ਲੰਡਨ: ਬਰਤਾਨੀਆ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਦੀਵਾਲੀਆ ਐਲਾਨਿਆ ਹੈ। ਅਦਾਲਤ ਦੇ ਇਸ ਫ਼ੈਸਲੇ ਨਾਲ ਭਾਰਤੀ ਸਟੇਟ ਬੈਂਕ ਦੀ ਅਗਵਾਈ ਹੇਠਲੇ ਬੈਂਕਾਂ ਦੇ ਇੱਕ ਗਰੁੱਪ ਨੂੰ ਵਿਜੈ ਮਾਲਿਆ ਦੀ ਸੰਸਾਰ ਭਰ ਵਿਚਲੀ ਜਾਇਦਾਦ ਕੁਰਕ ਕਰਕੇ ਆਪਣੇ ਕਰਜ਼ਿਆਂ ਦੀ ਵਸੂਲੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
ਮਾਲਿਆ ਨੇ ਹੁਣ ਬੰਦ ਹੋ ਚੁੱਕੀ ਆਪਣੀ ਕਿੰਗਫਿਸ਼ਰ ਏਅਰਲਾਈਨਸ ਲਈ ਭਾਰਤੀ ਬੈਂਕਾਂ ਤੋਂ ਨੌਂ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਲਿਆ ਸੀ ਤੇ ਜਦੋਂ ਕੰਪਨੀ ਡੁੱਬੀ ਤਾਂ ਕਰਜ਼ ਚੁਕਾਏ ਬਿਨਾ ਹੀ ਉਹ ਲੰਡਨ ਭੱਜ ਗਿਆ। ਮਾਲਿਆ ਦੇ ਖਿਲਾਫ਼ ਭਾਰਤੀ ਸਟੇਟ ਬੈਂਕ ਦੀ ਅਗਵਾਈ ’ਚ ਭਾਰਤੀ ਬੈਂਕਾਂ ਦੇ ਇਕ ਸੰਘ ਨੇ ਬਰਤਾਨਵੀ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ।
ਆਈਸੀਸੀ ਜੱਜ ਮਿਸ਼ੈਲ ਬ੍ਰਿੱਗਜ਼ ਨੇ ਵੀਡੀਓ ਕਾਨਫਰੰਸ ਦੌਰਾਨ ਆਪਣੇ ਹੁਕਮ ਸੁਣਾਉਂਦਿਆਂ ਕਿਹਾ, ‘ਬਾਅਦ ਦੁਪਹਿਰ 3.42 ਵਜੇ (ਬਰਤਾਨਵੀ ਸਮੇਂ ਅਨੁਸਾਰ) ਅਦਾਲਤ ਵਿਜੈ ਮਾਲਿਆ ਨੂੰ ਦੀਵਾਲਿਆ ਐਲਾਨਦੀ ਹੈ।’ ਭਾਰਤੀ ਬੈਂਕਾਂ ਵੱਲੋਂ ਪੇਸ਼ ਹੋਏ ਬੈਰਿਸਟਰ ਮਾਰਸ਼ੀਆ ਸੈਕਰਡੈਮੀਅਨ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਇਹ ਹੁਕਮ ਭਾਰਤੀ ਬੈਂਕਾਂ ਦੇ ਹੱਕ ’ਚ ਦਿੱਤੇ ਜਾਣ। ਹਾਲਾਂਕਿ ਵਿਜੈ ਮਾਲਿਆ ਜ਼ਮਾਨਤ ’ਤੇ ਬਰਤਾਨੀਆ ’ਚ ਹੀ ਰਹੇਗਾ।
ਐਸਬੀਆਈ ਤੋਂ ਇਲਾਵਾ, ਬੈਂਕਾਂ ਦੇ ਇਸ ਸਮੂਹ ਵਿੱਚ ਬੈਂਕ ਆਫ ਬੜੌਦਾ, ਕਾਰਪੋਰੇਸ਼ਨ ਬੈਂਕ, ਫੈਡਰਲ ਬੈਂਕ ਲਿਮਟਿਡ, ਆਈਡੀਬੀਆਈ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਜੰਮੂ-ਕਸ਼ਮੀਰ ਬੈਂਕ, ਪੰਜਾਬ ਅਤੇ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਮੈਸੂਰ, ਯੂਕੋ ਬੈਂਕ, ਯੂਨਾਈਟਿਡ ਬੈਂਕ ਆਫ ਇੰਡੀਆ ਅਤੇ ਜੇ ਐਮ ਵਿੱਤੀ ਸੰਪਤੀ ਮੁੜ ਨਿਰਮਾਣ ਕੰਪਨੀ ਪ੍ਰਾਈਵੇਟ ਲਿਮਟਿਡ ਸ਼ਾਮਿਲ ਹਨ।