ਸੁਖਬੀਰ ਨੂੰ ਦੇਖ ਕੇ ਅਕਾਲੀ ਕੁੰਡਾ ਬੰਦ ਕਰ ਲੈਂਦੇ ਨੇ, ਕਿ ਕਿਤੇ ਕੰਧ ਉੱਤੋਂ ਦੀ ਟਿਕਟ ਅੰਦਰ ਨਾ ਸੁੱਟ ਜਾਵੇ : ਮਾਨ

TeamGlobalPunjab
4 Min Read

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਹਲਕਾ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ, ਕਿ ਅਕਾਲੀਆਂ ਦੀ ਹਾਲਤ ਇਸ ਵੇਲੇ ਸੂਬੇ ਅੰਦਰ ਬੇਹੱਦ ਪਤਲੀ ਹੈ ਤੇ ਉਨ੍ਹਾਂ ਨੂੰ ਟਿਕਟਾਂ ਵੰਡਣ ਲਈ 10 ਬੰਦੇ ਵੀ ਨਹੀਂ ਲੱਭ ਰਹੇ। ਮਾਨ ਅਨੁਸਾਰ ਹਾਲਾਤ ਇਹ ਹਨ, ਕਿ ਸੁਖਬੀਰ ਬਾਦਲ ਜਿਹੜੇ ਅਕਾਲੀ ਦੇ ਵੀ ਘਰ ਜਾਂਦਾ ਹੈ, ਅਗਲਾ ਅੱਗੋਂ ਘਰ ਦਾ ਕੁੰਡਾ ਬੰਦ ਕਰ ਲੈਂਦਾ ਹੈ, ਕਿ ਪ੍ਰਧਾਨ ਜੀ ਕਿਤੇ ਕੰਧ ਉੱਤੋਂ ਦੀ ਹੀ ਉਨ੍ਹਾਂ ਦੇ ਘਰ ਟਿਕਟ ਨਾ ਸੁੱਟ ਜਾਣ। ਉਨ੍ਹਾਂ ਕਿਹਾ, ਕਿ ਕੁੰਡੇ ਬੰਦ ਕਰਨ ਵਾਲੇ ਲੋਕ ਇਹ ਕਹਿੰਦੇ ਨੇ ਕਿ ਕਰਤੂਤਾਂ ਇਨ੍ਹਾਂ ਦੀਆਂ ਨੇ ਤੇ ਜੇਕਰ ਟਿਕਟ ਲੈ ਲਈ ਤਾਂ ਝੱਲਣਾ ਉਨ੍ਹਾਂ ਨੂੰ ਪਵੇਗਾ, ਜਿਹੜੇ ਟਿਕਟਾਂ ਲੈਣਗੇ। ਮਾਨ ਇੱਥੇ ਇੱਕ ਵਰਕਰ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਇੱਕ ਸਵਾਲ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਤਾਂ ਲੋਕਾਂ ਦੀਆਂ ਮਿਨਤਾਂ ਕਰਦਾ ਫਿਰਦੈ ਕਿ ਤਾਇਆ ਜੀ ਤੁਸੀਂ ਚੋਣ ਲੜ ਲਓ, ਚਾਚਾ ਜੀ ਤੁਸੀਂ ਚੋਣ ਲੜ ਲਓ, ਤੇ ਅੱਗੋਂ ਉਹ ਕਹਿ ਦਿੰਦੇ ਨੇ ਕਿ ਅਸੀਂ ਨਹੀਂ ਲੜਨਾ। ਮਾਨ ਅਨੁਸਾਰ ਸੰਗਰੂਰ ਵਿੱਚ ਵੀ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਹਨ ਤੇ ਉਨ੍ਹਾਂ ਨੂੰ ਲਗਦੈ ਕਿ ਪਰਮਿੰਦਰ ਢੀਂਡਸਾ ਆਪਣੀ ਟਿਕਟ ਵਾਪਸ ਕਰ ਸਕਦੇ ਨੇ, ਕਿਉਂਕਿ ਜਿਸ ਦਿਨ ਤੋਂ ਪਰਮਿੰਦਰ ਨੂੰ ਟਿਕਟ ਦਿੱਤੀ ਗਈ ਹੈ, ਉਸੇ ਦਿਨ ਤੋਂ ਸੁਖਦੇਵ ਸਿੰਘ ਢੀਂਡਸਾ ਦਿੱਲੀ ਤੋਂ ਸੰਗਰੂਰ ਆਪਣੇ ਘਰ ਆਏ ਹੀ ਨਹੀਂ ਹਨ ਤੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵਧਾਈ ਵੀ ਨਹੀਂ ਦਿੱਤੀ ਹੈ। ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਪਰਿਵਾਰਾਂ ‘ਚ ਪਵਾੜੇ ਪਾਉਂਦੇ ਫਿਰਦੇ ਹਨ ਕਿਉਂਕਿ ਛੋਟੇ ਬਾਦਲ ਕਹਿੰਦੇ ਨੇ ਕਿ ਉਹ ਆਪਣੇ ਪਿਤਾ ਦੀ ਗੱਲ ਨਹੀਂ ਮੰਨਦੇ ਤੇ ਹਾਲਾਤ ਇਹ ਹਨ ਕਿ ਉਹ ਤਾਂ ਆਪਣੇ ਪਿਤਾ ਨੂੰ ਪਿਤਾ ਵੀ ਨਹੀਂ ਮੰਨਦੇ, ਉਨ੍ਹਾਂ ਨੂੰ ਸਿਰਫ ਪਿਤਾ ਸਮਾਨ ਹੀ ਕਹਿੰਦੇ ਹਨ ਤੇ ਲੋਕਾਂ ਨੂੰ ਵੀ ਕਹਿੰਦੇ ਹਨ ਕਿ ਤੁਸੀਂ ਵੀ ਨਾ ਮੰਨੋ।

ਹਰਸਿਮਰਤ ਕੌਰ ਬਾਦਲ ‘ਤੇ ਸਿਆਸੀ ਹੱਲਾ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਬੀਬਾ ਜੀ ਆਪਣੇ ਲਈ ਕੋਈ ਸੁਰੱਖਿਅਤ ਸੀਟ ਲੱਭ ਰਹੇ ਸਨ ਤੇ ਉਹ ਸੀਟ ਉਨ੍ਹਾਂ ਨੂੰ ਪੂਰੇ ਪੰਜਾਬ ਵਿੱਚ ਕਿਤੋਂ ਨਹੀਂ ਲੱਭ ਰਹੀ। ਮਾਨ ਅਨੁਸਾਰ ਹਰਸਿਮਰਤ ਪਾਕਿਸਤਾਨ ਵੀ ਗਏ ਸਨ ਤੇ ਸ਼ਾਇਦ ਉਦੋਂ ਉਹ ਉੱਥੇ ਦੇਖ ਕੇ ਆਏ ਹੋਣ ਕਿ ਉੱਥੋਂ ਦੇ ਪੰਜਾਬ ਵਿੱਚ ਉਨ੍ਹਾਂ ਲਈ ਚੋਣ ਲੜਨ ਲਈ ਕਿਹੜਾ ਇਲਾਕਾ ਸੂਟ ਕਰਦਾ ਹੈ।

ਕਾਂਗਰਸ ਪਾਰਟੀ ਵੱਲੋਂ ਸੰਗਰੂਰ ਤੋਂ ਉਮੀਦਵਾਰ ਦੇਰੀ ਨਾਲ ਐਲਾਨੇ ਜਾਣ ਬਾਰੇ ਭਗਵੰਤ ਮਾਨ ਨੇ ਤਰਕ ਦਿੱਤਾ ਕਿ ਉਸ ਪਾਰਟੀ ਅੰਦਰ ਕੇਵਲ ਢਿੱਲੋਂ, ਵਿਜੇਇੰਦਰ ਸਿੰਗਲਾ ਤੇ ਬੀਬੀ ਰਜਿੰਦਰ ਕੌਰ ਭੱਠਲ ਵਿੱਚ ਮੈਂ ਮੈਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੈਂ ਮੈਂ ਇਸ ਲਈ ਨਹੀਂ ਚੱਲ ਰਹੀ ਕਿ ਮੈਂ ਚੋਣ ਲੜਾਂਗਾ, ਉੱਥੇ ਮੈਂ ਮੈਂ ਇਸ ਲਈ ਚੱਲ ਰਹੀ ਹੈ ਕਿ ਮੈਂ ਚੋਣ ਕਿਉਂ ਲੜਾਂ, ਤੂੰ ਲੜ ਲੈ।

- Advertisement -

ਐਸਆਈਟੀ ਜਾਂਚ ‘ਤੇ ਉੱਠੇ ਵਿਵਾਦ ਬਾਰੇ ਬੋਲਦਿਆਂ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੋਈ ਅਕਾਲੀਆਂ ਨੂੰ ਪੁੱਛੇ ਕਿ, ਕੀ ਸੁਖਬੀਰ ਬਾਦਲ ਤੋਂ ਪੁੱਛ ਕੇ ਐਸਆਈਟੀ ਬਣਾਈ ਜਾਵੇ, ਕਿ ਉਨ੍ਹਾਂ ਵਿਰੁੱਧ ਜਾਂਚ ਕਰਨੀ ਹੈ, ਤੇ ਕਿਹੜੇ ਕਿਹੜੇ ਅਧਿਕਾਰੀਆਂ ਨੂੰ ਲਿਆ ਜਾਵੇ? ਉਨ੍ਹਾਂ ਕਿਹਾ ਕਿ ਕਦੇ ਸੁਖਬੀਰ ਕਹਿ ਦਿੰਦੇ ਨੇ ਕਿ ਜਸਟਿਸ ਰਣਜੀਤ ਸਿੰਘ ਨੂੰ ਉਹ ਜੱਜ ਨਹੀਂ ਮੰਨਦੇ, ਕਦੇ ਉਹ ਕਹਿ ਦਿੰਦੇ ਨੇ ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਫਸਰ ਨਹੀਂ ਮੰਨਦੇ। ਉਨ੍ਹਾਂ ਸਵਾਲ ਕੀਤਾ ਕਿ, ਕੀ ਇਹ ਸਾਰੀਆਂ ਐਨਓਸੀਆਂ ਹੁਣ ਸੁਖਬੀਰ ਬਾਦਲ ਤੋਂ ਲੈਣੀਆਂ ਪੈਣਗੀਆਂ? ਕੀ ਕਦੇ ਦੋਸ਼ੀ ਤੋਂ ਪੁੱਛਿਆ ਜਾਂਦਾ ਹੈ ਕਿ ਤੇਰਾ ਕੇਸ ਕਿਸ ਕੋਲ ਲਾਇਆ ਜਾਵੇ? ਉਨ੍ਹਾਂ ਕਿਹਾ ਕਿ ਘਬਰਾਓ ਨਾ, ਲੋਕ ਵੀ 19 ਮਈ ਨੂੰ ਕਚਿਹਰੀ ਲਾਉਣਗੇ, ਫਿਰ ਸਾਰਾ ਪਤਾ ਲੱਗ ਜਾਵੇਗਾ।

Share this Article
Leave a comment