉਂਕੀ ਦੀ ਸਿੱਖ ਸੰਗੀਤ ਵਿੱਚ ਆਪਣੀ ਗਾਇਨ ਪਰੰਪਰਾ ਹੈ। ਗੁਰੂ ਘਰ ਦੇ ਕੀਰਤਨੀਏ ਬਸੰਤ ਰੁਤ ਵਿੱਚ ਇਸ ਰਾਗ ਦਾ ਵਿਸ਼ੇਸ਼ ਰੂਪ ਵਿੱਚ ਗਾਇਨ ਕਰਦੇ ਹਨ। ਇਸ ਰਾਗ ਬਾਰੇ ਹੋਰ ਵਿਸਥਾਰ ਨਾਲ ਜਾਨਣ ਸਬੰਧੀ ਐਤਵਾਰ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ‘ਤੇ ਅਧਾਰਿਤ ਪ੍ਰਕਾਸ਼ਿਤ ਹੁੰਦੇ ਲੇਖਾਂ ਦੀ ਲੜੀ ਨਾਲ ਜੁੜੋ। ਇਸ ਲੜੀ ਵਿੱਚ ਗੁਰਮਤਿ ਸੰਗੀਤ ਦੇ ਮਹਾਨ ਵਿਦਵਾਨ ਡਾ. ਗੁਰਨਾਮ ਸਿੰਘ ਦੇ ਲੇਖ ਨਿਰੰਤਰ ਪ੍ਰਕਾਸ਼ਿਤ ਹੁੰਦੇ ਹਨ।

ਬਸੰਤ ਰਾਗ ਵਿੱਚ ਸਾਹਿਬ ਨੌਵੇਂ ਪਾਤਸ਼ਾਹ ਦੇ ਪੰਜ ਸ਼ਬਦ ਦਰਜ ਹਨ। ਇਸ ਰਾਗ ਵਿੱਚ ਨੌਵੇਂ ਮਹਲੇ ਦੇ ਪਹਿਲੇ ਸ਼ਬਦ ਵਿੱਚ ਗੁਰੂ ਜੀ ਸਰਬ ਨਿਵਾਸੀ ਵਾਹਿਗੁਰੂ ਨੂੰ ਸਿਮਰਨ ਦਾ ਉਪਦੇਸ਼ ਦੇ ਰਹੇ ਹਨ।

ੴ ਸਤਿਗੁਰ ਪ੍ਰਸਾਦਿ॥ ਰਾਗੁ ਬਸੰਤੁ ਹਿੰਡੋਲ ਮਹਲਾ ੯॥

ਸਾਧੋ ਇਹੁ ਤਨੁ ਮਿਥਿਆ ਜਾਨਉ ॥

ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ਰਹਾਉ॥

- Advertisement -

ਹੇ ਸੰਤ ਜਨੋ! ਇਸ ਸਰੀਰ ਨੂੰ ਨਾਸਵੰਤ ਸਮਝੋ। ਇਸ ਸਰੀਰ ਵਿਚ ਜਿਹੜਾ ਪਦਾਰਥ ਵੱਸ ਰਿਹਾ ਹੈ, (ਸਿਰਫ਼) ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਣੋ।1। ਰਹਾਉ।

ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥

ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥

ਹੇ ਭਾਈ! ਇਹ ਜਗਤ ਉਸ ਧਨ-ਸਮਾਨ ਹੀ ਹੈ ਜਿਹੜਾ ਸੁਪਨੇ ਵਿਚ ਲੱਭ ਲਈਦਾ ਹੈ (ਤੇ, ਜਾਗਦਿਆਂ ਹੀ ਖ਼ਤਮ ਹੋ ਜਾਂਦਾ ਹੈ) (ਇਸ ਜਗਤ ਨੂੰ ਧਨ ਨੂੰ) ਵੇਖ ਕੇ ਕਿਉਂ ਅਹੰਕਾਰ ਕਰਦਾ ਹੈਂ? ਇਥੋਂ ਕੋਈ ਭੀ ਚੀਜ਼ (ਅੰਤ ਸਮੇਂ) ਤੇਰੇ ਨਾਲ ਨਹੀਂ ਜਾ ਸਕਦੀ। ਫਿਰ ਇਸ ਨਾਲ ਕਿਉਂ ਚੰਬੜਿਆ ਹੋਇਆ ਹੈਂ?।1।

ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥

ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥ 

ਹੇ ਭਾਈ! ਕਿਸੇ ਦੀ ਖ਼ੁਸ਼ਾਮਦ ਕਿਸੇ ਦੀ ਨਿੰਦਿਆ = ਇਹ ਦੋਵੇਂ ਕੰਮ ਛੱਡ ਦੇ। ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਹਿਰਦੇ ਵਿਚ ਵਸਾਓ। ਹੇ ਦਾਸ ਨਾਨਕ! (ਆਖ– ਹੇ ਭਾਈ!) ਸਿਰਫ਼ ਉਹ ਭਗਵਾਨ ਪੁਰਖ ਹੀ (ਸਲਾਹੁਣ-ਜੋਗ ਹੈ ਜੋ) ਸਭ ਜੀਵਾਂ ਵਿਚ ਵਿਆਪਕ ਹੈ।2।1।

ਨੌਵੇਂ ਪਾਤਸ਼ਾਹ ਇਸ ਸ਼ਬਦ ਵਿੱਚ ਸਾਨੂੰ ਸਮਝਾਉਂਣਾ ਕਰ ਰਹੇ ਹਨ ਕਿ ਇਹ ਸਰੀਰ ਨਾਸ਼ਵਾਨ ਹੈ ਪਰ ਇਸ ਦੇ ਅੰਦਰ ਵੱਸਣ ਵਾਲਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਇਹ ਸੰਸਾਰ ਦਾ ਸਾਰਾ ਪਾਸਾਰਾ ਮਿਥਿਆ ਹੈ ਜੋ ਮਨੁੱਖ ਦੇ ਅੰਤਿਮ ਸਮੇਂ ਨਾਲ ਨਹੀਂ ਜਾਂਦਾ। ਸੰਸਾਰ ਵਿੱਚ ਕਮਾਏ ਧੰਨ ਦਾ ਮਾਣ ਨਹੀਂ ਕਰਨਾ ਚਾਹੀਦਾ ਹੈ। ਖੁਸ਼ਾਮਦ ਤੇ ਨਿੰਦਿਆ ਤੋਂ ਗੁਰੇਜ ਕਰਨਾ ਚਾਹੀਦਾ ਹੈ। ਕੇਵਲ ਉਸ ਪ੍ਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ ਜੋ ਸਭ ਜਗ੍ਹਾ ਵਿਦਮਾਨ ਹੈ।

ਸੋਮਵਾਰ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 48ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment