ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 19ਵੇਂ ਸ਼ਬਦ ਦੀ ਵਿਚਾਰ – Shabad Vichaar -19
‘ਪ੍ਰਾਨੀ ਕਉਨੁ ਉਪਾਉ ਕਰੈ’ ਸ਼ਬਦ ਦੀ ਵਿਚਾਰ
ਡਾ. ਗੁਰਦੇਵ ਸਿੰਘ*
ਸੋਹਣੀ ਦਿਸਣ ਵਾਲੀ ਦੁਨੀਆਂ ਰੂਪੀ ਭਵ ਸਾਗਰ ਤੋਂ ਪਾਰ ਹੋਣਾ ਅਤਿ ਮੁਸ਼ਕਿਲ ਹੈ। ਇਸ ਤੋਂ ਪਾਰ ਹੋਣਾ ਭਾਵ ਪਰਮ ਗਤੀ ਨੂੰ ਪ੍ਰਾਪਤ ਕਰਨਾ ਔਖਾ ਕਾਰਜ ਹੈ। ਇਸ ਤੋਂ ਸੰਸਾਰ ਸਾਗਰ ਤੋਂ ਪਾਰ ਹੋਣ ਲਈ ਤਕਰੀਬਨ ਹਰ ਧਰਮ ਗੁਰੂ ਨੇ ਆਪਣੀ ਯੋਗਤਾ ਅਨੁਸਾਰ ਯੋਗ ਤਰੀਕੇ ਵੀ ਹਨ। ਇਹ ਤਰੀਕੇ ਜਾਂ ਕਰਮ ਸੰਸਾਰ ਵਿੱਚ ਐਨੇ ਹੋ ਗਏ ਹਨ ਕਿ ਮਨੁੱਖ ਨੂੰ ਚੋਣ ਕਰਨੀ ਹੀ ਮੁਸਕਿਲ ਹੋ ਗਈ ਹੈ। ਮਨੁੱਖ ਦੀ ਜ਼ਿੰਦਗੀ ਛੋਟੀ ਹੈ ਪਰ ਇਹ ਧਰਮ ਕਰਮ ਦੇ ਤਰੀਕੇ ਬਹੁਤ ਜ਼ਿਆਦਾ ਹਨ।
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੀ ਬਾਣੀ ਸਾਨੂੰ ਭਵ ਸਾਗਰ ਤੋਂ ਪਾਰ ਹੋਣ ਦਾ ਅਸਾਨ ਮਾਰਗ ਦਾ ਦਸਦੀ ਹੈ। ਅੱਜ ਅਸੀਂ ਪ੍ਰਾਨੀ ਕਉਨੁ ਉਪਾਉ ਕਰੈ ॥ ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥੧॥ ਸ਼ਬਦ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 632 ‘ਤੇ ਅੰਕਿਤ ਹੈ ਜੋ ਕਿ ਸੋਰਠਿ ਰਾਗ ਅਧੀਨ ਦਰਜ ਹੈ। ਸੋਰਠਿ ਰਾਗ ਅਧੀਨ ਨੌਵੇਂ ਗੁਰੂ ਜੀ ਦਾ ਇਹ ਪੰਜਵਾਂ ਸ਼ਬਦ ਹੈ ਅਤੇ ਨੌਵੇਂ ਮਹਲੇ ਦੀ ਬਾਣੀ ਦਾ 19ਵਾਂ ਸ਼ਬਦ ਹੈ। ਨੌਵੇਂ ਪਾਤਾਸ਼ਾਹ ਇਸ ਸ਼ਬਦ ਵਿੱਚ ਮਨੁੱਖ ਨੂੰ ਸੀਮਾ ਰਹਿਤ, ਵਿਰਾਟ ਰੂਪ ਦੇ ਮਾਲਕ ਪ੍ਰਭੂ ਨੂੰ ਪਾਉਣ ਦਾ ਅਸਾਨ ਤਰੀਕਾ ਦਾ ਉਪਦੇਸ਼ ਇਸ ਤਰ੍ਹਾਂ ਦੇ ਰਹੇ ਹਨ:
ਸੋਰਠਿ ਮਹਲਾ ੯ ॥
ਪ੍ਰਾਨੀ ਕਉਨੁ ਉਪਾਉ ਕਰੈ॥ ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ॥੧॥ਰਹਾਉ॥
(ਹੇ ਭਾਈ! ਦੱਸ,) ਮਨੁੱਖ ਉਹ ਕੇਹੜਾ ਹੀਲਾ ਕਰੇ ਜਿਸ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਕਰ ਸਕੇ; ਅਤੇ ਜਮ ਦਾ ਡਰ ਦੂਰ ਕਰ ਸਕੇ।੧।ਰਹਾਉ।
ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ॥ ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ॥੧॥
(ਹੇ ਭਾਈ!) ਦੱਸ, ਉਹ ਕੇਹੜੇ (ਧਾਰਮਿਕ) ਕਰਮ ਹਨ, ਉਹ ਕਿਹੋ ਜਿਹੀ ਵਿੱਦਿਆ ਹੈ, ਉਹ ਕੇਹੜਾ ਧਰਮ ਹੈ (ਜੇਹੜਾ ਮਨੁੱਖ) ਕਰੇ; ਉਹ ਕੇਹੜਾ ਗੁਰੂ ਦਾ (ਦੱਸਿਆ) ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ।੧।
ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ॥ ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ॥੨॥
(ਹੇ ਭਾਈ!) ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਹੀ ਜਗਤ ਵਿਚ ਹੈ ਜਿਸ ਨੂੰ (ਜੇਹੜਾ ਮਨੁੱਖ) ਜਪਦਾ ਹੈ (ਉਹ) ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਹੋਰ ਕਿਸੇ ਤਰ੍ਹਾਂ ਦੇ ਭੀ ਕੋਈ ਕਰਮ ਉਸ (ਨਾਮ) ਦੇ ਬਰਾਬਰ ਨਹੀਂ ਹਨ-ਬੇਦ (ਭੀ) ਇਹ ਜੁਗਤਿ ਦੱਸਦਾ ਹੈ।੨।
ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ॥ ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ॥੩॥੫॥
ਹੇ ਨਾਨਕ! ਆਖ-ਹੇ ਭਾਈ!) ਜਿਸ ਨੂੰ (ਜਗਤ) ਧਰਤੀ ਦਾ ਖਸਮ ਆਖਦਾ ਹੈ ਉਹ ਸੁਖਾਂ ਦੁੱਖਾਂ ਤੋਂ ਵੱਖਰਾ ਰਹਿੰਦਾ ਹੈ, ਉਹ ਸਦਾ (ਮਾਇਆ ਤੋਂ) ਨਿਰਲੇਪ ਰਹਿੰਦਾ ਹੈ। ਉਹ ਤੇਰੇ ਅੰਦਰ ਭੀ ਇਕ-ਰਸ ਵੱਸ ਰਿਹਾ ਹੈ, ਜਿਵੇਂ ਸ਼ੀਸ਼ੇ (ਵਿਚ ਅਕਸ ਵੱਸਦਾ ਹੈ। ਉਸ ਦਾ ਸਦਾ ਸਿਮਰਨ ਕਰਨਾ ਚਾਹੀਦਾ ਹੈ) ।੩।੫।
ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਉਪਦੇਸ਼ ਕਰ ਰਹੇ ਹਨ ਕਿ ਕੇਵਲ ਵਾਹਿਗੁਰੂ ਪ੍ਰਾਮਾਤਮਾ ਦਾ ਨਾਮ ਹੀ ਸਾਰੇ ਧਰਮ ਕਰਮ ਕਾਢਾਂ ਤੋਂ ਉਤਮ ਹੈ। ਕੇਵਲ ਉਸ ਦਾ ਨਾਮ ਹੀ ਸੰਸਾਰ ਸਾਗਰ ਤੋਂ ਪਾਰ ਕਰ ਸਕਦਾ ਹੈ। ਉਸ ਦੇ ਨਾਮ ਦੀ ਬਰਕਤ ਨਾਲ ਇੱਕ ਰਸ ਇਸ ਤਰ੍ਹਾਂ ਅੰਦਰ ਸਮਾ ਜਾਵੇਗਾ ਜਿਵੇਂ ਸ਼ੀਸ਼ੇ ਵਿੱਚ ਅਕਸ ਵਸ ਜਾਂਦਾ ਹੈ। ਕੱਲ ਦੁਬਾਰਾ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 20ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਵਿਚਾਰ ਲਈ ਆਧਾਰ ਸਰੋਤ ਪ੍ਰੋਫ਼ੈਸਰ ਸਾਹਿਬ ਸਿੰਘ ਦੁਆਰਾ ਕੀਤੇ ਗੁਰਬਾਣੀ ਦੇ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥