ਚੰਡੀਗੜ੍ਹ : ਸਿਆਸੀ ਬਿਆਨਬਾਜੀਆਂ ਅਤੇ ਤਕਰਾਰਾਂ ਵਿਚਕਾਰ ਅੱਜ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਨੇਤਾਵਾਂ ਵੱਲੋਂ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾ ਕੇ ਉਸ ਅੱਗੇ ਦੀਵਾ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਉਸ ਸਮੇਂ ਇਹ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਕਿਸੇ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੋਵੇ। ਇਸ ਬਾਰੇ ਜਦੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਦੱਸਿਆ ਕਿ ਇਸ ਤਰ੍ਹਾਂ ਪ੍ਰਦਰਸ਼ਨ ਕਰਨ ਦੇ ਉਨ੍ਹਾਂ ਦੇ ਦੋ ਮਕਸਦ ਹਨ।
ਅਮਨ ਅਰੋੜਾ ਨੇ ਦੱਸਿਆ ਕਿ ਇਸ ਦਾ ਇਕ ਤਾਂ ਇਹ ਮਕਸਦ ਹੈ ਕਿ ਆਉਂਦੇ ਸਮੇਂ ਵਿੱਚ ਬਿਜਲੀ ਇੰਨੀ ਮਹਿੰਗੀ ਹੋ ਜਾਣੀ ਹੈ ਕਿ ਉਸ ਤੋਂ ਬਿੱਲ ਨਹੀਂ ਭਰਿਆ ਜਾਵੇਗਾ ਜਿਸ ਕਾਰਨ ਉਸ ਨੂੰ ਦੀਵੇ ਅਤੇ ਮੋਮਬੱਤੀਆਂ ਨਾਲ ਹੀ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੀ ਮਾੜੀ ਨੀਤੀ ਕਾਰਨ ਪੰਜਾਬ ਦੇ ਲੋਕ ਬਿਜਲੀ ਕੰਪਨੀਆਂ ਦੇ ਹੱਥੋਂ ਕੰਗਾਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਆਮ ਪਿੰਡਾਂ ਵਿੱਚ ਜਦੋਂ ਕਿਸੇ ਦਾ ਘਰ ਕੰਗਾਲ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਦਰਵਾਜ਼ੇ ‘ਤੇ ਦੀਵਾ ਚਲਦਾ ਹੈ ਅਤੇ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਆਮ ਲੋਕਾਂ ਦੇ ਘਰ ਦੇ ਬਾਹਰ ਦੀਵਾ ਬਾਲ ਦਿੱਤਾ ਹੈ। ਅਮਨ ਅਰੋੜਾ ਨੇ ਇੱਥੇ ਸ਼ਰੇਆਮ ਚੈਲੰਜ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਤੇ ਵੀ ਉਨ੍ਹਾਂ ਨਾਲ ਡਿਬੇਟ ਕਰ ਲੈਣ ਉਹ ਸਾਰੇ ਹਾਲਾਤ ਦੱਸ ਦੇਣਗੇ ਕਿ ਕਿਹੜੇ ਵਾਅਦੇ ਪੂਰੇ ਹੋਏ ਹਨ ਕਿਹੜੇ ਨਹੀਂ।