ਚੰਡੀਗੜ੍ਹ: ਪੰਜਾਬ ‘ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦਾ ਸਮਾਂ ਜਿਥੇ ਇੱਕ ਪਾਸੇ ਨੇੜੇ ਆ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆ ਵੱਲੋਂ ਇੱਕ ਦੂਜੇ ਨੂੰ ਰਗੜੇ ਲਾਏ ਜਾ ਰਹੇ ਹਨ। ਕਾਂਗਰਸ ਦੀ ਸੀਨੀਅਰ ਆਗੂ ਅਲਕਾ ਲਾਂਬਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਵਾਰ ਕੀਤਾ ਹੈ।
ਅਲਕਾ ਲਾਂਬਾ ਨੇ ਕੈਪਟਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਉਹ ਉਸੇ ਭਾਜਪਾ ਦੇ ਹੱਕ ਵਿੱਚ ਖੜ੍ਹੇ ਹਨ ਜਿਸ ਦੇ ਖਿਲਾਫ਼ ਉਹ ਮੋਰਚਾ ਖੋਲ੍ਹ ਕੇ ਰੱਖਦੇ ਸਨ। ਉਨ੍ਹਾਂ ਕੈਪਟਨ ਨੂੰ ਨਸੀਹਤ ਦਿੱਤੀ ਹੈ ਕਿ ਝੂਠੀਆਂ ਕਹਾਣੀਆਂ ਬਣਾਉਣੀਆਂ ਬੰਦ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਮਜ਼ੋਰ ਮੁੱਖ ਮੰਤਰੀ ਰਹੇ ਹੋਣਗੇ ਜਿੰਨ੍ਹਾਂ ਨੂੰ ਰੇਤ ਮਾਫੀਆ ਬਾਰੇ ਜਾਣਕਾਰੀ ਹੁੰਦੇ ਹੋਏ ਵੀ ਕਿਸੇ ਖਿਲਾਫ਼ ਕਾਰਵਾਈ ਨਹੀਂ ਕਰ ਸਕੇ।
ਅਲਕਾ ਲਾਂਬਾ ਨੇ ਕਿਹਾ ਕਿ ਕੈਪਟਨ ਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਹਟ ਜਾਣਾ ਹੀ ਪੰਜਾਬ ਦੇ ਹਿਤ ‘ਚ ਸੀ, ਕਿਉਂਕਿ ਪੰਜਾਬ ਨੂੰ ਝੂਠਾ ਤੇ ਕਮਜ਼ੋਰ ਸੀਐੱਮ ਨਹੀਂ ਚਾਹੀਦਾ।
ਦੱਸਣਯੋਗ ਹੈ ਕਿ ਪੰਜਾਬ ‘ਚ ਈਡੀ ਦੇ ਪਏ ਛਾਪਿਆਂ ਤੋਂ ਬਾਅਦ ਸਿਆਸਤ ਭਖੀ ਹੋਈ ਹੈ। ਈਡੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰੋਂ 8 ਕਰੋੜ ਰੁਪਏ ਸਣੇ ਕੁੱਲ 10 ਕਰੋੜ ਦੀ ਨਗਦੀ ਮਿਲਣ ਦਾ ਦਾਅਵਾ ਕੀਤਾ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਚਰਨਜੀਤ ਚੰਨੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਮੁੱਖ ਮੰਤਰੀ ਚੰਨੀ ਨੇ ਇਲਜ਼ਾਮ ਲਗਾਏ ਸਨ।