ਕਾ਼ਹੇ ਗਰਬਸਿ ਮੂੜੇ ਮਾਇਆ ॥ … ਡਾ. ਗੁਰਦੇਵ ਸਿੰਘ

TeamGlobalPunjab
5 Min Read

ਸ਼ਬਦ ਵਿਚਾਰ -146

ਕਾਹੇ ਗਰਬਸਿ ਮੂੜੇ ਮਾਇਆ ॥

*ਡਾ. ਗੁਰਦੇਵ ਸਿੰਘ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸਹੀ ਜੀਵਨ ਜਾਚ ਸਿਖਾਉਂਦੀ ਹੈ। ਕਿਵੇਂ ਵਿਸ਼ੇ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾਉਣਾ ਤੇ ਕਿਵੇਂ ਉਸ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ ਹੈ ਇਹ ਸਭ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਐਨ ਕਰਨ ਤੋਂ ਪਤਾ ਚਲ ਜਾਂਦਾ ਹੈ। ਗੁਰੂ ਸਾਹਿਬ ਵੱਖ ਵੱਖ ਉਦਾਹਰਨਾਂ ਦੇ ਨਾਲ ਸਾਡਾ ਮਾਰਗ ਦਰਸ਼ਨ ਕਰਦੇ ਹਨ।

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ ਕਾਹੇ ਗਰਬਸਿ ਮੂੜੇ ਮਾਇਆ ॥ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 23’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 26ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਮਾਇਆ ਤੋਂ ਬਚਣ ਦਾ ਉਪਦੇਸ਼ ਕੁਝ ਇਸ ਪ੍ਰਕਾਰ ਕਰ ਰਹੇ ਹਨ : 

- Advertisement -

ਸਿਰੀਰਾਗੁ ਮਹਲਾ ੧ ਘਰੁ ੩ ॥ ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥  ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥੧॥

ਪਦ ਅਰਥ: ਕਰਮਾ = ਰੋਜ਼ਾਨਾ ਕੰਮ। ਕਰੋ = ਕਰੁ, ਬਣਾ। ਸਲਿਲ = ਪਾਣੀ। ਆਪਾਉ = ਸਿੰਜਣਾ। ਸਲਿਲ ਆਪਾਉ = ਪਾਣੀ ਦਾ ਸਿੰਜਣਾ। ਸਾਰਿੰਗਪਾਣੀ = ਪਰਮਾਤਮਾ (ਦਾ ਨਾਮ) । ਕਿਰਸਾਣੁ = ਕਿਸਾਨ, ਵਾਹੀ ਕਰਨ ਵਾਲਾ। ਰਿਦੈ = ਹਿਰਦੇ ਵਿਚ। ਜੰਮਾਇ ਲੈ = ਉਗਾ ਲੈ। ਇਉ = ਇਸ ਤਰ੍ਹਾਂ। ਨਿਰਬਾਣ = ਵਾਸਨਾ-ਰਹਿਤ। {invwLx = ਬੁੱਝਾ ਹੋਇਆ, ਜਿਸ ਵਿਚੋਂ ਵਾਸਨਾ ਮੁੱਕ ਜਾਣ}।1।

(ਹੇ ਭਾਈ!) ਇਸ ਸਰੀਰ ਨੂੰ ਧਰਤੀ ਬਣਾ, ਆਪਣੇ (ਰੋਜ਼ਾਨਾ) ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਦਾ (ਇਸ ਭੁਇਂ) ਵਿਚ ਸਿੰਚਨ ਕਰ। ਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਉਗਾ। ਇਸ ਤਰ੍ਹਾਂ (ਹੇ ਭਾਈ!) ਉਹ ਆਤਮਕ ਅਵਸਥਾ ਹਾਸਲ ਕਰ ਲਏਂਗਾ ਜਿਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ।1।

ਕਾਹੇ ਗਰਬਸਿ ਮੂੜੇ ਮਾਇਆ ॥ ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥

ਗਰਬਸਿ = ਅਹੰਕਾਰ ਕਰਦਾ ਹੈਂ। ਮੂੜੇ = ਹੇ ਮੂਰਖ! ਸੁਤੋ = ਸੁਤੁ, ਪੁੱਤ੍ਰ। ਪਿਤ = ਪਿਤਾ। ਸਗਲ = ਸਾਰੇ। ਕਾਲਤ੍ਰ = ਕਲਤ੍ਰ, ਇਸਤ੍ਰੀ। ਅੰਤਿ = ਅਖ਼ੀਰ ਵੇਲੇ। ਸਖਾਇਆ = ਮਿਤ੍ਰ ।1। ਰਹਾਉ।

- Advertisement -

ਹੇ ਮੂਰਖ! ਮਾਇਆ ਦਾ ਕਿਉਂ ਮਾਣ ਕਰਦਾ ਹੈਂ? ਪਿਤਾ, ਪੁੱਤਰ, ਇਸਤ੍ਰੀ, ਮਾਂ = ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ। ਰਹਾਉ।

ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥

ਦੁਸਟ = ਭੈੜੇ। ਕਿਰਖਾ ਕਰੇ = ਪੁੱਟ ਦੇਵੇ (ਜਿਵੇਂ ਕਿਸਾਨ ਖੇਤੀ ਵਿਚੋਂ ਨਦੀਨ ਪੁੱਟ ਦੇਂਦਾ ਹੈ) । ਤਜਿ = ਛੱਡ ਕੇ। ਆਤਮੈ ਹੋਇ = ਆਪਣੇ ਅੰਦਰ ਇਕ-ਚਿਤ ਹੋ ਕੇ। ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣਾ। ਹੋਹਿ = ਬਣ ਜਾਣ। ਮਧੁ = ਸ਼ਹਦ, ਰਸ, ਆਤਮਕ ਆਨੰਦ। ਆਸ੍ਰਮਾਈ = ਸ੍ਰਮਦਾ ਹੈ, ਚੋਂਦਾ ਹੈ।2।

ਜੇਹੜਾ ਮਨੁੱਖ ਚੰਦਰੇ ਵਿਸ਼ੇ-ਵਿਕਾਰਾਂ ਨੂੰ ਹਿਰਦਾ-ਭੁਇਂ ਵਿਚੋਂ ਇਉਂ ਪੁੱਟ ਦੇਂਦਾ ਹੈ ਜਿਵੇਂ ਖੇਤੀ ਵਿਚੋਂ ਨਦੀਨ, ਇਹਨਾਂ ਵਿਕਾਰਾਂ ਦਾ ਤਿਆਗ ਕਰ ਕੇ ਜੋ ਮਨੁੱਖ ਆਪਣੇ ਅੰਦਰ ਇਕ-ਚਿੱਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ, ਜਦੋਂ ਜਪ ਤਪ ਤੇ ਸੰਜਮ (ਉਸ ਦੇ ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ।2।

ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥

ਬੀਸ = ਵੀਹ। ਸਪਤ = ਸੱਤ। ਬੀਸ ਸਪਤਾਹਰੋ = 27 ਦਿਨ, 27 ਨਛਤ੍ਰ। ਬਾਸਰੋ = ਦਿਨ। ਸੰਗ੍ਰਹੈ– ਇਕੱਠਾ ਕਰੇ। ਤੀਨਿ ਖੋੜਾ = ਤਿੰਨ ਅਵਸਥਾ (ਬਾਲ, ਜੁਆਨੀ, ਬੁਢੇਪਾ) । ਸਾਰੈ = ਚੇਤੇ ਰੱਖੇ। ਦਸ = ਚਾਰ ਵੇਦ ਅਤੇ ਛੇ ਸ਼ਾਸਤ੍ਰ। ਅਠਾਰਮੈ = ਅਠਾਰਾਂ ਪੁਰਾਣਾਂ ਵਿਚ। ਅਪਰੰਪਰੋ = ਅਪਰੰਪਰੁ, ਪਰਮਾਤਮਾ। ਚੀਨੈ = ਖੋਜੇ, ਪਛਾਣੇ। ਇਵ = ਇਸ ਤਰ੍ਹਾਂ। ਏਕੁ = ਪ੍ਰਭੂ।3।

ਹੇ ਨਾਨਕ! ਜੇ ਮਨੁੱਖ ਸਤਾਈ ਹੀ ਨਛੱਤ੍ਰਾਂ ਵਿਚ (ਭਾਵ) ਹਰ ਰੋਜ਼ (ਪ੍ਰਭੂ ਦਾ ਨਾਮ-ਧਨ) ਇਕੱਠਾ ਕਰਦਾ ਰਹੇ, ਜੇ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ (ਬਾਲਪਨ, ਜੁਆਨੀ, ਬੁਢੇਪੇ) ਵਿਚ ਮੌਤ ਨੂੰ ਚੇਤੇ ਰੱਖੇ, ਜੇ ਚਾਰ ਵੇਦਾਂ ਛੇ ਸ਼ਾਸਤ੍ਰਾਂ ਅਤੇ ਅਠਾਰਾਂ ਪੁਰਾਣ (ਆਦਿਕ ਸਾਰੀਆਂ ਧਰਮ-ਪੁਸਤਕਾਂ) ਵਿਚ ਪਰਮਾਤਮਾ (ਦੇ ਨਾਮ) ਨੂੰ ਹੀ ਖੋਜੇ ਤਾਂ ਇਸ ਤਰ੍ਹਾਂ ਪਰਮਾਤਮਾ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।3। 26।

ਗੁਰੂ ਦੇ ਦਸੇ ਰਾਸਤੇ ‘ਤੇ ਚੱਲ ਕੇ ਉਸ ਅਕਾਲ ਪੁਰਖ ਦੀ ਹਰ ਸਮੇਂ ਸਿਫਤ ਸਾਲਾਹ ਕਰਲ ਨਾਲ ਮਾਇਆ ਰੂਪੀ ਦੀਰਘ ਰੋਗ ਤੋਂ ਹਮੇਸ਼ਾਂ ਲਈ ਨਿਰਲੇਪ ਹੋਇਆ ਜਾ ਸਕਦਾ ਹੈ। ਉਸ ਅਕਾਲ ਪੁਰਖ ਨੂੰ ਚਾਰੇ ਪਾਸੇ ਰਮਿਆ ਹੋਇਆ ਜਾਣਨਾ ਚਾਹੀਦਾ ਹੈ। ਉਸ ਅਕਾਲ ਪੁਰਖ ਨੂੰ ਸਦਾ ਮਨ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Share this Article
Leave a comment