ਆਪਣੇ ਸੁੱਖਾਂ ਦੀ ਖਾਤਰ ਹੀ ਸਭ ਨਾਲ ਤੁਰੇ ਫਿਰਦੇ ਹਨ
ਡਾ. ਗੁਰਦੇਵ ਸਿੰਘ
ਅਸੀਂ ਆਮ ਸੁਣਦਾ ਜਾਂ ਆਖਦੇ ਹਾਂ ਕਿ ਮੁਸ਼ਕਲ ਘੜੀ ਵਿੱਚ ਕੋਈ ਨਹੀਂ ਖੜਦਾ। ਸੰਸਾਰ ਵਿੱਚ ਸਕੇ ਸੰਬੰਧੀ ਸਾਰੇ ਹੀ ਇੱਕ ਦੂਜੇ ਨਾਲ ਕਿਸੇ ਨਾ ਕਿਸੇ ਲਾਲਚ ਹਿਤ ਹੀ ਜੁੜੇ ਹੋਏ ਹਨ ਉਹ ਚਾਹੇ ਮਿਤ੍ਰ ਹੋਵੇ ਚਾਹੇ ਘਰ ਦੀ ਇਸਤਰੀ ਭਾਵ ਪਤਨੀ ਹੀ ਕਿਉਂ ਨਾ ਹੋਵੇ। ਸੰਸਾਰ ਦੀ ਇਹੀ ਰੀਤ ਹੈ।
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਅਸੀਂ ਜਿਸ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ ਉਸ ਵਿੱਚ ਨੌਵੇਂ ਪਾਤਸ਼ਾਹ ਰਿਸ਼ਤੇ ਨਾਤਿਆਂ ਨਾਲ ਪਾਈ ਸਾਡੀ ਇਸੇ ਪ੍ਰੀਤ ਦੇ ਭਰਮ ਨੂੰ ਦੂਰ ਕਰ ਰਹੇ ਹਨ। ਅੱਜ ਅਸੀਂ ਜਗਤ ਮੈ ਝੂਠੀ ਦੇਖੀ ਪ੍ਰੀਤਿ॥ ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ॥੧॥ ਸ਼ਬਦ ਦੀ ਵਿਚਾਰ ਕਰਾਂਗੇ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ 13ਵਾਂ ਸ਼ਬਦ ਹੈ। ਦੇਵਗੰਧਾਰੀ ਰਾਗ ਅਧੀਨ ਇਹ ਨੌਵੇਂ ਗੁਰੂ ਜੀ ਦਾ ਤੀਜਾ ਸ਼ਬਦ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 536 ‘ਤੇ ਅੰਕਿਤ ਹੈ।
ਦੇਵਗੰਧਾਰੀ ਮਹਲਾ ੯॥ ਜਗਤ ਮੈ ਝੂਠੀ ਦੇਖੀ ਪ੍ਰੀਤਿ॥
- Advertisement -
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ॥੧॥ਰਹਾਉ॥
ਹੇ ਭਾਈ! ਦੁਨੀਆ ਵਿਚ (ਸਨਬੰਧੀਆਂ ਦਾ) ਪਿਆਰ ਮੈਂ ਝੂਠਾ ਹੀ ਵੇਖਿਆ ਹੈ। ਚਾਹੇ ਇਸਤ੍ਰੀ ਹੈ ਚਾਹੇ ਮਿੱਤਰ ਹਨ-ਸਾਰੇ ਆਪੋ ਆਪਣੇ ਸੁੱਖ ਦੀ ਖ਼ਾਤਰ ਹੀ (ਮਨੁੱਖ ਦੇ) ਨਾਲ ਤੁਰੇ ਫਿਰਦੇ ਹਨ।੧।ਰਹਾਉ।
ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ॥
ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ॥੧॥
ਹੇ ਭਾਈ! ਸਭਨਾਂ ਦਾ) ਚਿੱਤ ਮੋਹ ਨਾਲ ਬੱਝਾ ਹੁੰਦਾ ਹੈ (ਉਸ ਮੋਹ ਦੇ ਕਾਰਨ) ਹਰ ਕੋਈ ਇਹੀ ਆਖਦਾ ਹੈ ‘ਇਹ ਮੇਰਾ ਹੈ, ਇਹ ਮੇਰਾ ਹੈ’। ਪਰ ਅਖ਼ੀਰਲੇ ਵੇਲੇ ਕੋਈ ਭੀ ਸਾਥੀ ਨਹੀਂ ਬਣਦਾ। (ਜਗਤ ਦੀ) ਇਹ ਅਚਰਜ ਮਰਯਾਦਾ ਚਲੀ ਆ ਰਹੀ ਹੈ।੧।
- Advertisement -
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ॥
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ॥੨॥੩॥੬॥੩੮॥੪੭॥
ਹੇ ਮੂਰਖ ਮਨ! ਤੈਨੂੰ ਮੈਂ ਸਦਾ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਤੂੰ ਅਜੇ ਭੀ ਅਕਲ ਨਹੀਂ ਕਰਦਾ। ਹੇ ਨਾਨਕ! ਆਖ-ਹੇ ਭਾਈ!) ਜਦੋਂ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ, ਤਦੋਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।੨।੩।੬।੩੮।੪੭।
ਨੌਵੇਂ ਨਾਨਕ ਇਸ ਉਕਤ ਸ਼ਬਦ ਦੇ ਰਾਹੀਂ ਕ੍ਰਿਪਾ ਕਰਦੇ ਹਨ ਕਿ ਦੁਨੀਆ ਵਿਚ ਹਰ ਕੋਈ ਆਪਣੇ ਸੁੱਖ ਦੀ ਖਾਤਰ ਹੀ ਨਾਲ ਤੁਰੇ ਫਿਰਦੇ ਹਨ। ਹਰ ਕੋਈ ਮੋਹ ਵਸ ਹੋ ਕੇ ਮੇਰਾ ਮੇਰਾ ਕਰੀ ਜਾ ਰਿਹਾ ਹੈ ਪਰ ਅੰਤ ਸਮੇਂ ਮੇਰਾ ਕਦੋਂ ਪਰਾਇਆ ਬਣ ਜਾਂਦਾ ਹੈ ਪਤਾ ਹੀ ਨਹੀਂ ਚਲਦਾ। ਹੇ ਕਮਲਿਆ ਮਨਾ ਤੂੰ ਅਜੇ ਵੀ ਸੰਭਲ ਜਾ। ਇਹ ਜਗਤ ਦੀ ਪ੍ਰੀਤ ਸਭ ਝੂਠੀ ਹੈ। ਕੇਵਲ ਪ੍ਰਮਾਤਮਾ ਦਾ ਨਾਮ ਹੀ ਸੱਚਾ ਹੈ ਜੋ ਹਮੇਸ਼ਾਂ ਸਾਥ ਨਿਭਾਵੇਗਾ। ਇਸ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਉਹੀ ਪ੍ਰਮਾਤਮਾ ਹੈ ਉਸ ਨਾਲ ਹੀ ਪ੍ਰੀਤ ਪਾ ਉਸ ਦਾ ਹੀ ਨਾਮ ਸਿਮਰਿਆ ਕਰ।
ਕੱਲ ਸ਼ਾਮੀ 6 ਵਜੇ ਦੁਬਾਰਾ ਫਿਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 14ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤੇ ਟੀਕੇ ਨੂੰ ਹੀ ਬਣਾਇਆ ਗਿਆ ਹੈ। ਗੁਰਬਾਣੀ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਤੁਹਾਡੇ ਸੁਝਾਅ ਸਾਡਾ ਮਾਰਗ ਦਰਸ਼ਨ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥