ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 14ਵੇਂ ਸ਼ਬਦ ਦੀ ਵਿਚਾਰ – Shabad Vichaar -14

TeamGlobalPunjab
5 Min Read

ਉਹ ਇੱਕ ਪਲ ਵਿੱਚ ਕੁਝ ਵੀ ਕਰ ਸਕਦਾ ਹੈ 

ਡਾ. ਗੁਰਦੇਵ ਸਿੰਘ

ਅਕਾਲ ਪੁਰਖ ਵਾਹਿਗੁਰੂ ਦੀ ਖੇਡ ਨੂੰ ਸਮਝਿਆ ਨਹੀਂ ਜਾ ਸਕਦਾ। ਉਹ ਪ੍ਰਮਾਤਮਾ ਛਿਣ ਮਾਤਰ ਵਿੱਚ ਕਈ ਕਈ ਧਰਤੀਆਂ ਅਕਾਸ਼ਾਂ ਨੂੰ ਬਣਾ ਸਕਦਾ ਹੈ, ਤਬਾਹ ਕਰ ਸਕਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਪਲ ਵਿੱਚ ਅਮੀਰ ਨੂੰ ਗਰੀਬ ਅਤੇ ਗਰੀਬ ਨੂੰ ਅਮੀਰ ਬਣਾ ਸਕਦਾ ਹੈ। ਉਸ ਦੀ ਖੇਡ ਨੂੰ ਸਮਝਮਣਾ ਮੁਸ਼ਕਲ ਹੈ। ਅਣਗਿਣਤ ਜੋਗੀ, ਜਤੀ, ਤਪੀ, ਸਿਆਣੇ ਵਿਦਵਾਨ ਉਸ ਦੇ ਇਸ ਭੇਤ ਨੂੰ ਨਹੀਂ ਪਾ ਸਕੇ। ਉਹ ਸਭ ਵਿੱਚ ਰਮਿਆ ਹੋਇਆ ਵੀ ਹੈ ਪਰ ਫਿਰ ਵੀ ਨਿਰਾਲਾ ਹੈ। ਕਮਾਲ ਦੀ ਕਲਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ, ਅਚਰਜ ਖੇਡ ਹੈ।

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਅਸੀਂ ਜਿਸ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ ਉਸ ਵਿੱਚ ਨੌਵੇਂ ਪਾਤਸ਼ਾਹ ਉਸ ਸਰਬ ਸ਼ਕਤੀਮਾਨ ਹਰਿ ਪ੍ਰਮਾਤਮਾ ਦੀ ਇਸੇ ਖੇਡ ਨੂੰ ਸਮਝਾ ਰਹੇ ਹਨ। ਅੱਜ ਅਸੀਂ ਹਰਿ ਕੀ ਗਤਿ ਨਹਿ ਕੋਊ ਜਾਨੈ॥ ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਸ਼ਬਦ ਦੀ ਵਿਚਾਰ ਕਰਾਂਗੇ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ 14ਵਾਂ ਸ਼ਬਦ ਹੈ ਜੋ ਬਿਹਾਗੜਾ ਰਾਗ ਅਧੀਨ ਅੰਕਿਤ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 537 ‘ਤੇ ਅੰਕਿਤ ਹੈ।

ੴ ਸਤਿਗੁਰ ਪ੍ਰਸਾਦਿ ॥ ਰਾਗੁ ਬਿਹਾਗੜਾ ਮਹਲਾ ੯ ॥

- Advertisement -

ਹਰਿ ਕੀ ਗਤਿ ਨਹਿ ਕੋਊ ਜਾਨੈ॥

ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥

ਹੇ ਭਾਈ! ਅਨੇਕਾਂ ਜੋਗੀ, ਅਨੇਕਾਂ ਤਪੀ, ਅਤੇ ਹੋਰ ਬਥੇਰੇ ਸਿਆਣੇ ਮਨੁੱਖ ਖਪ ਖਪ ਕੇ ਹਾਰ ਗਏ ਹਨ, ਪਰ ਕੋਈ ਭੀ ਮਨੁੱਖ ਇਹ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ।੧।ਰਹਾਉ।

ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥

ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥੧॥

- Advertisement -

ਹੇ ਭਾਈ! ਉਹ ਪਰਮਾਤਮਾ ਇਕ ਛਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ, ਤੇ, ਰਾਜੇ ਨੂੰ ਕੰਗਾਲ ਕਰ ਦੇਂਦਾ ਹੈ, ਖ਼ਾਲੀ ਭਾਂਡਿਆਂ ਨੂੰ ਭਰ ਦੇਂਦਾ ਹੈ ਤੇ ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ (ਗ਼ਰੀਬਾਂ ਨੂੰ ਅਮੀਰ ਤੇ ਅਮੀਰਾਂ ਨੂੰ ਗ਼ਰੀਬ ਬਣਾ ਦੇਂਦਾ ਹੈ) -ਇਹ ਉਸ ਦਾ ਨਿੱਤ ਦਾ ਕੰਮ ਹੈ।੧।

ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥

ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥੨॥

(ਹੇ ਭਾਈ! ਇਸ ਦਿੱਸਦੇ ਜਗਤ-ਰੂਪ ਤਮਾਸ਼ੇ ਵਿਚ) ਪਰਮਾਤਮਾ ਨੇ ਆਪਣੀ ਮਾਇਆ ਆਪ ਖਿਲਾਰੀ ਹੋਈ ਹੈ, ਉਹ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈ। ਉਹ ਅਨੇਕਾਂ ਰੰਗਾਂ ਦਾ ਮਾਲਕ ਪ੍ਰਭੂ ਕਈ ਤਰ੍ਹਾਂ ਦੇ ਰੂਪ ਧਾਰ ਲੈਂਦਾ ਹੈ, ਤੇ ਸਾਰਿਆਂ ਰੂਪਾਂ ਤੋਂ ਵੱਖਰਾ ਭੀ ਰਹਿੰਦਾ ਹੈ।੨।

ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥

ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥ 

ਹੇ ਭਾਈ! ਉਸ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ ਬੇਅੰਤ ਹੈ, ਉਹ ਅਦ੍ਰਿਸ਼ਟ ਹੈ, ਉਹ ਨਿਰਲੇਪ ਹੈ, ਉਸ ਪਰਮਾਤਮਾ ਨੇ ਹੀ ਸਾਰੇ ਜਗਤ ਨੂੰ (ਮਾਇਆ ਦੀ) ਭਟਕਣਾ ਵਿਚ ਪਾਇਆ ਹੋਇਆ ਹੈ। ਹੇ ਨਾਨਕ! ਆਖ-) ਜਿਸ ਮਨੁੱਖ ਨੇ ਉਸ ਦੇ ਚਰਨਾਂ ਵਿਚ ਮਨ ਜੋੜਿਆ ਹੈ, ਇਹ ਮਾਇਆ ਦੀਆਂ ਸਾਰੀਆਂ ਭਟਕਣਾਂ ਤਿਆਗ ਕੇ ਹੀ ਜੋੜਿਆ ਹੈ।੩।੧।੨।

ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਕਤ ਸ਼ਬਦ ਵਿੱਚ ਉਸ ਅਕਾਲ ਵਾਹਿਗੁਰੂ ਦੇ ਵੱਡੇ, ਮਹਾਨ, ਸ਼ਕਤੀਸ਼ਾਲੀ ਸਰੂਪ ਅਤੇ ਉਸ ਅਸਚਰਜ ਕੌਤਕਾਂ ਦਾ ਵਰਨਣ ਕਰਦੇ ਹਨ। ਉਹ ਅਕਾਲ ਪੁਰਖ ਕਿਹੋ ਜਿਹਾ ਹੈ ਇਸ ਬਾਰੇ ਕੋਈ ਵੀ ਨਹੀਂ ਜਾਣ ਸਕਿਆ। ਵੱਡੇ ਵੱਡੇ ਵਿਦਵਾਨਾਂ ਦੀ ਵਿਦਵਤਾ ਵੀ ਉਸ ਨੂੰ ਨਹੀਂ ਜਾਣ ਸਕੀ। ਉਹ ਕੁਝ ਵੀ ਕਰਨ ਦੇ ਸਮਰਥ ਹੈ, ਉਹ ਸਾਰਿਆਂ ਵਿੱਚ ਵਿਦਮਾਨ ਵੀ ਹੈ ਤੇ ਸਾਰਿਆਂ ਤੋਂ ਨਿਰਲੇਪ ਵੀ। ਉਹ ਕਿਸੇ ਦੀ ਵੀ ਕਾਇਆ ਪਲ ਵਿੱਚ ਪਲਟ ਸਕਦਾ ਹੈ। ਉਹ ਅਦ੍ਰਿਸ਼ਟ ਹੈ, ਨਿਰਲੇਪ ਹੈ। ਉਸ ਨੂੰ ਪਾਉਣ ਲਈ ਜਗਤ ਵਿਚਲੀ ਮਾਇਆ ਤੋਂ ਨਿਰਲੇਪ ਹੋਣਾ ਪਵੇਗਾ ਤਾਂ ਹੀ ਉਸ ਦੇ ਚਰਣਾਂ ਵਿੱਚ ਮਨ ਲੱਗ ਸਕੇਗਾ। ਕੱਲ ਸ਼ਾਮੀ 6 ਵਜੇ ਦੁਬਾਰਾ ਫਿਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 15ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤੇ ਟੀਕੇ ਨੂੰ ਹੀ ਬਣਾਇਆ ਗਿਆ ਹੈ। ਗੁਰਬਾਣੀ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਤੁਹਾਡੇ ਸੁਝਾਅ ਸਾਡਾ ਮਾਰਗ ਦਰਸ਼ਨ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

 

 

Share this Article
Leave a comment