Home / ਓਪੀਨੀਅਨ / ਕਿਸਾਨ ਭਰਾਵਾਂ ਲਈ ਵਿਸ਼ੇਸ਼ ਜਾਣਕਾਰੀ – ਕਣਕ ਵਿੱਚ ਪਹਿਲੇ ਪਾਣੀ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਕਿਵੇਂ ਕਰੀਏ?

ਕਿਸਾਨ ਭਰਾਵਾਂ ਲਈ ਵਿਸ਼ੇਸ਼ ਜਾਣਕਾਰੀ – ਕਣਕ ਵਿੱਚ ਪਹਿਲੇ ਪਾਣੀ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਕਿਵੇਂ ਕਰੀਏ?

-ਸਿਮਰਜੀਤ ਕੌਰ, ਵਿਵੇਕ ਕੁਮਾਰ ਅਤੇ ਅਮਨਦੀਪ ਕੌਰ

ਕਿਸੇ ਵੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਨਦੀਨ ਫ਼ਸਲ ਦਾ ਝਾੜ ਘਟਾਉਣ ਦੇ ਨਾਲ ਨਾਲ ਫ਼ਸਲਾਂ ਦੇ ਮਿਆਰ ਅਤੇ ਮੰਡੀਕਰਨ ਤੇ ਵੀ ਬੁਰਾ ਪ੍ਰਭਾਵ ਪਾਉਂਦੇ ਹਨ। ਕਣਕ ਦੀ ਫ਼ਸਲ ਵਿੱਚ ਘਾਹ ਵਾਲੇ ਨਦੀਨਾਂ ਵਿੱਚੋਂ ਗੁੱਲੀ ਡੰਡਾ, ਬੂੰਈ, ਲੂੰਬੜ ਘਾਹ, ਜੰਗਲੀ ਜਵੀ ਆਦਿ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਜਿਵੇਂ ਕਿ ਬਾਥੂ, ਜੰਗਲ਼ੀ ਪਾਲਕ, ਮੈਣਾ/ਖੰਡੀ, ਬਟਨ ਬੂਟੀ, ਜੰਗਲੀ ਹਾਲੋਂ, ਪਿਤਪਾਪਰਾ, ਬਿੱਲੀ ਬੂਟੀ, ਜੰਗਲੀ ਸੇਂਜੀ ਆਦਿ ਦੀ ਪ੍ਰਮੁੱਖ ਤੌਰ ਭਰਮਾਰ ਹੁੰਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕਣਕ ਵਿੱਚ ਇਹਨਾਂ ਨਦੀਨਾਂ ਦੀ ਰੋਕਥਾਮ ਲਈ ਹੇਠ ਲਿਖੀਆ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ।

ਘਾਹ ਦੀ ਰੋਕਥਾਮ- ਗੁੱਲੀ ਡੰਡਾ ਕਣਕ ਦੀ ਫ਼ਸਲ ਵਿੱਚ ਸਭ ਤੋਂ ਵੱਧ ਨੁਕਸਾਨ ਕਰਨ ਵਾਲਾ ਨਦੀਨ ਹੈ।ਇਕੋ ਹੀ ਨਦੀਨਨਾਸ਼ਕ ਦੀ ਲਗਾਤਾਰ ਵਰਤੋਂ ਕਰਕੇ ਗੁੱਲੀ ਡੰਡੇ ਵਿੱਚ ਨਦੀਨਨਾਸ਼ਕਾਂ ਲਈ ਪ੍ਰਤੀਰੋਧਕ ਸ਼ਕਤੀ ਪੈਦਾ ਹੋ ਗਈ ਹੈ। ਇਸ ਲਈ ਇਸਦੀ ਰੋਕਥਾਮ ਲਈ ਸਾਨੂੰ ਸਿਰਫ਼ ਨਦੀਨ ਨਾਸ਼ਕਾਂ ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਸਗੋ ਸਰਵਪੱਖੀ ਨਦੀਨ ਪ੍ਰਬੰਧ ਨੂੰ ਤਰਜੀਹ ਦੇਣੀ ਚਾਹੀਦੀ ਹੈ। ਕਣਕ ਦੀ ਫ਼ਸਲ ਵਿੱਚ ਪਹਿਲੇ ਪਾਣੀ ਤੋਂ ਬਾਅਦ ਗੁੱਲੀ ਡੰਡੇ, ਜੰਗਲੀ ਜਵੀ ਅਤੇ ਲੂੰਬੜ ਘਾਹ (3-5 ਪੱਤਿਆਂ ਦੀ ਹਾਲਤ ਵਿੱਚ) ਦੀ ਰੋਕਥਾਮ ਲਈ ਪ੍ਰਤੀ ਏਕੜ 160 ਗ੍ਰਾਮ ਟੌਪਿਕ/ਪੁਆਇੰਟ/ਮੌਲਾਹ/ਰਕਸ਼ਕ ਪਲੱਸ/ਟੌਪਲ/ਮਾਰਕਕਲੋਡੀਨਾ/ਕੋਲੰਬਸ 15 ਡਬਲਯੂ ਪੀ (ਕਲੌਡੀਨਾਫ਼ਾਪ) ਜਾਂ 400 ਮਿਲੀਲਿਟਰ ਐਕਸੀਅਲ 5 ਈ ਸੀ (ਪਿਨੌਕਸਾਡਿਨ) ਜਾਂ 13 ਗ੍ਰਾਮ ਲੀਡਰ/ਮਾਰਕਸਲਫੋ ੭੫ ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 30-50 ਦਿਨਾਂ ‘ਤੇ ਛਿੜਕਾਅ ਕਰੋ। ਜਿਹਨਾਂ ਖੇਤਾਂ ਵਿੱਚ ਪਿਛਲੇ ਸਾਲਾਂ ਵਿੱਚ ਗੁੱਲੀ ਡੰਡੇ ਦੀ ਜ਼ਿਆਦਾ ਸਮੱਸਿਆ ਆਈ ਹੋਵੇ ਅਤੇ ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਨਾਲ ਗੁੱਲੀ ਡੰਡਾ ਨਾ ਮਰਿਆ ਹੋਵੇ ਤਾਂ, ਉਹਨਾਂ ਖੇਤਾਂ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਸ਼ਗੁਨ 21-11 ਜਾਂ ਏ ਸੀ ਐਮ-9 ਦੀ ਵਰਤੋਂ ਨੂੰ ਤਰਜੀਹ ਦਿਓ। ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਇਕੱਠੀ ਰੋਕਥਾਮ ਲਈ ਟੋਟਲ/ਮਾਰਕਪਾਵਰ, ਐਟਲਾਂਟਿਸ, ਸ਼ਗੁਨ 21-11 ਅਤੇ ਏ ਸੀ ਐਮ-੯ ਨਦੀਨ ਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੂੰਈ ਦੀ ਰੋਕਥਾਮ ਲਈ ਜੜ੍ਹਾਂ ਰਾਹੀਂ ਅਸਰ ਕਰਨ ਵਾਲੇ ਨਦੀਨਨਾਸ਼ਕ ਜਿਵੇਂ ਕਿ ਲੀਡਰ/ਮਾਰਕਸਲਫੋ, ਟੋਟਲ/ਮਾਰਕਪਾਵਰ, ਐਟਲਾਂਟਿਸ, ਸ਼ਗੁਨ 21-11 ਅਤੇ ਏ ਸੀ ਐਮ-9 ਨੂੰ ਪਹਿਲ ਦਿਉ।

ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ- ਚੌੜੇ ਪੱਤੇ ਵਾਲੇ ਨਦੀਨਾਂ ਜਿਵੇਂ ਕਿ ਬਾਥੂ, ਬਿੱਲੀ ਬੂਟੀ, ਜੰਗਲੀ ਸੇਂਜੀ, ਪਿਤਪਾਪਰਾ, ਜੰਗਲੀ ਹਾਲੋਂ, ਮੈਣਾ ਅਤੇ ਮੈਣੀ ਦੀ ਰੋਕਥਾਮ ਲਈ ਪ੍ਰਤੀ ਏਕੜ 250 ਗ੍ਰਾਮ 2, 4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਜਾਂ 250 ਮਿਲੀਲਿਟਰ 2, 4-ਡੀ ਈਥਾਈਲ ਐਸਟਰ 38 ਈ ਸੀ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਸਮੇਂ ਸਿਰ ਬੀਜੀ ਕਣਕ ਵਿੱਚ 35 ਤੋਂ 45 ਦਿਨਾਂ ਤੇ ਅਤੇ ਪਿਛੇਤੀ (ਦਸੰਬਰ ਵਿੱਚ) ਬੀਜੀ ਫ਼ਸਲ ਲਈ 45 ਤੋਂ 55 ਦਿਨਾਂ ਤੇ ਸਪਰੇਅ ਕਰਨੀ ਚਾਹੀਦੀ ਹੈ।ਫ਼ਸਲ ਵਿੱਚ ਖਾਸ ਤੌਰ ‘ਤੇ ਜੰਗਲੀ ਪਾਲਕ ਅਤੇ ਕੰਡਿਆਲੀ ਪਾਲਕ ਦੀ ਰੋਕਥਾਮ ਲਈ ਬਿਜਾਈ ਤੋਂ 30 ਤੋਂ 35 ਦਿਨਾਂ ਤੇ 10 ਗ੍ਰਾਮ ਪ੍ਰਤੀ ਏਕੜ ਐਲਗਰਿਪ/ਐਲਗਰਿਪ ਰਾਇਲ/ਮਾਰਕਗਰਿਪ/ਮਕੋਤੋ 20 ਡਬਲਯੂ ਪੀ (ਮੈਟਸਲਫੂਰਾਨ) ਨੂੰ 150੦ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਬਟਨ ਬੂਟੀ ਦੀ ਰੋਕਥਾਮ ਲਈ ਬਿਜਾਈ ਤੋਂ 25-30 ਦਿਨਾਂ ਤੇ 20 ਗ੍ਰਾਮ ਪ੍ਰਤੀ ਏਕੜ ਏਮ/ਅਫਿਨਟੀ 40 ਡੀ ਐਫ (ਕਾਰਫੈਨਟਰਾਜ਼ੋਨ ਈਥਾਈਲ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਵਰਤੋ। ਇਸ ਤੋਂ ਇਲਾਵਾ ਮਕੋਹ, ਲੇਹ, ਰਾਰੀ/ਰਿਵਾਰੀ ਅਤੇ ਹਿਰਨਖੁਰੀ ਦੀ ਰੋਕਥਾਮ ਲਈ 20 ਗ੍ਰਾਮ ਪ੍ਰਤੀ ਏਕੜ ਲਾਂਫਿਡਾ 50 ਡੀ ਐਫ (ਮੈਟਸਲਫੂਰਾਨ + ਕਾਰਫੈਨਟਰਾਜ਼ੋਨ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 25-30 ਦਿਨਾਂ ਤੇ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ ਕਣਕ ਵਿੱਚ ਕੋਈ ਚੌੜੇ ਪੱਤਿਆਂ ਵਾਲੀ ਫ਼ਸਲ ਰਲਾ ਕੇ ਬੀਜੀ ਹੋਵੇ ਤਾਂ ਇਹਨਾਂ ਨਦੀਨ ਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਇਕੱਠੀ ਰੋਕਥਾਮ- ਪਹਿਲੇ ਪਾਣੀ ਤੋਂ ਬਾਅਦ 30-35 ਦਿਨਾਂ ਦੀ ਫ਼ਸਲ ਵਿੱਚ 16 ਗ੍ਰਾਮ ਟੋਟਲ/ਮਾਰਕਪਾਵਰ 75 ਡਬਲਯੂ ਜੀ (ਸਲਫ਼ੋਸਲਫ਼ੂਰਾਨ + ਮੈਟਸਲਫ਼ੂਰਾਨ) ਜਾਂ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਜੀ (ਮਿਜ਼ੋਸਲਫ਼ੂਰਾਨ + ਆਈਡੋਸਲਫ਼ੂਰਾਨ) ਜਾਂ 200 ਗ੍ਰਾਮ ਸ਼ਗੁਨ 21-11 (ਮੈਟਰੀਬਿਊਜ਼ਿਨ + ਕਲੋਡੀਨਾਫਾਪ) ਜਾਂ 240 ਗ੍ਰਾਮ ਏ ਸੀ ਐਮ-9 (ਕਲੋਡੀਨਾਫਾਪ + ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜਿਥੇ ਕਣਕ ਤੋਂ ਬਾਅਦ ਜਵਾਰ ਜਾਂ ਮੱਕੀ ਬੀਜਣੀ ਹੋਵੇ ਤਾਂ ਉੱਥੇ ਲੀਡਰ/ ਮਾਰਕਸਲਫੋ/ ਟੋਟਲ/ ਮਾਰਕਪਾਵਰ ਦੀ ਵਰਤੋਂ ਨਾ ਕਰੋ। ਹਲਕੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿੱਚ ਜਿੱਥੇ ਫ਼ਸਲ ਦਾ ਵਾਧਾ ਵਧੀਆ ਨਾ ਹੁੰਦਾ ਹੋਵੇ ਜਾਂ ਜਿੱਥੇ ਉੱਨਤ ਪੀ ਬੀ ਡਬਲਯੂ 550 ਕਿਸਮ ਬੀਜੀ ਹੋਵੇ, ਉਥੇ ਸ਼ਗੁਨ 21-11 ਜਾਂ ਏ ਸੀ ਐਮ-9 ਦੀ ਵਰਤੋਂ ਨਾ ਕਰੋ। ਜੇਕਰ ਕਣਕ ਵਿੱਚ ਕੋਈ ਚੌੜੇ ਪੱਤਿਆਂ ਵਾਲੀ ਫ਼ਸਲ ਰਲਾ ਕੇ ਬੀਜੀ ਹੋਵੇ, ਉਸ ਖੇਤ ਵਿੱਚ ਲੀਡਰ/ਮਾਰਕਸਲਫੋ, ਟੋਟਲ/ਮਾਰਕਪਾਵਰ, ਐਟਲਾਂਟਿਸ, ਸ਼ਗੁਨ 21-11 ਅਤੇ ਏ ਸੀ ਐਮ-9 ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਇਹ ਖਿਆਲ ਰੱਖੋ ਕਿ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਫਲੈਟਫੈਨ ਜਾਂ ਫਲੱਡ ਜੈਟ (ਕੱਟ ਜਾਂ ਟੱਕ) ਨੋਜ਼ਲ ਦੀ ਵਰਤੋਂ ਕਰੋ। ਨਦੀਨਨਾਸ਼ਕ ਦਾ ਛਿੜਕਾਅ ਫਲੈਟ ਫੈਨ ਨੋਜ਼ਲ ਵਾਲੇ ਪਾਵਰ ਸਪਰੇਅਰ ਜਾਂ ਟਰੈਕਟਰ ਵਾਲੇ ਪੰਪ ਨਾਲ ਵੀ ਹੋ ਸਕਦਾ ਹੈ। ਇਕਸਾਰ ਛਿੜਕਾਅ ਕਰਨ ਲਈ ਮਲਟੀ-ਨੋਜ਼ਲਾਂ ਵਾਲੇ ਬੂਮ ਸਪਰੇਅਰ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ।ਛਿੜਕਾਅ ਕਰਨ ਸਮੇ ਨੋਜ਼ਲ ਦੀ ਉਚਾਈ ਜ਼ਮੀਨ ਤੋਂ ਜਾਂ ਫ਼ਸਲ ਜਾਂ ਨਦੀਨ ਤੋਂ ਤਕਰੀਬਨ ਡੇਢ ਫੁੱਟ ਉੱਚੀ ਰੱਖੋ। ਨਦੀਨਾਂ ਵਿੱਚ ਰੋਧਣ ਸ਼ਕਤੀ ਪੈਦਾ ਹੋਣ ਤੋਂ ਰੋਕਣ ਲਈ ਨਦੀਨ ਨਾਸ਼ਕਾਂ ਦੀ ਹਰ ਸਾਲ ਅਦਲ-ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ। ਬਚੇ ਹੋਏ ਨਦੀਨਾਂ ਦੇ ਬੂਟਿਆਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦੇਣਾ ਚਾਹੀਦਾ ਹੈ ਤਾਂ ਕਿ ਅਗਲੀ ਫ਼ਸਲ ਵਿੱਚ ਨਦੀਨਾਂ ਦੀ ਸਮੱਸਿਆ ਘੱਟ ਸਕੇ। ਹਰ ਸਾਲ ਇਸ ਤਰ੍ਹਾਂ ਕਰਨ ਨਾਲ ਨਦੀਨਾਂ ਦੀ ਸਮੱਸਿਆ ਕਾਫ਼ੀ ਹੱਦ ਤੱਕ ਘਟਾਈ ਜਾ ਸਕਦੀ ਹੈ।

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.