ਅਕਾਲੀ-ਭਾਜਪਾ ਗੱਠਜੋੜ ਟੁੱਟਣ ਕਿਨਾਰੇ, ਹਰਸਿਮਰਤ ਬਾਦਲ ਛੱਡਣਗੇ ਮੋਦੀ ਵਜ਼ਾਰਤ?

TeamGlobalPunjab
6 Min Read

ਜਗਤਾਰ ਸਿੰਘ ਸਿੱਧੂ

ਚੰਡੀਗੜ੍ਹ : ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਮੁੱਦੇ ‘ਤੇ ਭਾਜਪਾ ਨਾਲ ਹੋਏ ਸਬੰਧਾਂ ਦੇ ਵਿਗਾੜ ਦੇ ਮੱਦੇ ਨਜ਼ਰ ਵੱਡੇ ਸੰਕਟ ਵਿੱਚ ਘਿਰ ਗਿਆ ਹੈ। ਜਿੱਥੇ ਨਹੁੰ ਮਾਸ ਦੇ ਰਿਸ਼ਤੇ ਦਾ ਦਾਅਵਾ ਕਰਨ  ਵਾਲਾ ਅਕਾਲੀ ਭਾਜਪਾ ਗੱਠਜੋੜ ਟੁੱਟਦਾ ਨਜ਼ਰ ਆ ਰਿਹਾ ਹੈ ਉੱਥੇ ਭਾਜਪਾ ਸਮੇਤ ਪੰਜਾਬ ਦੀਆਂ ਸਮੁੱਚੀਆਂ ਵਿਰੋਧੀ ਧਿਰਾਂ ਨੇ ਅਕਾਲੀ ਦਲ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਹੋਰ ਤਾਂ ਹੋਰ ਭਾਜਪਾ ਦੇ ਸੀਨੀਅਰ ਨੇਤਾ ਆਖ ਰਹੇ ਹਨ ਕਿ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੇਲੇ ਕਦਰਾਂ ਕੀਮਤਾਂ ਹੋਰ ਸਨ ਅਤੇ ਸੁਖਬੀਰ ਸਿੰਘ ਬਾਦਲ ਵੇਲੇ ਕਦਰਾਂ ਕੀਮਤਾਂ ਅਤੇ ਪ੍ਰਸਥਿਤੀਆਂ ਬਦਲ ਚੁੱਕੀਆਂ ਹਨ। ਜਿਹੜੀ ਭਾਜਪਾ ਕੱਲ੍ਹ ਤੱਕ ਪੰਜਾਬ ਵਿੱਚ ਅਕਾਲੀ ਦਲ ਨੂੰ ਵੱਡਾ ਭਰਾ ਆਖਦੀ ਸੀ ਹੁਣ ਭਾਜਪਾ ਨੇਤਾ ਆਖ ਰਹੇ ਹਨ ਕਿ ਪੰਜਾਬ ਵਿੱਚ ਭਾਜਪਾ ਵੱਡੇ ਭਰਾ ਵੱਜੋਂ ਭੂਮਿਕਾ ਨਿਭਾਵੇਗੀ।

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜਿੱਥੇ ਆਮ ਆਦਮੀ ਪਾਰਟੀ ਕਰਕੇ ਪੰਜਾਬ ਦੀ ਦਿਲਚਸਪੀ ਦਾ ਕਾਰਨ ਬਣੀਆਂ ਹੋਈਆਂ ਹਨ ਉੱਥੇ ਹੁਣ ਅਕਾਲੀ ਭਾਜਪਾ ਰਿਸ਼ਤਾ ਤਿੜਕਣ ਕਰਕੇ ਪੰਜਾਬੀਆਂ ਦੀਆਂ ਨਜ਼ਰਾਂ ਵਿੱਚ ਦਿੱਲੀ ਚੋਣਾਂ ਦੀ ਅਹਿਮੀਅਤ ਹੋਰ ਵੱਧ ਗਈ ਹੈ। ਇਹ ਚੋਣਾਂ ਉਸ ਵੇਲੇ ਹੋ ਰਹੀਆਂ ਹਨ ਜਦੋਂ ਦੇਸ਼ ਅੰਦਰ ਨਾਗਰਿਕਤਾ ਸੋਧ ਐਕਟ ਦੇ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ਨੂੰ ਦੇਸ਼ ਦੀਆਂ ਵੱਖ ਵੱਖ ਧਿਰਾਂ ਵੱਲੋਂ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਇਸ ਐਕਟ ਵਿੱਚ ਧਰਮ ਨੂੰ ਅਧਾਰ ਕਿਉਂ ਬਣਾਇਆ ਗਿਆ ਹੈ ਜਦ਼ ਕਿ ਦੇਸ਼ ਦਾ ਸੰਵਿਧਾਨ ਸਾਰੇ ਧਰਮਾਂ ਨੂੰ ਬਰਾਬਰ ਸਤਿਕਾਰ ਦਾ ਹੱਕ ਦਿੰਦਾ ਹੈ। ਖਾਸ ਤੌਰ ‘ਤੇ ਮੁਸਲਿਮ ਭਾਈਚਾਰੇ ਨੂੰ ਨਵੀ ਸੋਧ ਵਿੱਚ ਥਾਂ ਦੇਣ ਤੋਂ ਬਾਹਰ ਰੱਖਿਆ ਗਿਆ ਹੈ ਤਾਂ ਵਿਰੋਧੀ ਧਿਰਾਂ ਮੁਸਲਿਮ ਭਾਈਚਾਰੇ ਨੂੰ ਐਕਟ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਹੀਆਂ ਹਨ।

ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਮੁਸਲਮਾਨਾਂ ਨੂੰ ਦੂਜੇ ਧਰਮਾਂ ਦੇ  ਬਰਾਬਰ  ਸੋਧ ਵਿੱਚ ਥਾਂ ਦੇਣ ਲਈ ਕਿਹਾ ਗਿਆ ਹੈ। ਇਨ੍ਹਾਂ ਪ੍ਰਸਿਥੀਆਂ ਵਿੱਚ ਅਕਾਲੀ ਦਲ ਦੀ ਲੀਡਰਸ਼ਿੱਪ ਉੱਤੇ ਇਹ ਲਗਾਤਾਰ ਦਬਾਅ ਬਣਿਆ ਹੋਇਆ ਹੈ ਕਿ ਅਕਾਲੀ ਦਲ ਨੇ ਪਾਰਲੀਮੈਂਟ ਅੰਦਰ ਨਾਗਰਿਕਤਾ ਸੋਧ ਐਕਟ ਦੇ ਹੱਕ ਵਿੱਚ ਵੋਟ ਕਿਉਂ ਪਾਈ? ਹੁਣ ਦਿੱਲੀ ਦੀਆਂ ਚੋਣਾਂ ਆਈਆਂ ਤਾਂ ਭਾਜਪਾ ਨੇ ਸਾਫ ਕਰ ਦਿੱਤਾ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਤੱਕੜੀ ਚੋਣ ਨਿਸ਼ਾਨ ‘ਤੇ ਨਹੀਂ ਲੜਾਇਆ ਜਾ ਸਕਦਾ। ਪਿਛਲੀ ਵਾਰ ਦੀ ਭਾਜਪਾ ਦੇ ਕਮਲ ਦੇ ਨਿਸ਼ਾਨ ‘ਤੇ ਅਕਾਲੀ ਦਲ ਦੇ ਉਮੀਦਵਾਰ ਨੇ ਦਿੱਲੀ ਵਿੱਚ ਚੋਣ ਲੜੀ ਸੀ। ਇਸ ਨਾਲੋਂ ਵੀ ਵੱਡਾ  ਮਾਮਲਾ ਨਾਗਰਿਕਤਾ ਸੋਧ ਐਕਟ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦਾ ਹੈ। ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਦਬਾਅ ਪਾ ਰਹੀ ਹੈ ਕਿ ਦਿੱਲੀ ਦੀਆਂ ਚੋਣਾਂ ਲੜਨੀਆਂ ਹਨ ਤਾਂ ਨਾਗਰਿਕਤਾ ਸੋਧ ਐਕਟ ਦੀ ਮੁਕੰਮਲ ਹਮਾਇਤ ਕੀਤੀ ਜਾਵੇ ਅਤੇ ਅਕਾਲੀ ਦਲ ਦਾ ਕਿੰਤੂ ਪ੍ਰੰਤੂ ਪ੍ਰਵਾਨ ਨਹੀਂ ਹੈ।

- Advertisement -

ਅਕਾਲੀ ਦਲ ਦੀ ਲੀਡਰਸ਼ਿੱਪ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਅਕਾਲੀ ਦਲ ਨਾਗਰਿਕਤਾ ਸੋਧ ਐਕਟ ਬਾਰੇ ਭਾਜਪਾ ਦਾ ਦਬਾਅ ਪ੍ਰਵਾਨ ਨਹੀਂ ਕਰਦਾ  ਅਤੇ ਦਿੱਲੀ ਚੋਣਾਂ ਦਾ ਬਾਈਕਾਟ ਕਰਦਾ ਹੈ। ਇਹ ਬਿਆਨ ਦੇ ਕੇ  ਅਕਾਲੀ ਦਲ ਦਿੱਲੀ ਦੀਆਂ ਚੋਣਾਂ ਤੋਂ ਤਾਂ ਪੱਲਾ ਝਾੜ ਗਿਆ ਹੈ ਪਰ ਇਸ ਫੈਸਲੇ ਨੇ ਹੋਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਟਕਸਾਲੀ ਅਕਾਲੀ ਦਲ ਅਤੇ ਦਿੱਲੀ ਦੀਆਂ ਕਈ ਪੰਥਕ ਧਿਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਧਿਰ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਅਕਾਲੀ ਦਲ ਨਾਮੋਸ਼ੀ ਭਰੀ ਹਾਰ ਤੋਂ ਡਰ ਕੇ ਚੋਣ ਮੈਦਾਨ ਵਿੱਚੋਂ ਭੱਜ ਗਿਆ ਹੈ। ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ਹੋਰਾਂ ਵੱਲੋਂ ਸੁਖਬੀਰ ਬਾਦਲ ਵਿਰੁੱਧ ਪਹਿਲਾਂ ਹੀ ਮੋਰਚਾ ਖੋਲ੍ਹਿਆ ਹੋਇਆ ਹੈ। ਪੰਜਾਬ ਦੇ ਕਾਂਗਰਸੀ ਆਗੂਆਂ ਅਤੇ ਆਪ ਦੇ ਆਗੂਆਂ ਵੱਲੋਂ ਸਵਾਲ ਕੀਤੇ ਜਾ ਰਹੇ ਹਨ ਕਿ ਜੇਕਰ ਅਕਾਲੀ ਦਲ ਨਾਗਰਿਕਤਾ ਸੋਧ ਕਨੂੰਨ ਦੇ ਮੌਜੂਦਾ ਸਰੂਪ ਦੇ ਵਿਰੁੱਧ ਸੀ ਤਾਂ ਅਕਾਲੀ ਦਲ ਨੇ ਪਾਰਲੀਮੈਂਟ ਅੰਦਰ ਨਵੇਂ ਐਕਟ ਦੇ ਹੱਕ ਵਿੱਚ ਵੋਟ ਕਿਉਂ ਪਾਈ? ਅਕਾਲੀ ਦਲ ਦੀਆਂ ਦਲੀਲਾਂ ਇਸ ਬਾਰੇ ਫਿੱਕੀਆਂ ਪੈ ਰਹੀਆਂ ਹਨ।

ਇਸ ਤੋਂ ਵੀ ਵੱਡਾ ਸਵਾਲ ਤਾਂ ਇਹ ਖੜ੍ਹਾ ਹੋ ਗਿਆ ਹੈ ਕਿ ਜੇਕਰ ਨਾਗਰਿਕਤਾ ਸੋਧ ਐਕਟ ਬਾਰੇ ਸਿਧਾਂਤਕ ਤੌਰ ‘ਤੇ ਉਨ੍ਹਾਂ ਨੇ ਭਾਜਪਾ ਦਾ ਦਬਾਅ ਮੰਨਣ ਤੋਂ ਇਨਕਾਰ ਕਰਕੇ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਹੈ ਤਾਂ ਪੰਜਾਬ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸਿਧਾਂਤਕ ਫੈਸਲੇ ਦਾ ਕੀ ਬਣੇਗਾ? ਇਹ ਸਾਫ ਹੈ ਕਿ ਭਾਜਪਾ ਦੇ ਨੇਤਾ ਤਾਂ ਨਾਗਰਿਕਤਾ ਸੋਧ ਐਕਟ ਵਾਲੇ ਸਟੈਂਡ ‘ਤੇ  ਡਟ ਕੇ ਖੜ੍ਹੇ ਹਨ ਅਤੇ ਲੜਾਈ ਲੜ ਰਹੇ ਹਨ। ਇਸ ਤਰ੍ਹਾਂ ਅਕਾਲੀ ਦਲ ਦਾ ਫੈਸਲਾ ਵੀ ਸਪੱਸ਼ਟ ਕਰਦਾ ਹੈ ਕਿ ਪੰਜਾਬ ਵਿੱਚ ਵੀ ਗੱਠਜੋੜ ਅਧੀਨ ਚੋਣਾਂ ਨਹੀਂ ਲੜੀਆਂ ਜਾ ਸਕਦੀਆਂ। ਹੁਣ ਮਾਮਲਾ ਇੱਥੇ ਆ ਕੇ ਖੜ੍ਹ ਗਿਆ ਹੈ ਕਿ ਕੀ ਅਕਾਲੀ ਦਲ ਆਪਣੇ ਸਟੈਂਡ ਤੋਂ ਪਿੱਛੇ ਹਟਕੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨਾਲ ਹੱਥ ਮਿਲਾਏਗਾ ਜਾਂ ਪੰਜਾਬ ਵਿੱਚ ਆਪਣੇ ਬਲਬੂਤੇ ਚੋਣਾਂ ਲੜੇਗਾ? ਜੇਕਰ ਅਕਾਲੀ ਦਲ ਮੁੜ ਆਪਣੇ ਸਟੈਂਡ ਵਿੱਚ ਤਬਦੀਲੀ ਕਰੇਗਾ ਤਾਂ ਇਹ ਰਾਜਸੀ ਤੌਰ ‘ਤੇ ਆਤਮ ਹੱਤਿਆ ਤੋਂ ਘੱਟ     ਨਹੀਂ ਹੋਵੇਗਾ? ਅਕਾਲੀ ਦਲ ਨੇ ਦਿੱਲੀ ਦੀਆਂ ਚੋਣਾਂ ਤਾਂ ਭਾਜਪਾ ਨਾਲ ਸਿਧਾਂਤਕ ਮਤਭੇਦ ਕਰਕੇ ਛੱਡ ਦਿੱਤੀਆਂ ਪਰ ਕੀ ਹਰਸਿਮਰਤ ਕੌਰ ਬਾਦਲ ਵੀ ਮੋਦੀ ਦੀ ਵਜ਼ਾਰਤ ਛੱਡਣਗੇ? ਅਕਾਲੀ ਦਲ ਦੇ ਵਿਰੋਧੀਆਂ ਵੱਲੋਂ ਸਵਾਲ ਪੁੱਛਣਾ ਸੁਭਾਵਿਕ ਹੈ।

Share this Article
Leave a comment