Shabad Vichaar 37-”ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥’’

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 37ਵੇਂ ਸ਼ਬਦ ਦੀ ਵਿਚਾਰ – Shabad Vichaar -37

ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥  ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਜਾਣਬੁਝ ਕੇ ਮਨੁੱਖ ਉਹ ਕਾਰਜ ਕਰੀ ਜਾ ਰਿਹਾ ਹੈ ਜਿਸ ਕਾਰਨ ਉਸ ਨੂੰ ਪ੍ਰਲੋਕ ਵਿੱਚ ਔਖਾ ਹੋਣਾ ਪੈਣਾ ਹੈ। ਮਨੁੱਖ ਲਾਲਚ ਵਸ ਧਨ ਇੱਕਠਾ ਕਰੀ ਜਾ ਰਿਹਾ ਹੈ, ਇਸ ਇਕੱਤਰ ਕੀਤੀ ਸੰਪਤੀ ਨਾਲ ਮੋਹ ਪਾਈ ਬੈਠਾ ਹੈ । ਇਹ ਬਿਲਕੁੱਲ ਨਹੀਂ ਸੋਚ ਰਿਹਾ ਕਿ ਉਮਰ ਲੰਘਦੀ ਜਾ ਰਹੀ ਹੈ। ਇਹ ਸਭ ਜੋ ਧਨ ਦੋਲਤ ਤੇ ਰਾਜ ਭਾਗ ਜਿਸ ਨਾਲ ਮਨੁੱਖ ਮੋਹ ਲਾਈ ਬੈਠਾ ਹੈ ਇਹ ਸਭ ਇੱਥੇ ਹੀ ਰਹਿ ਜਾਣੇ ਹਨ, ਸਭ ਮਿੱਟੀ ਵਿੱਚ ਹੀ ਮਿਲ ਜਾਣੇ ਹਨ। ਹਰੀ ਜਸ ਜੋ ਹਮਸਾਂ ਸਾਥ ਨਿਭਣ ਵਾਲਾ ਹੈ ਉਹ ਉਸ ਨੂੰ ਸਿਮਰਦਾ ਹੀ ਨਹੀਂ। ਜਾਣਬੁਝ ਕੇ ਭਰਮ ਵਿੱਚ ਵਿਚਰ ਰਿਹਾ ਹੈ। ਗੁਰਬਾਣੀ ਸਾਨੂੰ ਗੁਰ ਉਪਦੇਸ਼ ਦ੍ਰਿੜ ਕਰਵਾਉਂਣ ਲਈ ਸਾਡਾ ਕਦਮ ਕਦਮ ‘ਤੇ ਮਾਰਗ ਦਰਸ਼ਨ ਕਰਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 37ਵੇਂ ਸ਼ਬਦ ‘ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥’ ਦੀ ਵਿਚਾਰ ਕਰਾਂਗੇ।  ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 728 ‘ਤੇ ਰਾਗ ਤਿਲੰਗ ਅਧੀਨ ਅੰਕਿਤ ਹੈ ਜੋ ਕਿ ਇਸ ਰਾਗ ਵਿੱਚ ਨੋਵੇਂ ਮਹਲੇ ਦਾ ਤੀਜਾ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਨੁੱਖ ਨੂੰ ਸਦਾ ਸਦਾ ਸਾਥ ਨਿਭਣ ਵਾਲੇ ਹਰੀ ਪ੍ਰਭੂ ਦੇ ਗੁਣ ਗਾਉਣ ਦਾ ਉਪਦੇਸ਼ ਕਰ ਰਹੇ ਹਨ।

- Advertisement -

ਤਿਲੰਗ ਮਹਲਾ ੯ ॥ ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥

ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ, ਇਹ ਸਿਫ਼ਤਿ-ਸਾਲਾਹ ਹੀ ਤੇਰਾ ਅਸਲੀ ਸਾਥੀ ਹੈ। ਮੇਰਾ ਬਚਨ ਮੰਨ ਲੈ। ਉਮਰ ਦਾ ਸਮਾ ਲੰਘਦਾ ਜਾ ਰਿਹਾ ਹੈ।੧।ਰਹਾਉ।

ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥ ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥

ਹੇ ਮਨ! ਮਨੁੱਖ ਧਨ-ਪਦਾਰਥ, ਰਥ, ਮਾਲ, ਰਾਜ ਨਾਲ ਬੜਾ ਮੋਹ ਕਰਦਾ ਹੈ। ਪਰ ਜਦੋਂ ਮੌਤ ਦੀ ਫਾਹੀ (ਉਸ ਦੇ) ਗਲ ਵਿਚ ਪੈਂਦੀ ਹੈ, ਹਰੇਕ ਚੀਜ਼ ਬਿਗਾਨੀ ਹੋ ਜਾਂਦੀ ਹੈ।੧।

ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥ ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥

- Advertisement -

ਹੇ ਝੱਲੇ ਮਨੁੱਖ! ਇਹ ਸਭ ਕੁਝ ਜਾਣਦਾ ਹੋਇਆ ਸਮਝਦਾ ਹੋਇਆ ਭੀ ਤੂੰ ਆਪਣਾ ਕੰਮ ਵਿਗਾੜ ਰਿਹਾ ਹੈਂ। ਤੂੰ ਪਾਪ ਕਰਦਾ (ਕਦੇ) ਸੰਗਦਾ ਨਹੀਂ, ਤੂੰ (ਇਸ ਧਨ-ਪਦਾਰਥ ਦਾ) ਮਾਣ ਭੀ ਦੂਰ ਨਹੀਂ ਕਰਦਾ।੨।

ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥ ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥ 

ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ-ਹੇ ਭਾਈ! ਗੁਰੂ ਨੇ (ਮੈਨੂੰ) ਜਿਸ ਤਰ੍ਹਾਂ ਉਪਦੇਸ਼ ਕੀਤਾ ਹੈ, ਉਹ (ਤੂੰ ਭੀ) ਸੁਣ ਲੈ (ਕਿ) ਪ੍ਰਭੂ ਦੀ ਸਰਨ ਪਿਆ ਰਹੁ (ਸਦਾ ਪ੍ਰਭੂ ਦਾ ਨਾਮ ਜਪਿਆ ਕਰ) ।੩।੩।

ਗੁਰੂ ਤੇਗ ਬਹਾਦਰ ਸਾਹਿਬ ਜੀ ਫੁਰਮਾ ਰਹੇ ਨੇ ਕਿ ਹੇ ਭਾਈ ਤੇਰੀ ਉਮਰ ਲੰਘਦੀ ਹੀ ਜਾ ਰਹੀ ਹੈ। ਧਨ ਪਦਾਰਥਾਂ ਦਾ ਮੋਹ ਛੱਡ ਦੇ ਜਿਨ੍ਹਾਂ ਮਾਇਆ ਰੂਪੀ ਪਦਾਰਥਾਂ ਜਾਂ ਰਿਸ਼ਤਿਆਂ ਨਾਲ ਤੂੰ ਪਿਆਰ ਪਾਇਆ ਹੈ ਜਿਨ੍ਹਾਂ ਤੂੰ ਆਪਣੀਆਂ ਸਮਝ ਰਿਹਾ ਹੈ ਮੌਤ ਦੇ ਆਉਂਣ ‘ਤੇ ਇੱਕ ਛਿਨ ਵਿੱਚ ਪਰਾਈਆਂ ਹੋ ਜਾਣਗੀਆਂ। ਹੇ ਭਾਈ ਤੂੰ ਸਭ ਕੁਝ ਜਾਣਦੇ ਹੋਏ ਆਪਣਾ ਅੱਗਾ ਖਰਾਬ ਕਰੀ ਜਾ ਰਿਹਾ ਹੈ। ਇਸ ਲਈ ਤੂੰ ਆਖੇ ਲੱਗ ਉਸ ਅਕਾਲ ਪੁਰਖ ਦਾ ਨਾਮ ਸਿਮਰਿਆ ਕਰ ਇਹ ਹੀ ਤੇਰਾ ਅਸਲ ਸਾਥੀ ਹੈ।

ਸੋਮਵਾਰ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 38ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment