Breaking News

ਸ਼ਬਦ ਵਿਚਾਰ 163 – ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ…

*ਡਾ. ਗੁਰਦੇਵ ਸਿੰਘ

ਸੰਸਾਰ ਵਿੱਚ ਰਹਿੰਦਿਆਂ ਮਨੁੱਖ ਮਾਇਆ ਵਿੱਚ ਅਜਿਹਾ ਉਲਝ ਜਾਂਦਾ ਹੈ ਕਿ ਉਸ ਨੂੰ ਅਕਾਲ ਪੁਰਖ ਦੀ ਯਾਦ ਤਕ ਭੁੱਲ ਜਾਂਦੀ ਹੈ ਪਰ ਅਜਿਹੇ ਵੀ ਮਨੁੱਖ ਸੰਸਾਰ ਵਿੱਚ ਮਿਲ ਜਾਂਦੇ ਨੇ ਜਿਨ੍ਹਾਂ ਨੇ ਨਾਮ ਧਨ ਦੀ ਕਮਾਈ ਕੀਤੀ ਹੁੰਦੀ ਹੈ। ਜਿਹੜੇ ਉਸ ਅਕਾਲ ਪੁਰਖ ਦੇ ਨਾਮ ਵਿੱਚ ਰੰਗੇ ਗਏ ਹਨ। ਅਜਿਹੀ ਅਵਸਥਾ ਦੇ ਮਾਲਕ ਮਨੁੱਖਾਂ ਨੂੰ ਗੁਰੂ ਸਾਹਿਬ ਵਿਸ਼ੇਸ਼ ਅਸੀਸ ਦਿੰਦੇ ਹਨ।

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 109 ‘ਤੇ ਅੰਕਿਤ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦਾ ਇਹ 40ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਉਨ੍ਹਾਂ ਮਨੁੱਖਾਂ ਦੀ ਉਚੀ ਅਵਸਥਾ ਦਾ ਬਿਆਨ ਕਰ ਰਹੇ ਹਨ ਜਿਨ੍ਹਾਂ ਨੇ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਹੁਕਮ ਨੂੰ ਜਾਣ ਲਿਆ ਹੈ।

ਰਾਗੁ ਮਾਝ ਅਸਟਪਦੀਆ ਮਹਲਾ ੧ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸਬਦਿ ਰੰਗਾਏ ਹੁਕਮਿ ਸਬਾਏ ॥ ਸਚੀ ਦਰਗਹ ਮਹਲਿ ਬੁਲਾਏ ॥ ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥੧॥

ਪਦ ਅਰਥ: ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰੰਗਾਏ = (ਜਿਨ੍ਹਾਂ ਨੇ ਆਪਣੇ ਮਨ ਨਾਮ-ਰੰਗ ਵਿਚ) ਰੰਗਾ ਲਏ। ਸਬਾਏ = ਉਹ ਸਾਰੇ। ਮਹਲਿ (ਪਰਮਾਤਮਾ ਦੀ) ਹਜ਼ੂਰੀ ਵਿਚ। ਸਚੇ = ਹੇ ਸਦਾ-ਥਿਰ! ਸਚੇ = ਸਚਿ, ਸਦਾ-ਥਿਰ ਪ੍ਰਭੂ ਵਿਚ। ਪਤੀਆਵਣਿਆ = ਜਿਨ੍ਹਾਂ ਨੇ ਗਿਝਾ ਲਿਆ।1।

ਹੇ ਸਦਾ-ਥਿਰ ਰਹਿਣ ਵਾਲੇ! ਹੇ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਮਾਲਿਕ! ਜਿਨ੍ਹਾਂ ਨੇ ਆਪਣੇ ਮਨ ਨੂੰ ਤੇਰੇ ਸਦਾ-ਥਿਰ ਨਾਮ ਵਿਚ ਗਿਝਾ ਲਿਆ ਹੈ, ਜੇਹੜੇ ਤੇਰੇ ਹੁਕਮ ਵਿਚ ਤੁਰਦੇ ਹਨ, ਉਹ ਸਾਰੇ ਤੇਰੀ ਸਦਾ-ਥਿਰ ਦਰਗਾਹ ਵਿਚ ਤੇਰੇ ਮਹਲ ਵਿਚ ਸੱਦ ਲਏ ਜਾਂਦੇ ਹਨ।1।

ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥੧॥ ਰਹਾਉ ॥

ਹਉ = ਮੈਂ। ਵਾਰੀ = ਕੁਰਬਾਨ। ਮੰਨਿ = ਮਨਿ, ਮਨ ਵਿਚ।1। ਰਹਾਉ।

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ ਹੈ, ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਪ੍ਰਭੂ-ਨਾਮ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾ ਲਿਆ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਹਾਂ।1। ਰਹਾਉ।

ਨਾ ਕੋ ਮੇਰਾ ਹਉ ਕਿਸੁ ਕੇਰਾ ॥ ਸਾਚਾ ਠਾਕੁਰੁ ਤ੍ਰਿਭਵਣਿ ਮੇਰਾ ॥ ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗਣ ਪਛੋਤਾਵਣਿਆ ॥੨॥

ਕਿਸੁ ਕੇਰਾ = ਕਿਸ ਦਾ? ਠਾਕੁਰੁ = ਪਾਲਣ ਵਾਲਾ ਪ੍ਰਭੂ। ਤ੍ਰਿਭਵਣਿ = ਤਿੰਨਾਂ ਭਵਨਾਂ ਵਿਚ ਵਿਆਪਕ। ਘਣੇਰੀ = ਬਹੁਤ ਲੋਕਾਈ।2।

(ਦੁਨੀਆ ਵਿਚ) ਕੋਈ ਭੀ ਮੇਰਾ ਸਦਾ ਦਾ ਸਾਥੀ ਨਹੀਂ ਹੈ, ਮੈਂ ਭੀ ਕਿਸੇ ਦਾ ਸਦਾ ਲਈ ਸਾਥੀ ਨਹੀਂ ਹਾਂ। ਮੇਰਾ ਸਦਾ ਵਾਸਤੇ ਪਾਲਣ ਵਾਲਾ ਸਿਰਫ਼ ਉਹੀ (ਪ੍ਰਭੂ) ਹੈ, ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ। ‘ਮੈ ਵੱਡਾ ਹਾਂ, ਮੈਂ ਵੱਡਾ ਹਾਂ’ = ਇਹ ਮਾਣ ਕਰ ਕਰ ਕੇ ਬੇਅੰਤ ਲੋਕਾਈ (ਜਗਤ ਤੋਂ) ਤੁਰੀ ਜਾ ਰਹੀ ਹੈ। (ਮਾਣ-ਮੱਤੀ ਲੋਕਾਈ) ਪਾਪ ਕਮਾ ਕਮਾ ਕੇ ਪਛੁਤਾਂਦੀ ਭੀ ਹੈ।2।

ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥ ਗੁਰ ਕੈ ਸਬਦਿ ਨਾਮਿ ਨੀਸਾਣੈ ॥ ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥੩॥

ਵਖਾਣੈ = ਆਖਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ (ਜੁੜ ਕੇ) । ਨੀਸਾਣੈ = ਨੀਸਾਣ ਨਾਲ, ਰਾਹਦਾਰੀ ਲੈ ਕੇ (ਜਾਂਦਾ ਹੈ) । ਦਰਿ = ਦਰ ਤੇ। ਸਚੈ ਦਰਿ = ਪਰਮਾਤਮਾ ਦੇ ਦਰ ਤੇ। ਛੂਟਸਿ = ਲੇਖੇ ਤੋਂ ਸੁਰਖ਼ਰੂ ਹੁੰਦਾ ਹੈ।3।

ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, (ਉਹ ਮਾਣ ਨਹੀਂ ਕਰਦਾ) ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ ਦੇ ਨਾਮ ਵਿਚ (ਟਿਕ ਕੇ, ਨਾਮ ਦੀ) ਰਾਹਦਾਰੀ ਸਮੇਤ (ਇਥੋਂ ਜਾਂਦਾ ਹੈ) । ਸਦਾ-ਥਿਰ ਪ੍ਰਭੂ ਦੇ ਦਰ ਤੇ ਸਭ ਜੀਵਾਂ ਦੇ ਕਰਮਾਂ ਦਾ ਲੇਖਾ ਹੁੰਦਾ ਹੈ, ਇਸ ਲੇਖੇ ਤੋਂ ਉਹੀ ਸੁਰਖ਼ਰੂ ਹੁੰਦਾ ਹੈ ਜੋ ਨਾਮ ਦੀ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ।3।

ਮਨਮੁਖੁ ਭੂਲਾ ਠਉਰੁ ਨ ਪਾਏ ॥ ਜਮ ਦਰਿ ਬਧਾ ਚੋਟਾ ਖਾਏ ॥ ਬਿਨੁ ਨਾਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿਆ ॥੪॥

ਮੁਕਤੇ = ਜਮ ਦੀਆਂ ਚੋਟਾਂ ਤੋਂ ਬਚੇ ਹੋਏ।4।

ਪ੍ਰਭੂ-ਨਾਮ ਤੋਂ ਖੁੰਝਿਆ ਹੋਇਆ ਮਨ ਦਾ ਮੁਰੀਦ ਮਨੁੱਖ (ਕਰਮਾਂ ਦੇ ਲੇਖੇ ਤੋਂ ਬਚਣ ਲਈ) ਕੋਈ ਥਾਂ ਨਹੀਂ ਲੱਭ ਸਕਦਾ। (ਆਪਣੇ ਕੀਤੇ ਔਗੁਣਾਂ ਦਾ) ਬੱਝਾ ਹੋਇਆ ਜਮਰਾਜ ਦੇ ਦਰ ਤੇ ਮਾਰ ਖਾਂਦਾ ਹੈ, (ਆਤਮਕ ਦੁੱਖ-ਕਲੇਸ਼ ਦੀਆਂ ਚੋਟਾਂ ਤੋਂ ਬਚਣ ਲਈ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਸੰਗੀ ਸਾਥੀ ਨਹੀਂ ਹੋ ਸਕਦਾ। ਜਮ ਦੀਆਂ ਇਹਨਾਂ ਚੋਟਾਂ ਤੋਂ ਉਹੀ ਬਚਦੇ ਹਨ, ਜੋ ਪ੍ਰਭੂ ਦਾ ਨਾਮ ਸਿਮਰਦੇ ਹਨ।4।

ਸਾਕਤ ਕੂੜੇ ਸਚੁ ਨ ਭਾਵੈ ॥ ਦੁਬਿਧਾ ਬਾਧਾ ਆਵੈ ਜਾਵੈ ॥ ਲਿਖਿਆ ਲੇਖੁ ਨ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ ॥੫॥

ਸਾਕਤ ਕੂੜੈ = ਝੂਠੇ ਮੋਹ ਵਿਚ ਫਸੇ ਹੋਏ ਤੇ ਪ੍ਰਭੂ ਨਾਲੋਂ ਵਿੱਛੁੜੇ ਹੋਏ ਨੂੰ। ਦੁਬਿਧਾ = ਮੇਰ ਤੇਰ, ਦੁ-ਚਿੱਤਾ-ਪਨ।5।

ਝੂਠੇ ਮੋਹ ਵਿਚ ਫਸੇ ਸਾਕਤ ਨੂੰ ਸਦਾ-ਥਿਰ ਪ੍ਰਭੂ (ਦਾ ਨਾਮ) ਚੰਗਾ ਨਹੀਂ ਲਗਦਾ, (ਉਸ ਨੂੰ ਮੋਹ ਵਾਲੀ ਮੇਰ-ਤੇਰ ਪਸੰਦ ਹੈ) ਉਸ ਮੇਰ-ਤੇਰ ਵਿਚ ਫਸਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ। (ਦੁਬਿਧਾ ਵਾਲੇ ਕੀਤੇ ਕਰਮਾਂ ਅਨੁਸਾਰ, ਮੱਥੇ ਉੱਤੇ ਦੁਬਿਧਾ ਦੇ ਸੰਸਕਾਰਾਂ ਦਾ) ਲਿਖਿਆ ਲੇਖ ਕੋਈ ਨਹੀਂ ਮਿਟਾ ਸਕਦਾ। (ਇਸ ਲੇਖ ਤੋਂ) ਉਹੀ ਖ਼ਲਾਸੀ ਪ੍ਰਾਪਤ ਕਰਦਾ ਹੈ, ਜੋ ਗੁਰੂ ਦੀ ਸਰਨ ਪੈਂਦਾ ਹੈ।4।

ਪੇਈਅੜੈ ਪਿਰੁ ਜਾਤੋ ਨਾਹੀ ॥ ਝੂਠਿ ਵਿਛੁੰਨੀ ਰੋਵੈ ਧਾਹੀ ॥ ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ ॥੬॥

ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਝੂਠਿ = ਝੂਠੇ ਮੋਹ ਵਿਚ (ਫਸੇ ਰਹਿਣ ਕਰਕੇ) । ਧਾਹੀ = ਧਾਹਾਂ ਮਾਰ ਮਾਰ ਕੇ। ਅਵਗਣਿ ਮੁਠੀ = ਜਿਸ ਨੂੰ ਵਿਕਾਰ ਨੇ ਲੁੱਟ ਲਿਆ। ਗੁਣਿ = ਗੁਣ ਦੀ ਰਾਹੀਂ।6।

ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪ੍ਰਭੂ-ਪਤੀ ਨਾਲ ਸਾਂਝ ਨਹੀਂ ਪਾਈ, ਝੂਠੇ ਮੋਹ ਦੇ ਕਾਰਨ ਪ੍ਰਭੂ-ਚਰਨਾਂ ਤੋਂ ਵਿੱਛੁੜੀ ਹੋਈ ਉਹ (ਆਖ਼ਿਰ) ਧਾਹਾਂ ਮਾਰ ਮਾਰ ਕੇ ਰੋਂਦੀ ਹੈ। ਜਿਸ (ਦੇ ਆਤਮਕ ਜੀਵਨ) ਨੂੰ ਪਾਪ (-ਸੁਭਾਵ) ਨੇ ਲੁੱਟ ਲਿਆ, ਉਸ ਨੂੰ ਪਰਮਾਤਮਾ ਦਾ ਮਹਲ ਨਹੀਂ ਲੱਭਦਾ। ਇਹਨਾਂ ਔਗਣਾਂ ਨੂੰ ਗੁਣਾਂ ਦਾ ਮਾਲਕ ਪ੍ਰਭੂ (ਆਪ ਹੀ) ਬਖ਼ਸ਼ਦਾ ਹੈ।6।

ਪੇਈਅੜੈ ਜਿਨਿ ਜਾਤਾ ਪਿਆਰਾ ॥ ਗੁਰਮੁਖਿ ਬੂਝੈ ਤਤੁ ਬੀਚਾਰਾ ॥ ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥੭॥

ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਠਾਕਿ ਰਹਾਏ = ਰੋਕ ਰਖਦਾ ਹੈ।7।

ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਿਆਰੇ ਪ੍ਰਭੂ ਨਾਲ ਸਾਂਝ ਪਾ ਲਈ, ਉਹ ਗੁਰੂ ਦੀ ਸਰਨ ਪੈ ਕੇ (ਜਗਤ ਦੇ) ਮੂਲ-ਪ੍ਰਭੂ (ਦੇ ਗੁਣਾਂ) ਨੂੰ ਸਮਝਦੀ ਤੇ ਵਿਚਾਰਦੀ ਹੈ। ਜੇਹੜੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ, ਗੁਰੂ ਉਹਨਾਂ ਦਾ ਜਨਮ ਮਰਨ ਦਾ ਗੇੜ ਰੋਕ ਦੇਂਦਾ ਹੈ।7।

ਗੁਰਮੁਖਿ ਬੂਝੈ ਅਕਥੁ ਕਹਾਵੈ ॥ ਸਚੇ ਠਾਕੁਰ ਸਾਚੋ ਭਾਵੈ ॥ ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ ॥੮॥੧॥ 

ਅਕਥੁ = ਜਿਸ ਦੇ ਗੁਣ ਬਿਆਨ ਨ ਹੋ ਸਕਣ। ਠਾਕੁਰ = ਠਾਕੁਰ ਨੂੰ।8।

ਗੁਰੂ ਦੀ ਸਰਨ ਪਿਆਂ ਮਨੁੱਖ ਬੇਅੰਤ ਗੁਣਾਂ ਵਾਲੇ ਪ੍ਰਭੂ (ਦੇ ਗੁਣਾਂ) ਨੂੰ ਸਮਝਦਾ ਹੈ, (ਹੋਰਨਾਂ) ਨੂੰ ਸਿਫ਼ਤਿ-ਸਾਲਾਹ ਵਾਸਤੇ ਪ੍ਰੇਰਦਾ ਹੈ। ਸਦਾ-ਥਿਰ ਠਾਕੁਰ ਨੂੰ (ਸਿਫ਼ਤਿ-ਸਾਲਾਹ ਦਾ) ਸਦਾ-ਥਿਰ ਕਰਮ ਹੀ ਚੰਗਾ ਲੱਗਦਾ ਹੈ। ਹੇ ਨਾਨਕ! (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, (ਸਦਾ-ਥਿਰ ਪ੍ਰਭੂ ਦੇ ਦਰ ਤੇ) ਅਰਜ਼ੋਈਆਂ (ਕਰਦਾ ਰਹਿੰਦਾ ਹੈ) । ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਿਆਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ।8।1।

ਪ੍ਰਭੂ ਨਾਮ ਵਿੱਚ ਰੰਗੇ ਮਨੁੱਖ ਦਰਗਾਹ ਵਿੱਚ ਪ੍ਰਵਾਨ ਹੁੰਦੇ ਹਨ। ਅਜਿਹੇ ਮਨੁੱਖਾਂ ‘ਤੇ ਗੁਰੂ ਸਾਹਿਬ ਕੁਰਬਾਨ ਜਾਂਦੇ ਹਨ। ਅਜਿਹੀ ਅਵਸਥਾ ਕੇਵਲ ਸੱਚੇ ਗੁੁਰੂ ਦੀ ਸ਼ਰਣ ਪਿਆ ਹੀ ਪ੍ਰਾਪਤ ਹੁੰਦੀ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਇੱਕ ਨਵੇਂ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Check Also

ਅੱਜ ਦਾ ਹੁਕਮਨਾਮਾ – Today’s Hukamnama from Sri Darbar Sahib (19th September , 2023)

ਮੰਗਲਵਾਰ, 3 ਅੱਸੂ (ਸੰਮਤ 555 ਨਾਨਕਸ਼ਾਹੀ) 19 ਸਤੰਬਰ, 2023  ਆਸਾ ॥ ਕਾਹੂ ਦੀਨ੍ਹ੍ਹੇ ਪਾਟ ਪਟੰਬਰ …

Leave a Reply

Your email address will not be published. Required fields are marked *