ਚੀਨ ’ਚ ਖਰਾਬ ਮੌਸਮ ਬਣਿਆ 21 ਮੈਰਾਥਨ ਦੌੜਾਕਾਂ ਦੀ ਮੌਤ ਦੀ ਵਜ੍ਹਾ

TeamGlobalPunjab
2 Min Read

ਬੀਜਿੰਗ: ਉੱਤਰੀ-ਪੱਛਮੀ ਚੀਨ ਵਿੱਚ ਬੇਹੱਦ ਖਰਾਬ ਮੌਸਮ ਕਾਰਨ 100 ਕਿਲੋਮੀਟਰ ਕ੍ਰਾਸ-ਕੰਟਰੀ ਪਰਬਤੀ ਮੈਰਾਥਨ ਵਿੱਚ ਭਾਗ ਲੈਣ ਵਾਲੇ 21 ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਸਿਨਹੂਆ ਨੇ ਦੱਸਿਆ ਕਿ ਗਾਂਸੂ ਸੂਬੇ ’ਚ ਇੱਕ ਸੈਰ-ਸਪਾਟੇ ਵਾਲੀ ਥਾਂ ‘ਯੈਲੋ ਰਿਵਰ ਸਟੋਨ ਫੌਰੈਸਟ’ ’ਚ ਦੌੜ ’ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਤੇਜ਼ ਹਵਾਵਾਂ ਤੇ ਬਰਫੀਲੇ ਮੀਂਹ ਦਾ ਸਾਹਮਣਾ ਕਰਨਾ ਪਿਆ।

ਪਰਬਤੀ ਮੈਰਾਥਨ ‘ਚ ਕੁੱਲ 172 ਲੋਕਾਂ ਨੇ ਹਿੱਸਾ ਲਿਆ ਸੀ। ਅਧਿਕਾਰਤ ਮੀਡੀਆ ਦੀ ਖ਼ਬਰ ਮੁਤਾਬਕ ਸ਼ਨੀਵਾਰ ਸਵੇਰੇ ਸਾਢੇ 9 ਵਜੇ ਤੱਕ ਮ੍ਰਿਤਕਾਂ ਦੀ ਗਿਣਤੀ ਵੱਧ ਕੇ 21 ਹੋ ਗਈ।ਮੈਰਾਥਨ ਵਿਚ ਹਿੱਸਾ ਲੈਣ ਵਾਲੇ ਹੋਰ 151 ਲੋਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਹੋਈ ਹੈ। ਇਹਨਾਂ ਵਿਚੋਂ 8 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹਨਾਂ ਦਾ ਇਕ ਹਸਪਤਾਲ ਵਿਚ ਇਲਾਜ ਕੀਤਾ ਗਿਆ।  ਇਸ ਘਟਨਾ ਤੋਂ ਬਾਅਦ ਮੁਕਾਬਲਾ ਰੋਕ ਦਿੱਤਾ ਗਿਆ।

- Advertisement -

ਬਚਾਅ ਹੈੱਡਕੁਆਰਟਰ ਅਨੁਸਾਰ ਸ਼ਨੀਵਾਰ ਦੁਪਹਿਰ 1 ਵਜੇ ਦੌੜ ਵਾਲੇ ਇਲਾਕੇ ਵਿੱਚ ਗੜ੍ਹੇਮਾਰੀ ਅਤੇ ਬਰਫ਼ੀਲੀ ਬਾਰਿਸ਼ ਹੋਈ ਅਤੇ ਤੇਜ਼ ਹਵਾਵਾਂ ਵੀ ਚੱਲੀਆਂ । ਵਾਯੂਮੰਡਲੀ ਤਾਪਮਾਨ ਵਿੱਚ ਅਚਾਨਕ ਗਿਰਾਵਟ ਦੇ ਕਾਰਨ ਲੋਕਾਂ ਨੂੰ ਮੁਸ਼ਕਿਲ ਹੋਣ ਲੱਗੀ । ਦੌੜ ਵਿੱਚ ਹਿੱਸਾ ਲੈਣ ਵਾਲੇ ਕੁਝ ਲੋਕਾਂ ਦੇ ਲਾਪਤਾ ਹੋਣ ਦੇ ਬਾਅਦ ਮੁਕਾਬਲਾ ਰੋਕ ਦਿੱਤਾ ਗਿਆ। ਦੱਸ ਦੇਈਏ ਕਿ ਬਾਇਯਿਨ ਸ਼ਹਿਰ ਦੇ ਮੇਅਰ ਝਾਂਗ ਸ਼ੁਚੇਨ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਸਥਾਨਕ ਸਰਕਾਰ ਨੇ ਲਾਪਤਾ ਲੋਕਾਂ ਦੀ ਤਲਾਸ਼ ਲਈ ਉਪਕਰਨਾਂ ਨਾਲ ਲੈਸ 1200 ਤੋਂ ਵੱਧ ਬਚਾਅਕਰਤਾਵਾਂ ਨੂੰ ਕੰਮ ‘ਤੇ ਲਗਾਇਆ। ਇਲਾਕੇ ਵਿਚ ਰਾਤ ਨੂੰ ਮੁੜ ਤਾਪਮਾਨ ਡਿੱਗ ਗਿਆ, ਜਿਸ ਨਾਲ ਤਲਾਸ਼ ਅਤੇ ਬਚਾਅ ਮੁਹਿੰਮ ਹੋਰ ਮੁਸ਼ਕਲ ਹੋ ਗਈ।

Share this Article
Leave a comment