ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 35ਵੇਂ ਸ਼ਬਦ ਦੀ ਵਿਚਾਰ – Shabad Vichaar -35
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਦਿਨ ਪ੍ਰਤੀ ਦਿਨ ਉਮਰ ਬੀਤਦੀ ਹੀ ਜਾ ਰਹੀ ਹੈ । ਬਚਪਨ ਤੋਂ ਜਵਾਨੀ ਅਤੇ ਜਵਾਨੀ ਤੋਂ ਬੁਢਾਪਾ ਇਹ ਤਿੰਨੇ ਅਵਸਥਾਵਾਂ ਦਾ ਪਤਾ ਹੀ ਨਹੀਂ ਚੱਲਦਾ ਕਦੋਂ ਆਉਂਦੀਆ ਨੇ ਅਤੇ ਕਦੋ ਚਲੇ ਜਾਂਦੀਆਂ ਹਨ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਬੁਢਾਪੇ ਤੋਂ ਬਾਅਦ ਬਚਪਨ ਨਹੀਂ ਆਉਣਾ ਸਗੋਂ ਉਸ ਤੋਂ ਬਾਅਦ ਜੋ ਇਹ ਜੀਵਨ ਮਿਲਿਆ ਹੈ ਉਸ ਨੇ ਕੇਵਲ ਤੇ ਕੇਵਲ ਖਤਮ ਹੀ ਹੋਣਾ ਹੈ। ਸੁਆਸਾਂ ਦਾ ਕੋਈ ਭਰੋਸਾ ਨਹੀਂ ਕਦੋਂ ਨਿਕਲ ਜਾਣੇ ਹਨ। ਇਸ ਲਈ ਜੋ ਦਮ ਪ੍ਰਾਮਤਮਾ ਨੇ ਬਖਸ਼ੇ ਹਨ ਉਨ੍ਹਾਂ ਨੂੰ ਲੇਖੇ ਲਾਉਂਣਾ ਚਾਹੀਦਾ ਹੈ। ਜੋ ਸਮਾਂ ਨਿਕਲ ਗਿਆ ਹੈ ਉਸ ਦੀ ਪ੍ਰਵਾਹ ਕੀਤੇ ਬਿਨਾਂ ਜੋ ਬਚਿਆ ਹੈ ਉਸ ਨੂੰ ਸੰਭਾਲਣਾ ਚਾਹੀਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 34ਵੇਂ ਸ਼ਬਦ ‘ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥ ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 14ਵੇਂ ਰਾਗ ਤਿਲੰਗ ਵਿੱਚ ਅੰਕਿਤ ਹੈ। ਇਸ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਪਹਿਲਾ ਸ਼ਬਦ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ 726 ‘ਤੇ ਅੰਕਿਤ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇ ਰਹੇ ਹਨ।
- Advertisement -
ਤਿਲੰਗ ਮਹਲਾ ੯ ਕਾਫੀ ੴ ਸਤਿਗੁਰ ਪ੍ਰਸਾਦਿ ॥
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥
ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥
ਹੇ ਮਨੁੱਖ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਨਾ ਹੈ, ਤਾਂ ਦਿਨ ਰਾਤ ਇੱਕ ਕਰ ਕੇ ਸਿਮਰਨਾ ਸ਼ੁਰੂ ਕਰ ਦੇ, (ਕਿਉਂਕਿ) ਜਿਵੇਂ ਤ੍ਰੇੜੇ ਹੋਏ ਘੜੇ ਵਿਚੋਂ ਪਾਣੀ (ਸਹਜੇ ਸਹਜੇ ਨਿਕਲਦਾ ਰਹਿੰਦਾ ਹੈ, ਤਿਵੇਂ ਹੀ) ਇਕ ਇਕ ਛਿਨ ਕਰ ਕੇ ਉਮਰ ਬੀਤਦੀ ਜਾ ਰਹੀ ਹੈ।੧।ਰਹਾਉ।
ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥ ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥
- Advertisement -
ਹੇ ਮੂਰਖ! ਹੇ ਬੇ-ਸਮਝ! ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਕਿਉਂ ਨਹੀਂ ਗਾਂਦਾ? ਮਾਇਆ ਦੇ ਝੂਠੇ ਲਾਲਚ ਵਿਚ ਫਸ ਕੇ ਤੂੰ ਮੌਤ ਨੂੰ (ਭੀ) ਚੇਤੇ ਨਹੀਂ ਕਰਦਾ।੧।
ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥ ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥
ਪਰ, ਹੇ ਨਾਨਕ! ਆਖ-ਜੇ ਮਨੁੱਖ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦੇਵੇ (ਭਾਵੇਂ ਸਿਮਰਨ-ਹੀਨਤਾ ਵਿਚ ਕਿਤਨੀ ਭੀ ਉਮਰ ਗੁਜ਼ਰ ਚੁਕੀ ਹੋਵੇ) ਫਿਰ ਭੀ ਕੋਈ ਨੁਕਸਾਨ ਨਹੀਂ ਹੁੰਦਾ, (ਕਿਉਂਕਿ) ਉਸ ਪਰਮਾਤਮਾ ਦੇ ਭਜਨ ਦੀ ਬਰਕਤਿ ਨਾਲ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਕੋਈ ਡਰ ਪੋਹ ਨਹੀਂ ਸਕਦਾ।੨।੧।
ਗੁਰੂ ਤੇਗ ਬਹਾਦਰ ਸਾਹਿਬ ਇਸ ਸ਼ਬਦ ਵਿੱਚ ਉਪਦੇਸ਼ ਰਹੇ ਹਨ ਕਿ ਹੇ ਭਾਈ ਜਿਵੇਂ ਤਿੜਕੇ ਘੜੇ ਵਿਚੋਂ ਪਾਣੀ ਰਿਸਣ ਦੇ ਨਾਲ ਨਿਰੰਤਰ ਘੱਟਦਾ ਜਾਂਦਾ ਹੈ ਉਸੇ ਤਰ੍ਹਾਂ ਇਹ ਉਮਰ ਘੱਟਦੀ ਜਾ ਰਹੀ ਹੈ। ਹੇ ਭਾਈ ਅਜੇ ਵੀ ਸਮਝ ਜਾ ਹੁਣ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪ ਲੈ। ਮਾਇਆ ਦੇ ਝੂਠੇ ਲਾਲਚਾਂ ਵਿਚੋਂ ਬਾਹਰ ਨਿਕਲ। ਭਾਵੇਂ ਉਮਰ ਛੋਟੀ ਹੈ ਜਾਂ ਜਵਾਨ ਹੈ ਜਾਂ ਫਿਰ ਬੁਢਾਪਾ ਆ ਗਿਆ ਹੈ ਬਸ ਜਿਹੜੀ ਉਮਰ ਬਚੀ ਹੈ ਉਸ ਨੂੰ ਦਿਨ ਰਾਤ ਕਰਕੇ ਉਸ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਲਾ ਦੇਣਾ ਚਾਹੀਦਾ ਹੈ। ਕੇਵਲ ਉਸ ਦੇ ਸਿਮਰਨ ਨਾਲ ਹੀ ਜ਼ਿੰਦਗੀ ਦਾ ਅਸਲ ਮਕਸਦ ਪੂਰਾ ਹੋਣਾ ਹੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 36ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥
*gurdevsinghdr@gmail.com