ਐਡਵੋਕੇਟ ਧਾਮੀ ਤੇ ਡਾ. ਚੀਮਾ ਨੇ ਪੰਜਾਬ, ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫ਼ੁੱਲਿਤ ਕਰਨ ਲਈ ਸਾਂਝੇ ਯਤਨਾਂ ਤੇ ਦਿੱਤਾ ਜ਼ੋਰ

Global Team
5 Min Read

ਸ੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਇੱਕ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ: ਦਸ਼ਾ ਤੇ ਦਿਸ਼ਾ ਵਿਸ਼ੇ ਤੇ ਕਾਰਵਾਈ ਇਸ ਕਾਨਫ਼ਰੰਸ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਉੱਧਰ ਇਸ ਮੌਕੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਕਾਨਫਰੰਸ ‘ਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਕਾਨਫਰੰਸ ਦੇ ਉਦਘਾਟਨੀ ਸਮਾਗਮ ‘ਚ ਬੋਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਥਾਨਕ ਖਾਲਸਾ ਕਾਲਜ ਵੱਲੋਂ ਕੀਤੇ ਇਸ ਉਪਰਾਲੇ ਲਈ ਕਾਲਜ ਪ੍ਰਿੰਸੀਪਲ, ਸਟਾਫ, ਬਾਹਰੋਂ ਆਏ ਵਿਦਵਾਨਾਂ ਤੇ ਖੋਜਾਰਥੀਆਂ ਨੂੰ ਮੁਬਾਰਕਬਾਦ ਦਿੱਤੀ । ਧਾਮੀ ਨੇ ਇਸ ਮੌਕੇ ਪੰਜਾਬੀ ਭਾਸ਼ਾ ਨੂੰ ਮੌਜੂਦਾ ਸਮੇਂ ‘ਚ ਪੇਸ਼ ਆ ਰਹੀਆਂ ਚੁਣੌਤੀਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਮਾਂ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਚਿੰਤਨ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹ ਕੌਮਾਂ ਇਤਿਹਾਸ ਚੋਂ ਖਤਮ ਹੋ ਜਾਂਦੀਆਂ ਨੇ ਜਿਹੜੀਆਂ ਕੌਮਾਂ ਆਪਣੀ ਬੋਲੀ, ਆਪਣਾ ਗੌਰਵਮਈ ਵਿਰਸਾ ਭੁੱਲ ਜਾਂਦੀਆਂ ਹਨ। ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਮੇਸ਼ਾਂ ਹੀ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਸੁਹਿਰਦ ਯਤਨ ਕੀਤੇ ਜਾਂਦੇ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਕੂਲਾਂ ‘ਚ ਪੈਂਤੀ ਅੱਖਰੀ ਦੇ ਬੋਰਡ ਲਗਵਾ ਆਪਣੀ ਭਾਸ਼ਾ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ, ਉਹਨਾਂ ਕਿਹਾ ਕਿ 27 ਤਰੀਕ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ‘ਚ ਪੰਜਾਬੀ ਭਾਸ਼ਾ ਤੇ ਵਿਰਸੇ ਦੀ ਸਾਂਭ ਸੰਭਾਲ ਲਈ ਐਡਵਾਈਜ਼ਰੀ ਬੋਰਡ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਅਡਵਾਈਜ਼ਰੀ ਬੋਰਡ ਦੇ ਮੈਂਬਰ ਵਿਦੇਸ਼ਾਂ ਤੋਂ ਲਏ ਜਾਣਗੇ । ਉੱਧਰ ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਖਾਲਸਾ ਕਾਲਜ ‘ਚ ਨੈਤਿਕ ਸਿੱਖਿਆ ਦੇ ਵਿਸ਼ੇ ਨੂੰ ਜ਼ਰੂਰੀ ਵਿਸ਼ੇ ਵੱਜੋਂ ਪੜ੍ਹਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਤੇ ਬੋਲਦਿਆਂ ਸਾਬਕਾ ਸਿੱਖਿਆ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਾਲਜ ਨੂੰ ਇਸ ਮਹੱਤਵਪੂਰਨ ਵਿਸ਼ੇ ਤੇ ਕਾਨਫਰੰਸ ਕਰਾਉਣ ਦੇ ਲਈ ਵਧਾਈ ਦਿੱਤੀ। ਡਾ. ਚੀਮਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਹੈ ਕਿ ਪੰਜਾਬੀ ਭਾਸ਼ਾ ਦੀ ਸਾਂਭ ਸੰਭਾਲ, ਪੰਜਾਬੀ ਭਾਸ਼ਾ ਨੂੰ ਬਦਲਦੇ ਸਮੇਂ ‘ਚ ਪੇਸ਼ ਆ ਰਹੀਆਂ ਚੁਣੌਤੀਆਂ ਦਾ ਹੱਲ ਲੱਭਣ ਤੇ ਭਾਸ਼ਾ ਦੀ ਪ੍ਰਫੁੱਲਤਾ ਦੇ ਲਈ ਅਜੋਕੇ ਸਮੇਂ ਦੀ ਤਕਨਾਲੋਜੀ ਦੀ ਵਰਤੋਂ ਦੇ ਲਈ ਸ਼੍ਰੋਮਣੀ ਕਮੇਟੀ ਯੋਗ ਅਗਵਾਈ ਕਰੇ ਤਾਂ ਜੋ ਪੰਜਾਬੀ ਭਾਸ਼ਾ ਦੀ ਅਮੀਰੀ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੇ ਵਿਦੇਸ਼ਾਂ ਤੱਕ ਪਹੁੰਚਾਇਆ ਜਾ ਸਕੇ। ਡਾ. ਚੀਮਾ ਨੇ ਕਿਹਾ ਕਿ ਮੌਜੂਦਾ ਦੌਰ ‘ਚ ਜਿੱਥੇ ਸਾਡੇ ਮੁਲਕ ਵਿਚ ਇਕ ਭਾਸ਼ਾ, ਇਕ ਰਾਸ਼ਟਰ ਤੇ ਇੱਕ ਧਰਮ ਵਰਗੀਆਂ ਗੱਲਾਂ ਤੇ ਚਰਚਾ ਹੋ ਰਹੀ ਹੈ ਉਥੇ ਸਮੇਂ ਦੀ ਲੋੜ ਹੈ ਕਿ ਆਪਣੀ ਵੱਖਰੀ ਹੋਂਦ ਤੇ ਆਪਣੀ ਵੱਖਰੀ ਤੇ ਨਿਆਰੀ ਭਾਸ਼ਾ ਦੀ ਪ੍ਰਫੁੱਲਤਾ ਲਈ ਰਲਕੇ ਯਤਨ ਕੀਤੇ ਜਾਣ।ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਾਨਫ਼ਰੰਸ ‘ਚ ਹੋਣ ਵਾਲੀਆਂ ਵਿਚਾਰਾਂ ਰਾਹੀਂ ਭਾਸ਼ਾ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਯਤਨ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਬੇਸ਼ੱਕ ਸਾਡੀ ਭਾਸ਼ਾ ਨੂੰ ਚੁਣੌਤੀਆਂ ਨੇ ਪਰ ਅੱਜ ਸਾਡੀ ਭਾਸ਼ਾ ਬੋਲਣ ਵਾਲੇ ਲੋਕ ਹਰ ਮੁਲਕ ਵਿਚ ਬੈਠੇ ਹਨ ਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਅਜੈਬ ਸਿੰਘ ਚੱਠਾ ਨੇ ਸਕਾਰਾਤਮਕ ਟਿੱਪਣੀ ਕਰਦਿਆਂ ਕਿਹਾ ਕਿ ਬੇਸ਼ੱਕ ਪੰਜਾਬੀ ਭਾਸ਼ਾ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੰਤੂ ਸਾਡੀ ਭਾਸ਼ਾ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜੀਵਤ ਰੱਖਣਾ ਹੈ। ਉਨ੍ਹਾਂ ਕਿਹਾ ਕਿ ਡੇਢ ਸੌ ਮੁਲਕਾਂ ‘ਚ ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ 14 ਕਰੋੜ ਲੋਕ ਹਨ ਤੇ ਜਿਸ ਭਾਸ਼ਾ ਨੂੰ ਇੰਨੇ ਲੋਕ ਬੋਲਦੇ ਹਨ ਉਹ ਭਾਸ਼ਾ ਕਦੇ ਨਹੀਂ ਮਰਦੀ। ਉਨ੍ਹਾਂ ਕਿਹਾ ਅਜਿਹੀਆਂ ਕਾਨਫ਼ਰੰਸਾਂ ਰਾਹੀਂ ਸਰੋਤੇ ਬਹੁਤ ਕੁੱਝ ਸਿੱਖਦੇ ਹਨ ਤੇ ਨਵੇਂ ਸਾਹਿਤ ਦੀ ਰਚਨਾ ਹੁੰਦੀ ਹੈ। ਉਹਨਾਂ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਕਾਨਫ਼ਰੰਸ ‘ਚ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਦੇ ਅਧਿਆਪਕਾਂ ਅਤੇ ਰਿਸਰਚ ਸਕਾਲਰਾਂ ਵੱਲੋਂ ਕਾਨਫਰੰਸ ਦੇ ਵਿਸ਼ੇ ਨਾਲ ਸੰਬੰਧਿਤ 100 ਦੇ ਕਰੀਬ ਪਰਚੇ ਵੀ ਪੜ੍ਹੇ ਗਏ। ਇਸ ਮੌਕੇ ਕਾਨਫ਼ਰੰਸ ਦੇ ਕਨਵੀਨਰ ਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਜਿੰਦਰ ਸਿੰਘ ਬਿਲਿੰਗ ਵੱਲੋਂ ਮੰਚ ਦਾ ਸੰਚਾਲਨ ਬਾਖੂਬੀ ਕੀਤਾ ਗਿਆ। ਅਕਾਦਮਿਕ ਸੈਸ਼ਨਸ ਦਾ ਮੰਚ ਸੰਚਾਲਨ ਡਾ.ਅਮਨਦੀਪ ਹੀਰਾ ਅਤੇ ਡਾ.ਗੁਰਪ੍ਰੀਤ ਕੌਰ ਵੱਲੋਂ ਕੀਤਾ ਗਿਆ।

Share this Article
Leave a comment