Breaking News

ਪੰਜਾਬ ‘ਚ ਬਾਦਲ, ਭਾਜਪਾ ਅਤੇ ਕੈਪਟਨ ਦੇ ਗਠਜੋੜ ਦੀ ਨਹੀਂ ਬਣੇਗੀ ਸਰਕਾਰ: ਭਗਵੰਤ ਮਾਨ

ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਬਾਦਲ, ਭਾਜਪਾ ਅਤੇ ਕੈਪਟਨ ਦੇ ਗਠਜੋੜ ਦੀ ਸਰਕਾਰ ਨਹੀਂ ਬਣੇਗੀ, ਭਾਜਪਾ ਵਾਲੇ ਅਕਾਲੀ ਦਲ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਜਿੰਨਾ ਮਰਜੀ ਮਜ਼ਬੂਤ ਗੱਠਜੋੜ ਕਰ ਲੈਣ। ਮਾਨ ਨੇ ਕਿਹਾ ਕਿ ਅਕਾਲੀ ਦਲ ਬਾਦਲ, ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬ ਵਾਸੀਆਂ ਨੂੰ ਧੋਖ਼ਾ ਦਿੱਤਾ ਹੈ, ਇਸ ਲਈ ਪੰਜਾਬ ਦੇ ਵੋਟਰਾਂ ਨੇ ਇਨਾਂ ਰਿਵਾਇਤੀ ਪਾਰਟੀਆਂ ਨੂੰ ਮੁੱਢ ਤੋਂ ਹੀ ਨਿਕਾਰ ਦਿੱਤਾ ਹੈ। ਪਰ ਸੱਤਾ ਦੇ ਲਾਲਚ ‘ਚ ਪਈਆਂ ਰਿਵਾਇਤੀ ਪਾਰਟੀਆਂ ਇੱਕਜੁਟ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਦੇ ਯਤਨ ਕਰ ਰਹੀਆਂ ਹਨ। ਇਸੇ ਲਈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਭਾਰਤੀ ਜਨਤਾ ਪਾਰਟੀ ਦੇ ਆਗੂ ਅਮਿਤ ਸ਼ਾਹ ਤੇ ਹੋਰ ਆਗੂ ਪੰਜਾਬ ‘ਚ ਸਰਕਾਰ ਬਣਾਉਣ ਦੀ ਕੋਝੀਆਂ ਚਾਲਾਂ ਚੱਲ ਰਹੇ ਹਨ।

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦੇ ਕੌਮੀ ਆਗੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ‘ਚ ਸਰਕਾਰ ਬਣਾਉਣ ਲਈ ਅਕਾਲੀ ਦਲ ਬਾਦਲ ਨਾਲ ਗੱਠਜੋੜ ਹੋਣ ਦੀ ਹਾਮੀ ਭਰਦੇ ਹਨ ਅਤੇ ਉਨਾਂ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਭਾਜਪਾ ਨਾਲ ਗੱਠਜੋੜ ਹੋਣ ਦਾ ਐਲਾਨ ਕੀਤਾ ਸੀ। ਮਾਨ ਨੇ ਕਿਹਾ ਕਿ ਇਨਾਂ ਆਗੂਆਂ ਵੱਲੋਂ ਕੀਤੇ ਦਾਅਵੇ ਤੋਂ ਸਿੱਧ ਹੋ ਗਿਆ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆਮ ਪੰਜਾਬੀਆਂ ਦੀਆਂ ਵੋਟਾਂ ਲੈਣ ਲਈ ਹੀ ਅਕਾਲੀ ਦਲ ਬਾਦਲ ਭਾਜਪਾ ਤੋਂ ਵੱਖ ਹੋਇਆ ਸੀ, ਜਦੋਂ ਸੱਚ ਇਹ ਹੈ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਇੱਕੋ ਥੱਲੀ ਦੇ ਚੱਟੇ- ਵੱਟੇ ਹਨ। ਉਨਾਂ ਕਿਹਾ ਕਿ ਪਰਦੇ ਦੇ ਪਿੱਛੇ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਰਾਜਸੀ ਗੱਠਜੋੜ ਅੱਜ ਵੀ ਕਾਇਮ ਹੈ। ਅਕਾਲੀ ਦਲ ਬਾਦਲ ਨੇ ਭਾਜਪਾ ਨਾਲੋਂ ਅਲੱਗ ਹੋ ਅਤੇ ਚੋਣਾ ਲੜ ਕੇ ਕਿਸਾਨਾਂ ਅਤੇ ਪੰਜਾਬੀਆਂ ਦੇ ਅੱਖਾਂ ‘ਚ ਘੱਟਾ ਪਾਉਣ ਦਾ ਯਤਨ ਕੀਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਹੀ ਦੇਸ਼ ਦੇ ਕਿਸਾਨਾਂ ਅਤੇ ਪੰਜਾਬੀਆਂ ਨੂੰ ਧੋਖ਼ਾ ਦਿੱਤਾ ਹੈ। ਭਾਂਵੇ ਅਕਾਲੀ ਦਲ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਨੇ ਲੋਕ ਦਿਖਾਵੇ ਲਈ ਵੱਖੋਂ- ਵੱਖ ਚੋਣਾ ਲੜੀਆਂ ਹਨ, ਪਰ ਅੰਦਰੂਨੀ ਤੌਰ ‘ਤੇ ਅਕਾਲੀ ਦਲ ਬਾਦਲ ਅਤੇ ਭਾਜਪਾ ਇੱਕਮਿੱਕ ਸਨ। ਉਨਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਕਿਸਾਨ ਵਿਰੋਧੀ ਕਾਲੇ ਖੇਤੀਬਾੜੀ ਕਾਨੂੰਨਾਂ ਦਾ ਕੇਂਦਰ ਸਰਕਾਰ ‘ਚ ਰਹਿ ਕੇ ਸਮਰਥਨ ਕੀਤਾ ਸੀ ਅਤੇ ਬਾਹਰ ਅਖਬਾਰਾਂ ਰਾਹੀਂ ਇਨਾਂ ਕਾਲੇ ਕਾਨੂੰਨਾਂ ਦੀ ਪੈਰਵੀ ਕੀਤੀ ਸੀ, ਪਰ ਕਿਸਾਨੀ ਸੰਘਰਸ਼ ਦੇ ਡਰ ਕਾਰਨ ਬਾਦਲਾਂ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਜੋ ਡਰਾਮਾ ਕੀਤਾ ਸੀ, ਉਸ ਡਰਾਮੇ ਤੋਂ ਮਜੀਠੀਆ ਨੇ ਪਰਦਾ ਹਟਾ ਦਿੱਤਾ ਸੀ।

 ਮਾਨ ਨੇ ਕਿਹਾ ਕਿ ਹੁਣ ਭਾਜਪਾ ਦੇ ਕੌਮੀ ਆਗੂ ਅਮਿਤ ਸ਼ਾਹ ਅਤੇ ਪੰਜਾਬ ਤੋ ਉਮੀਦਵਾਰ ਫਤਿਹਜੰਗ ਬਾਜਵਾ ਨੇ ਵੀ ਸੂਬੇ ‘ਚ ਭਾਜਪਾ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਅਤੇ ਇਸ ਦੇ ਲਈ ਅਕਾਲੀ ਦਲ ਬਾਦਲ ਨਾਲ ਗਠਜੋੜ ਹੋਣ ਦੀ ਪੁਸ਼ਟੀ ਕੀਤੀ ਹੈ। ਉਨਾਂ ਕਿਹਾ ਕਿ 10 ਮਾਰਚ ਨੂੰ ਆਉਣ ਵਾਲੇ ਨਤੀਜੇ ਕਿਸਾਨਾਂ ਅਤੇ ਪੰਜਾਬੀਆਂ ਨੂੰ ਧੋਖ਼ਾ ਦੇਣ ਵਾਲਿਆਂ ਦੀਆਂ ਉਮੀਦਾਂ ਖਿਲਾਫ਼ ਆਉਣਗੇ, ਕਿਉਂਕਿ ਪੰਜਾਬ ਦੇ ਲੋਕਾਂ ਨੇ ਸੱਤਾ ਬਦਲੀ ਲਈ ਵੋਟਾਂ ਪਾਈਆਂ ਹਨ, ਜਿਸ ਤੋਂ ਸਾਫ਼ ਸੰਦੇਸ਼ ਆ ਗਿਆ ਕਿ ਇਸ ਵਾਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।

Check Also

ਡਾ. ਹਮਦਰਦ ਦੀ ਤਲਬੀ ‘ਤੇ ਰੋਕ ਲਾਉਣ ਨਾਲ ਪੱਤਰਕਾਰੀ ਦੀ ਸ਼ਾਨ ਹੋਈ ਬਹਾਲ: ਬਲਬੀਰ ਸਿੱਧੂ

ਐਸ.ਏ.ਐਸ. ਨਗਰ: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ …

Leave a Reply

Your email address will not be published. Required fields are marked *