ਮੋਹਾਲੀ ਇਨਵੈਸਟਰ ਸਮਿੱਟ ਕਿਵੇਂ ਵੱਖਰਾ ?

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਹਾਲੀ ‘ਚ ਅੱਜ ਦੋ ਰੋਜ਼ਾ ਇਨਵੈਸਟਰ ਸਮਿੱਟ ਨੂੰ ਸੰਬੋਧਨ ਕਰਦਿਆਂ ਦੇਸ਼ ਅਤੇ ਵਿਦੇਸ਼ ਵਿਚੋਂ ਆਏ ਕਾਰੋਬਾਰੀਆਂ ਅਤੇ ਸਨਅਤਕਾਰਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਨਿਵੇਸ਼ ਲਈ ਬਹੁਤ ਉਸਾਰੂ ਸੂਬਾ ਹੈ। ਮੁੱਖ ਮੰਤਰੀ ਦਾ ਦਾਅਵਾ ਹੈ ਕਿ ਇਸ ਵੇਲੇ ਪੰਜਾਬ ਦੇਸ਼ ਦੇ ਉਹਨਾਂ ਗਿਣਤੀ ਦੇ ਸੂਬਿਆਂ ਵਿਚੋਂ ਇੱਕ ਹੈ ਜਿਹੜੇ ਸੂਬਿਆਂ ਅੰਦਰ ਸਨਅਤੀ ਵਿਕਾਸ ਹੋ ਰਿਹਾ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਸਨਅਤਕਾਰਾਂ ਲਈ ਬਹੁਤ ਸੁਖਾਵਾਂ ਮਾਹੌਲ ਹੈ। ਉਹਨਾਂ ਦਾ ਕਹਿਣਾ ਹੈ ਕਿ ਸਨਅਤਕਾਰਾਂ ਦੀਆਂ ਸਹੂਲਤਾਂ ਦਾ ਹਰ ਪੱਧਰ ਉਪਰ ਧਿਆਨ ਰੱਖਿਆ ਜਾਵੇਗਾ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਸਨਅਤਕਾਰਾਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਸਗੋਂ ਸਰਕਾਰ ਉਹਨਾਂ ਦੀ ਸਹੀ ਅਰਥਾਂ ‘ਚ ਮਦਦ ਕਰੇਗੀ। ਸਨਅਤਕਾਰਾਂ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਕਿ ਪੰਜਾਬ ਭਾਈਚਾਰਕ ਸਾਂਝ ਵਾਲਾ ਸੂਬਾ ਹੈ ਅਤੇ ਲੰਗਰ ਪ੍ਰਥਾ ਰਾਹੀਂ ਮਾਨਵਤਾ ਦੀ ਸੇਵਾ ਕਰਨਾ ਇਹਨਾਂ ਦਾ ਬੁਨਿਆਦੀ ਅਸੂਲ ਹੈ। ਪੰਜਾਬ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਨਅਤ ਲਾਉਣ ਲਈ ਜ਼ਮੀਨ ਦੀ ਸ਼ਰਤ ਪੂਰੀ ਕਰਨ ਤੋਂ ਬਾਅਦ ਬਾਕੀ ਦੀਆਂ ਸਾਰੀਆਂ ਲੋੜਾਂ ਇੰਡਸਟਰੀ ਸਥਾਨ ’ਤੇ ਜਾਕੇ ਸਰਕਾਰੀ ਏਜੰਸੀਆਂ ਵੱਲੋਂ ਪੂਰੀਆਂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਮਾਨ ਨੇ ਆਪਣੇ ਸੁਭਾਅ ਮੁਤਾਬਿਕ ਕਿਹਾ ਕਿ ਸਮਿੱਟ ਤੋਂ ਪਹਿਲਾਂ ਉਹਨਾਂ ਨੇ ਛੋਟੇ-ਛੋਟੇ ਸਨਅਤੀ ਗਰੁਪਾਂ ਦਾ ਆਪ ਜਾ ਕੇ ਕੁੰਡਾ ਖੜਕਾਇਆ ਹੈ। ਮੁੱਖ ਮੰਤਰੀ ਵੱਲੋਂ ਹੈਦਰਾਬਾਦ, ਮੁੰਬਈ, ਅਤੇ ਕਈ ਹੋਰ ਥਾਂਵਾਂ ’ਤੇ ਜਾ ਕੇ ਸਨਅਤਕਾਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ।

ਅਜਿਹਾ ਨਹੀਂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਅੰਦਰ ਕੋਈ ਪਹਿਲਾ ਇਨਵੈਸਟਰ ਸਮਿੱਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਸਰਕਾਰਾਂ ਵੱਲੋਂ ਕਈ ਮੌਕਿਆਂ ’ਤੇ ਸਨਅਤਕਾਰਾਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਕਾਰਾਂ ਵੱਲੋਂ ਪੰਜਾਬ ਵਿਚ ਵੱਡੇ-ਵੱਡੇ ਪੂੰਜੀ ਨਿਵੇਸ਼ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿਚ ਸਨਅਤੀ ਮਾਹੌਲ ਕਿਉਂ ਨਹੀਂ ਉਸਰਿਆ? ਜੇਕਰ ਆਪਾਂ ਪੰਜਾਬ ਵਿਚ ਪੰਜ ਬਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਆਪਣੇ ਸਮੇਂ ਵਿਚ ਹੇਠਲੀ ਪੱਧਰ ’ਤੇ ਇੰਡਸਟਰੀ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਸਨਅਤੀ ਖੇਤਰ ਵਿਚ ਪੰਜਾਬ ਪਛੜਦਾ ਹੀ ਚਲਾ ਗਿਆ। ਸਥਿਤੀ ਇਹ ਬਣੀ ਹੋਈ ਹੈ ਕਿ ਬਾਦਲ ਸਰਕਾਰ ਵੇਲੇ ਦੇ ਕਈ ਸਨਅਤੀ ਖੇਤਰ ਇਸ ਵੇਲੇ ਉਜਾੜੇ ਦੀ ਤਸਵੀਰ ਪੇਸ਼ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਵੇਲੇ ਵੀ ਸਨਅਤਾਂ ਨੂੰ ਲਿਆਉਣ ਦੇ ਵੱਡੇ ਦਾਅਵੇ ਕੀਤੇ ਪਰ ਜ਼ਮੀਨੀ ਹਕੀਕਤਾਂ ਨਾਲ ਇਹ ਦਾਅਵੇ ਮੇਲ ਨਹੀਂ ਖਾਂਦੇ। ਕੇਂਦਰ ਦੀ ਸਰਕਾਰ ਵੱਲੋਂ ਵੀ ਪੰਜਾਬ ਦੀ ਸਥਿਤੀ ਬਾਰੇ ਚਿੰਤਾ ਤਾਂ ਬਹੁਤ ਕੀਤੀ ਜਾਂਦੀ ਹੈ ਪਰ ਸਮੇਂ-ਸਮੇਂ ਕੇਂਦਰ ਨੇ ਅਜਿਹੀਆਂ ਸਨਅਤੀ ਨੀਤੀਆਂ ਬਣਾਈਆਂ ਕਿ ਪੰਜਾਬ ਦੀ ਇੰਡਸਟਰੀ ਗੁਆਂਢੀ ਸੂਬਿਆਂ ਅੰਦਰ ਚਲੀ ਗਈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਵੱਡਾ ਕਦਮ ਕਾਰੋਬਾਰੀਆਂ ਨੂੰ ਪੰਜਾਬ ਵਿਚ ਲਿਆਉਣ ਬਾਰੇ ਮੁਹਾਲੀ ਸੰਮੇਲਨ ਰੂਪ ਵਿਚ ਦੇਖਿਆ ਜਾ ਰਿਹਾ ਹੈ। ਇਸ ਸੰਮੇਲਨ ਵਿਚ ਵੀ ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਵਿਚ ਨਿਵੇਸ਼ ਕਰੋ ਤਾਂ ਜੋ ਪੰਜਾਬ ਦੇ ਬੱਚਿਆਂ ਨੂੰ ਵੀ ਰੁਜ਼ਗਾਰ ਮਿਲ ਸਕੇ। ਬੇਸ਼ੱਕ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪੰਜਾਬੀਆਂ ਨਾਲ ਰੁਜ਼ਗਾਰ ਦੇ ਵੱਡੇ ਵਾਅਦੇ ਕੀਤੇ ਗਏ ਸਨ ਪਰ ਹਕੀਕਤ ਇਹ ਹੈ ਕਿ ਸਰਕਾਰੀ ਖੇਤਰ ਵਿਚ ਰੁਜ਼ਗਾਰ ਦੀਆਂ ਸੀਮਿਤ ਸੰਭਾਵਨਾਵਾਂ ਹਨ। ਇਸ ਤਰ੍ਹਾਂ ਜੇਕਰ ਪੰਜਾਬ ਵਿਚ ਇੰਡਸਟਰੀ ਦਾ ਪਸਾਰ ਹੋਵੇਗਾ ਤਾਂ ਸੁਭਾਵਿਕ ਹੈ ਕਿ ਰੁਜ਼ਗਾਰ ਦੇ ਮੌਕੇ ਵੀ ਵਧੇਰੇ ਪ੍ਰਾਪਤ ਹੋਣਗੇ। ਇਸ ਲਈ ਆਉਣ ਵਾਲੇ ਦਿਨ੍ਹਾਂ ਵਿਚ ਇਹ ਦੇਖਿਆ ਜਾਵੇਗਾ ਕਿ ਪਿਛਲੀਆਂ ਸਰਕਾਰਾਂ ਦੇ ਸਨਅਤਕਾਰੀ ਸੰਮੇਲਨਾਂ ਨਾਲੋਂ ਮੁਹਾਲੀ ਦਾ ਇਨਵੈਸਟਰ ਸਮਿੱਟ ਕਿਵੇਂ ਵੱਖਰਾ ਹੈ?

Share this Article
Leave a comment