ਓਟਾਵਾ: 22 ਨਵੰਬਰ ਤੋਂ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਹਾਊਸ ਆਫ ਕਾਮਨਜ਼ ਵਿੱਚ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਨੇ ਕੋਵਿਡ 19 ਖਿਲਾਫ ਆਪਣਾ ਸੰਪੂਰਨ ਟੀਕਾਕਰਣ ਮੁਕੰਮਲ ਕਰਵਾਇਆ ਹੋਵੇਗਾ।
ਇਸ ਨਾਲ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਲਈ ਵੱਡੀ ਦਿੱਕਤ ਖੜ੍ਹੀ ਹੋ ਸਕਦੀ ਹੈ।ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕੀਤਾ ਹੋਇਆ ਹੈ ਕਿ ਉਨ੍ਹਾਂ ਦੇ 118 ਐਮਪੀਜ਼ ਵਿੱਚੋਂ ਕਿੰਨਿਆਂ ਵੱਲੋਂ ਟੀਕਾਕਰਣ ਪੂਰਾ ਕਰਵਾਇਆ ਗਿਆ ਹੈ। ਹੋਰਨਾਂ ਸਾਰੀਆਂ ਪਾਰਟੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਰੇ ਐਮਪੀਜ਼ ਨੂੰ ਹੈਲਥ ਕੈਨੇਡਾ ਵੱਲੋਂ ਮਨਜ਼ੂਰਸੁਦਾ ਵੈਕਸੀਨ ਦੇ ਦੋ ਸ਼ੌਟਸ ਲੱਗ ਚੁੱਕੇ ਹਨ।ਇੰਟਰਨਲ ਇਕੌਨਮੀ ਸਬੰਧੀ ਆਲ ਪਾਰਟੀ ਬੋਰਡ ਨੇ ਇਹ ਫੈਸਲਾ ਕੀਤਾ ਹੈ ਕਿ ਸਿਰਫ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਵਿਅਕਤੀਆਂ ਨੂੰ ਹੀ ਹਾਊਸ ਆਫ ਕਾਮਨਜ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਊਸ ਆਫ ਕਾਮਨਜ਼ ਆਮ ਜਨਤਾ ਲਈ ਬੰਦ ਰਹੇਗਾ। ਜੇ ਕਿਸੇ ਹੋਰ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਵੀ ਦਿੱਤੀ ਜਾਵੇਗੀ ਤਾਂ ਉਸ ਨੂੰ ਮਾਸਕ ਪਾਉਣਾ ਹੋਵੇਗਾ।