ਵਾਸ਼ਿੰਗਟਨ: ਕੈਂਸਰ ਇੱਕ ਅਜਿਹੀ ਬੀਮਾਰੀ ਹੈ ਜਿਸ ਦੇ ਸਾਹਮਣੇ ਕਈ ਲੋਕ ਜ਼ਿੰਦਗੀ ਹਾਰ ਜਾਂਦੇ ਹਨ ਹਾਲਾਂਕਿ ਪਹਿਲੀ ਸਟੇਜ ‘ਚ ਜਦੋਂ ਇਸ ਰੋਗ ਦਾ ਪਤਾ ਚੱਲ ਜਾਵੇ ਤਾਂ ਬਚਣ ਦੀ ਉਮੀਦ ਹੁੰਦੀ ਹੈ। ਇਸ ਜਾਨਲੇਵਾ ਬੀਮਾਰੀ ਦੀ ਚਪੇਟ ‘ਚ ਆਉਂਦੇ ਹੀ ਸਾਰੇ ਸੁਪਨਿਆਂ ਤੇ ਸ਼ੌਂਕ ਦਾ ਅੰਤ ਹੋ ਜਾਂਦਾ ਹੈ। ਕੁੱਝ ਅਜਿਹਾ ਹੀ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਰਹਿਣ ਵਾਲੇ ਐਲੇਕ ਇਨਗਰਾਮਕੀ ਦੇ ਨਾਲ ਹੋਇਆ। ਕਾਰਾਂ ਦੇ ਸ਼ੌਕੀਨ ਇਸ 14 ਸਾਲਾ ਬੱਚੇ ਦੀ ਪਿਛਲੇ ਹਫ਼ਤੇ ਕੈਂਸਰ ਨਾਲ ਮੌਤ ਹੋ ਗਈ। ਇਸ ਬੱਚੇ ਦੀ ਆਖਰੀ ਇੱਛਾ ਸੀ ਕਿ ਇਸ ਦੀ ਅੰਤਿਮ ਯਾਤਰਾ ਸਪੋਰਟਸ ਕਾਰਾਂ ਦੇ ਨਾਲ ਕੱਢੀ ਜਾਵੇ। ਉਹ ਆਪਣੇ ਇਸ ਸੁਪਨੇ ਨੂੰ ਅਕਸਰ ਸੋਸ਼ਲ ਮੀਡੀਆ ‘ਤੇ ਵੀ ਸਾਂਝਾ ਕਰਦਾ ਰਹਿੰਦਾ ਸੀ।
ਐਲੇਕ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ‘ਸਿਡਨੀਜ਼ ਸੋਲਜਰਸ ਆਲਵੇਜ਼’ ਨਾਮਕ ਇੱਕ ਸੰਗਠਨ ਨੇ ਸਹਾਇਤਾ ਕੀਤੀ। ਇਸ ਸੰਗਠਨ ਦੀ ਸਹਾਇਤਾ ਨਾਲ ਐਲੇਕ ਦੀ ਅੰਤਿਮ ਯਾਤਰਾ ਦੌਰਾਨ 2100 ਤੋਂ ਜ਼ਿਆਦਾ ਸਪੋਰਟਸ ਕਾਰਾਂ ਤੇ 70 ਮੋਟਰਸਾਈਕਲਾਂ ਦੇ ਮਾਲਕ ਕਾਫਲੇ ‘ਚ ਸ਼ਾਮਲ ਹੋਣ ਲਈ ‘ਸਿਕਸ ਫਲੈਗਸ ਸੈਂਟ ਲੁਇਸ’ ਪਾਰਕਿੰਗ ਵਿੱਚ ਇਕੱਠੇ ਹੋਏ ।
ਇਸ ਅੰਤਿਮ ਯਾਤਰਾ ‘ਚ ਸ਼ਾਮਲ ਹੋਣ ਲਈ ਪੂਰੇ ਅਮਰੀਕਾ ਤੋਂ ਲੋਕ ਆਏ ਹੋਏ ਸਨ। ਕੈਲੀਫੋਰਨੀਆ, ਮਿਸ਼ੀਗਨ, ਇੰਡੀਆਨਾ, ਨਿਊਯਾਰਕ ਤੇ ਫਲੋਰਿਡਾ ਤੋਂ ਸਪੋਰਟਸ ਕਾਰ ਦੇ ਜ਼ਿਆਦਾਤਰ ਮਾਲਕ ਆਪਣੀ ਗੱਡੀ ਚਲਾ ਕੇ ਆਏ ਸਨ ਜਦਕਿ ਕੁੱਝ ਨੇ ਡਰਾਈਵਰ ਭੇਜ ਦਿੱਤੇ ਸਨ।
ਖਬਰਾਂ ਮੁਤਾਬਕ ਬੱਚੇ ਦੀ ਆਖਰੀ ਇੱਛਾ ਪੂਰੀ ਕਰਨ ਲਈ ‘ਸਪੋਰਟਸ ਕਾਰਜ਼ ਫਾਰ ਐਲੇਕ’ ਦਾ ਪ੍ਰਬੰਧ ਕੀਤਾ ਗਿਆ ਸੀ। ਸਿਡਨੀਜ਼ ਸੋਲਜਰਸ ਆਲਵੇਜ਼ ਸੰਗਠਨ ਦੇ ਮੁੱਖੀ ਦਾਨਾ ਮੈਨਲੀ ਨੇ ਇਸ ਲਈ ਕਾਰਾਂ ਦੀ ਵਿਵਸਥਾ ਕੀਤੀ ਸੀ । ਮੈਨਲੀ ਦੀ 8 ਸਾਲਾ ਧੀ ਸਿਡਨੀ ਦੀ ਵੀ ਕੈਂਸਰ ਕਾਰਨ ਮੌਤ ਹੋ ਗਈ ਸੀ।
ਮੈਨਲੀ ਕਹਿੰਦੇ ਹਨ ਕਿ ਸਾਡੇ ਸੰਪਰਕ ਵਿੱਚ ਜਿੰਨੇ ਵੀ ਕੈਂਸਰ ਪੀੜਤ ਸਥਾਨਕ ਲੋਕ ਹਨ, ਉਹ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਨ ਤੇ ਇੱਕ-ਦੂੱਜੇ ਦੀ ਸਹਾਇਤਾ ਕਰਦੇ ਹਨ। ਸਾਡੇ ਸੰਗਠਨ ਦੇ ਕੋਲ ਟਰਮੀਨਲ ਬੀਮਾਰੀਆਂ ਨਾਲ ਪੀੜਤ ਬੱਚਿਆਂ ਦੀ ਸੂਚੀ ਹੈ। ਇਸ ਲਈ ਮੈਂ ਐਲੇਕ ਦੇ ਘਰ ਗਿਆ ਸੀ ਅਤੇ ਉਸਦੀ ਮਾਂ ਤੋਂ ਪੁੱਛਿਆ ਸੀ ਕਿ ਐਲੇਕ ਦੀ ਵਿਸ਼ ਕੀ ਹੈ ? ਇਸ ਤੋਂ ਬਾਅਦ ਸਾਡੀ ਅਪੀਲ ‘ਤੇ ਦੇਸ਼ ਭਰ ਤੋਂ ਲੋਕ ਕਾਰ ਲੈ ਕੇ ਮਿਸੌਰੀ ਪੁੱਜਣ ਲੱਗੇ।