ਲੀਰੋ-ਲੀਰ ਹੋਈ ‘ਆਪ’ ਹੁਣ ਧਾਗਾ-ਧਾਗਾ ਹੋਣ ਲੱਗੀ? ਖਹਿਰਾ ਸਣੇ 5 ਵਿਧਾਇਕਾਂ ਦੇ ਪਾਰਟੀ ਛੱਡਣ ਤੋਂ ਬਾਅਦ ਹੁਣ ਬਾਕੀ 15 ਵੀ 4 ਧੜ੍ਹਿਆਂ ‘ਚ ਵੰਡੇ ਗਏ? ਅਮਨ ਅਰੋੜਾ ਕਿਉਂ ਨਾ ਰੌਲਾ ਪਾਉਣ?

TeamGlobalPunjab
11 Min Read

ਪਟਿਆਲਾ :  ਕੋਈ ਵੇਲਾ ਸੀ ਜਦੋਂ ਪੰਜਾਬ ਦੀ ਸਿਆਸਤ ਸਬੰਧੀ ਸੋਸ਼ਲ ਮੀਡੀਆ ‘ਤੇ ਜੇਕਰ ਕਿਸੇ ਪਾਰਟੀ ਜਾਂ ਆਗੂ  ਵਿਸ਼ੇਸ ਦੀ ਚਰਚਾ ਸਭ ਤੋਂ ਵੱਧ ਹੋਇਆ ਕਰਦੀ ਸੀ, ਤਾਂ ਉਹ ਸੀ ਆਮ ਆਦਮੀ ਪਾਰਟੀ ਤੇ ਸੁਖਪਾਲ ਸਿੰਘ ਖਹਿਰਾ। ਸਮਾਂ ਬਦਲਿਆ ਤੇ ਖਹਿਰਾ ਦੇ ਬਠਿੰਡਾ ਤੋਂ ਲੋਕ ਸਭਾ ਚੋਣ ਹਾਰਨ ਦੇ ਨਾਲ ਸੋਸ਼ਲ ਮੀਡੀਆ ਦੀ ਇਸ ਲਹਿਰ ਨੇ ਆਪਣਾ ਰੁੱਖ ਖਹਿਰਾ ਤੋਂ ਨਵਜੋਤ ਸਿੰਘ ਸਿੱਧੂ ਵੱਲ ਮੋੜ ਲਿਆ। ਜਿਸ ਤਰ੍ਹਾਂ ਉਸ ਲਹਿਰ ਨੇ, ਉਸ ਵੇਲੇ ਪੰਜਾਬ ਦੇ ਬਾਕੀ ਮੁੱਦਿਆਂ ਨੂੰ ਸੋਸ਼ਲ ਮੀਡੀਆ ‘ਤੇ ਦੱਬੀ ਰੱਖਿਆ ਸੀ, ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਚਲ ਰਹੀ ਇਸ ਲਹਿਰ ਨੇ ਵੀ ਪੰਜਾਬ ਦੇ ਬਾਕੀ ਮੁੱਦਿਆਂ ਨੂੰ ਬੁਰੀ ਤਰ੍ਹਾਂ ਦੱਬ ਰੱਖਿਆ ਹੈ। ਅੱਜ ਜੇਕਰ ਕੋਈ ਵੱਡੀ ਤੋਂ ਵੱਡੀ ਖਬਰ ਵੀ ਸੋਸ਼ਲ ਮੀਡੀਆ ‘ਤੇ ਨਸ਼ਰ ਹੁੰਦੀ ਹੈ, ਤਾਂ ਉਸ ਵਿੱਚ ਜਦੋਂ ਤੱਕ ਸਿੱਧੂ ਦਾ ਜਿਕਰ ਨਹੀਂ ਆਉਂਦਾ ਉਦੋਂ ਤੱਕ ਯੂਟਿਊਬ, ਫੇਸਬੁੱਕ, ਵਟ੍ਹਸਐਪ ਅਤੇ ਇੰਸਟਾਗ੍ਰਾਮ ‘ਤੇ ਬੈਠੇ ਲੋਕ ਉਸ ਖ਼ਬਰ ਨੂੰ ਦੇਖਣਾ ਪਸੰਦ ਹੀ ਨਹੀਂ ਕਰਦੇ। ਸ਼ਾਇਦ ਇਹੋ ਕਾਰਨ ਹੈ, ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਇੱਕ ਇੱਕ ਗਤੀਵਿਧੀ ‘ਤੇ ਨਜ਼ਰ ਰੱਖਣ ਵਾਲੀ ਸੋਸ਼ਲ ਮੀਡੀਆ ਦੀ ਫੌਜ ਨੂੰ ਅੱਜ ਕੱਲ੍ਹ ਇਹ ਵੀ ਦਿਖਾਈ ਦੇਣਾ ਵੀ ਬੰਦ ਹੋ ਗਿਆ ਹੈ ਕਿ ਖਹਿਰਾ ਸਣੇ ਪੰਜ ਵਿਧਾਇਕਾਂ ਨੇ ਜਿਸ ਆਮ ਆਦਮੀ ਪਾਰਟੀ ਨੂੰ ਅਲਵੀਦਾ ਕਹਿ ਦਿੱਤਾ ਹੈ, ਦੋਸ਼ ਹੈ ਕਿ 20 ਵਿਧਾਇਕਾਂ ਵਾਲੀ ਉਹ ਆਮ ਆਦਮੀ ਪਾਰਟੀ ਦੀ ਗਿਣਤੀ ਜਦੋਂ ਹੁਣ 15 ਰਹਿ ਗਈ ਹੈ ਤਾਂ ਉਦੋਂ ਵੀ ਉਹ ਆਪਸ ਵਿੱਚ ਲੜਨੋ ਬਾਜ਼ ਨਹੀਂ ਆ ਰਹੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਵੇਲੇ ਇਨ੍ਹਾਂ 15 ਵਿਧਾਇਕਾਂ ਦੇ ਵੀ ਚਾਰ ਵੱਖੋ ਵੱਖ ਗੁੱਟ ਬਣ ਚੁੱਕੇ ਹਨ ਤੇ ਜਿਸ ਆਪ ਨੂੰ ਪੰਜਾਬ ਵਿਧਾਨ ਸਭਾ ਦੀਆਂ 2017 ਚੋਣਾਂ ਦੌਰਾਨ 25 ਪ੍ਰਤੀਸ਼ਤ ਵੋਟਾਂ ਹਾਸਲ ਹੋਈਆਂ ਸਨ, 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਸ ‘ਆਪ’ਦਾ ਵੋਟ ਗ੍ਰਾਫ  ਡਿੱਗ ਕੇ 7 ਪ੍ਰਤੀਸ਼ਤ ‘ਤੇ ਆ ਗਿਆ ਹੈ ਤੇ ਜਿਸ ਨੂੰ  ਦੇਖ ਕੇ ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਅਮਨ ਅਰੋੜਾ ਸਵਾਲ ਕਰਦੇ ਹਨ ਕਿ ਇਸ 7 ਪ੍ਰਤੀਸ਼ਤ ਵਿੱਚੋਂ ਵੀ ਜਦੋਂ 4 ਫੀਸਦੀ ਵੋਟ ਬੈਂਕ ਇਕੱਲੇ ਭਗਵੰਤ ਮਾਨ ਦਾ ਹੋਵੇ, ਤਾਂ ਉਸ ਵੇਲੇ ਤੁਸੀਂ 3 ਪ੍ਰਤੀਸ਼ਤ ਵੋਟ ਬੈਂਕ ਨਾਲ ਸੂਬੇ ਦੇ ਲੋਕਾਂ ਨੂੰ ਤੀਜਾ ਬਦਲ ਦੇਣ ਦਾ ਦਾਅਵਾ ਕਰਦਿਆਂ 2022 ‘ਚ ਚੋਣਾਂ ਕਿਸ ਮੂੰਹ ਨਾਲ ਲੜੋਂਗੇ?

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ‘ਚ ਪਿਛਲੇ ਸਮੇਂ ਦੌਰਾਨ ਘਟਨਾਕ੍ਰਮ ਬੜੀ ਤੇਜ਼ੀ ਨਾਲ ਬਦਲੇ ਹਨ। ਪਹਿਲਾਂ ਸੁਖਪਾਲ ਸਿੰਘ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਛੱਡੀ। ਜਿਸ ਤੋਂ ਬਾਅਦ ਲੋਕ ਸਭਾ ਚੋਣਾਂ ਦੌਰਾਨ ਜਦੋਂ ਇਹ ਸਮਝਿਆ ਜਾ ਰਿਹਾ ਸੀ ਕਿ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਇਸ ਤੋਂ ਕੋਈ ਸਬਕ ਲਿਆ ਹੋਵੇਗਾ, ਪਰ ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਅੱਗੇ ਸੋਚਣ ਦਾ ਕੋਈ ਮੌਕਾ ਮਿਲਦਾ ਪਹਿਲਾਂ ਨਾਜ਼ਰ ਸਿੰਘ ਮਾਨਸ਼ਾਹੀਆ, ਤੇ ਫਿਰ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ‘ਆਪ’ ਤੋਂ ਅਸਤੀਫਾ ਦੇ ਕੇ ਕਾਂਗਰਸ ਦਾ ਪੱਲਾ ਫੜ ਲਿਆ। ਇਸ ਤੋਂ ਇਲਾਵਾ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਪਾਰਟੀ ਛੱਡਣ ਦੇ ਆਪਣੇ ਹੀ ਕਾਰਨ ਦੱਸ ਦਿੱਤੇ ਹਨ, ਤੇ ਇਹ ਕਾਰਨ ਵੀ ਆਮ ਆਦਮੀ ਪਾਰਟੀ ਦੇ ਉਨ੍ਹਾਂ ਲੋਕਾਂ ਨੂੰ ਪਾਰਟੀ ਨਾਲੋਂ ਦੂਰ ਕਰਨ ਵਿੱਚ ਕਾਫੀ ਸਹਾਇਕ ਹੋਏ ਜਿਹੜੇ ਫੂਲਕਾ ਵੱਲ ਦੇਖ ਕੇ ‘ਆਪ’ ‘ਚ ਸੁਧਾਰ ਦੀ ਕੁਝ ਉਮੀਦ ਲਾਈ ਬੈਠੇਸ ਸਨ। ਸ਼ਾਇਦ ਇਹੋ ਕਾਰਨ ਰਿਹਾ ਕਿ ਅੰਨ੍ਹਾ ਹਜ਼ਾਰੇ ਅੰਦੋਲਨ ਵਿੱਚੋਂ ਨਿੱਕਲੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ‘ਚ 100 ਸੀਟਾਂ ਲੈ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਉਹ ‘ਆਪ’ ਵਾਲਿਆਂ ਦੇ ਨਾਲ ਜੇਕਰ ਭਗਵੰਤ ਮਾਨ ਵਰਗੀ ਸਖ਼ਸ਼ੀਅਤ ਨਾ ਹੁੰਦੀ ਤਾਂ ਉਸ ਦਾ ਮੌਜੂਦਾ 7 ਪ੍ਰਤੀਸ਼ਤ ਵੋਟ ਬੈਂਕ ਵੀ ਅੰਕੜਿਆਂ ਵਿੱਚ 3 ਪ੍ਰਤੀਸ਼ਤ ਹੀ ਨਜ਼ਰ ਆਉਂਦਾ।

ਇੱਥੇ ਇਹ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਇਹ ਹਾਲਤ ਹਰਿਆਣਾ, ਯੂਪੀ, ਦਿੱਲੀ ਅਤੇ ਦੇਸ਼ ਕੁਝ ਹੋਰ ਉਨ੍ਹਾਂ ਰਾਜਾਂ ਵਿੱਚ ਪੰਜਾਬ ਨਾਲੋਂ ਵੀ ਮਾੜੀ ਹੋਈ, ਤੇ ਇਨ੍ਹਾਂ ਰਾਜਾਂ ਵਿੱਚ ‘ਆਪ’ ਨੂੰ ਕਿਤੇ ਅੱਧਾ ਪ੍ਰਤੀਸ਼ਤ ਵੋਟ ਪਈ ਤੇ ਕਿਤੇ ਅੱਧੇ ਤੋਂ ਵੀ ਅੱਧਾ ਪ੍ਰਤੀਸ਼ਤ। ਕਈ ਇਲਾਕੇ ਤਾਂ ਅਜਿਹੇ ਸਨ ਕਿ ਜਿੱਥੇ ‘ਆਪ’ ਦਾ ਵੋਟ ਬੈਂਕ ਗਿਣਾਉਣ ਲੱਗਿਆਂ ਵੀ ਅੰਕੜੇ ਦੱਸਣ ਵਾਲਿਆਂ ਨੂੰ ਇਹ ਸੋਚਣ ਲਈ ਮਜਬੂਰ ਕਰਦਾ ਸੀ ਕਿ ਇਹ ਅੰਕੜਾ ਮੈਂ ਬੋਲਾਂ ਕੇ ਨਾ।

ਕੁੱਲ ਮਿਲਾ ਕੇ ਸਾਰੇ ਘਟਨਾਕ੍ਰਮ ਪਾਰਟੀ ਦੀ ਪੰਜਾਬ ਇਕਾਈ ਨੂੰ ਇਹ ਦੱਸਣ ਲਈ ਕਾਫੀ ਸਨ ਕਿ ਹੁਣ ਵੀ ਸੰਭਲ ਜਾਓ ‘ਆਪ’ ਵਾਲਿਓ ਇਕੱਠੇ ਹੋ ਜਾਓ, ਛੱਡ ਦਿਓ ਪੁਰਾਣੀ ਬਿੱਲੀਆਂ ਦੀ ਲੜਾਈ, ਨਹੀਂ ਤਾਂ 3 ਪ੍ਰਤੀਸ਼ਤ ਬਾਕੀ ਬਚਦੇ ਉਹ ਲੋਕ ਵੀ ਤੁਹਾਡੇ ਕੋਲੋਂ ਦੂਰ ਹੋ ਜਾਣਗੇ ਜਿਹੜੇ ਅਜੇ ਵੀ ਤੁਹਾਡੇ ਤੋ਼ ਤੀਜੇ ਬਦਲ ਦੀ ਆਸ ਲਾਈ ਬੈਠੇ ਹਨ, ਪਰ ਜੇਕਰ ਪਾਰਟੀ ਦੇ ਮੌਜੂਦਾ ਹਾਲਾਤ ਦੇਖੀਏ ਤਾਂ ਅਜਿਹਾ ਬਿਲਕੁਲ ਨਹੀਂ ਜਾਪਦਾ ਕਿ ‘ਆਪ’ ਵਾਲਿਆਂ ਨੇ ਦੇਸ਼ ਤਾਂ ਕੀ ਪੰਜਾਬ ਅੰਦਰ ਵੀ ਪਾਰਟੀ ਦੇ ਹੋਏ ਹਸ਼ਰ ਤੋਂ ਕੋਈ ਸਬਕ ਲਿਆ ਹੋਵੇਗਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿਹੜੇ 15 ਵਿਧਾਇਕ ਮੌਜੂਦਾ ਸਮੇਂ ਵੀ ਪਾਰਟੀ ਕੋਲ ਬਕਾਇਆ ਬਚਦੇ ਹਨ, ਉਨ੍ਹਾਂ ਵਿੱਚੋਂ ਵੀ ਕੰਵਰ ਸੰਧੂ ਅਤੇ ਉਨ੍ਹਾਂ ਦੇ ਨਾਲ ਦੇ ਅੱਡ ਹੋਏ ਜਗਦੇਵ ਸਿੰਘ ਕਮਾਲੂ, ਜਗਤਾਰ ਸਿੰਘ ਜੱਗਾ, ਪਿਰਮਿਲ ਸਿੰਘ ਖਾਲਸਾ ਦਾ ਇੱਕ ਗੁੱਟ ਤਾਂ ਪਹਿਲਾਂ ਹੀ ਵੱਖਰਾ ਬਣਿਆ ਹੋਇਆ ਸੀ, ਪਰ ਦੋਸ਼ ਹੈ ਕਿ ਹੁਣ ਬਾਕੀ ਬਚਦੇ ਵਿਧਾਇਕ ਵੀ 3 ਗੁੱਟਾਂ ‘ਚ ਵੰਡੇ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਗੁੱਟ ਭਗਵੰਤ ਮਾਨ ਦਾ, ਇੱਕ ਅਮਨ ਅਰੋੜਾ ਦਾ ਤੇ ਇੱਕ ਹਰਪਾਲ ਚੀਮਾਂ ਦਾ ਦੱਸਿਆ ਜਾ ਰਿਹਾ ਹੈ।

- Advertisement -

ਆਮ ਆਦਮੀ ਪਾਰਟੀ ਵਿਚਲੇ ਸੂਤਰ ਦਸਦੇ ਹਨ ਕਿ ਇਨ੍ਹਾਂ ਵਿੱਚੋਂ ਇਸ ਵੇਲੇ ਅਮਨ ਅਰੋੜਾ ਅਤੇ ਹਰਪਾਲ ਚੀਮਾਂ ਵਿਚਕਾਰ ਅੰਦਰੂਨੀ ਤਕਰਾਰਬਾਜੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਲੰਘੇ ਸਮੇਂ ਦੌਰਾਨ ਪਾਰਟੀ ਦੀ ਚੰਡੀਗੜ੍ਹ ਵਿਖੇ ਸੱਦੀ ਗਈ ਮੀਟਿੰਗ ਵਿੱਚ ਅਮਨ ਅਰੋੜਾ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ, ਉੱਥੇ ਦੂਜੇ ਪਾਸੇ ਅਮਨ ਅਰੋੜਾ ਵੀ ਆਏ ਦਿਨ ਇਕੱਲਿਆਂ ਹੀ ਪੱਤਰਕਾਰ ਸੰਮੇਲਨ ਕਰਕੇ ਮੀਡੀਆ ਨੂੰ ਸੂਬੇ ਦੇ ਮੁੱਦਿਆਂ ‘ਤੇ ਬਿਆਨ ਦੇ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੇਕਰ ਤੁਹਾਨੂੰ ਮੇਰੀ ਪ੍ਰਵਾਹ ਨਹੀਂ ਹੈ ਤਾਂ ਮੈ ਵੀ ਕਿਸੇ ਤੋਂ ਘੱਟ ਨਹੀਂ ਹਾਂ।

ਭਾਵੇਂ ਕਿ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਨੇ ਇਹ ਕਹਿ ਕੇ ਇਸ ਵਿਵਾਦ ਤੋਂ ਪੱਲਾ ਝਾੜ੍ਹਨ ਦੀ ਕੋਸ਼ਿਸ਼ ਕੀਤੀ ਹੈ ਕਿ ਅਮਨ ਅਰੋੜਾ ਨੂੰ ਪਾਰਟੀ ਮੀਟਿੰਗ ਵਿੱਚ ਨਾ ਸੱਦਣਾ ਕੋਈ ਗਲਤ ਫਹਿਮੀ ਹੋ ਸਕਦੀ ਹੈ ਤੇ ਉਨ੍ਹਾਂ ਦੇ ਅਰੋੜਾ ਨਾਲ ਕੋਈ ਮਤਭੇਦ ਨਹੀਂ ਹਨ, ਕਿਉਂਕਿ ਉਸ ਮਸਲੇ ਨੂੰ ਸੁਲਝਾ ਲਿਆ ਗਿਆ ਸੀ। ਪਰ ਇਸ ਦੇ ਬਾਵਜੂਦ ਚੀਮਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਕਿ ਅਮਨ ਅਰੋੜਾ ਪੱਤਰਕਾਰਾਂ ਨਾਲ ਆਪਣੇ ਪੱਧਰ ‘ਤੇ ਗੱਲਬਾਤ ਕਿਉਂ ਕਰ ਰਹੇ ਹਨ?

ਇੱਧਰ ਦੂਜੇ ਪਾਸੇ ਅਮਨ ਅਰੋੜਾ ਵੱਲੋਂ ਦਿੱਤੇ ਜਾ ਰਹੇ ਬਿਆਨ ਕਈ ਤਰ੍ਹਾਂ ਦੇ ਭੰਬਲਭੂਸੇ ਪੈਦਾ ਕਰ ਰਹੇ ਹਨ।ਅਰੋੜਾ ਇਹ ਤਾਂ ਕਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਅੰਦਰ ਕਿਸੇ ਨਾਲ ਕੋਈ ਲੜਾਈ ਨਹੀਂ ਹੈ, ਪਰ ਜਦੋਂ ਉਨ੍ਹਾਂ ਨੂੰ ਪਾਰਟੀ ਦੇ ਭਲੇ ਸਬੰਧੀ ਕੀਤੇ ਜਾ ਰਹੇ ਯਤਨਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਆਪਣੇ ਸ਼ਬਦਾਂ ਨੂੰ ਰੋਕ ਨਹੀਂ ਪਾਉਂਦੇ ਤੇ ਕਹਿੰਦੇ ਹਨ ਕਿ ਸਾਨੂੰ ਵਿਧਾਨ ਸਭਾ ਚੋਣਾਂ ਜਿੱਤਿਆਂ ਢਾਈ ਸਾਲ ਦੇ ਕਰੀਬ ਸਮਾਂ ਹੋ ਚੱਲਿਆ ਹੈ ਤੇ ਹੁਣ ਸਾਨੂੰ ਇਸ ਗੱਲ ਦਾ ਜਰੂਰ ਅਹਿਸਾਸ ਹੋਣਾ ਚਾਹੀਦਾ ਹੈ, ਕਿ ਅਸੀ਼ 25 ਪ੍ਰਤੀਸ਼ਤ ਵੋਟ ਬੈਂਕ ਤੋਂ ਘਟ ਕੇ ਅਸੀਂ 7 ਪ੍ਰਤੀਸ਼ਤ ਵੋਟ ਬੈਂਕ ‘ਤੇ ਕਿਉਂ ਆ ਗਏ ਹਾਂ? ਤੇ ਉਸ 7 ਪ੍ਰਤੀਸ਼ਤ ਵਿੱਚੋਂ ਵੀ ਜੇਕਰ ਭਗਵੰਤ ਮਾਨ ਦਾ 4 ਪ੍ਰਤੀਸ਼ਤ ਵੋਟ ਬੈਂਕ ਨਿੱਕਲ ਜਾਵੇ ਤਾਂ ਅਸੀਂ ਕਿੱਥੇ ਖੜ੍ਹੇ ਹਾਂ ? ਉਹ ਸਵਾਲ ਕਰਦੇ ਹਨ ਕਿ, ਕੀ ਅਸੀਂ ਸਿਰਫ ਇੰਨੇ ਘੱਟ ਵੋਟ ਬੈਂਕ ਨਾਲ ਅਗਲੀਆਂ ਚੋਣਾਂ ਵਿੱਚ ਲੋਕਾਂ ਕੋਲ ਜਾ ਸਕਦੇ ਹਾਂ? ਅਰੋੜਾ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਇਹ ਜਜਬਾਤ ਕਦੇ ਲਕੋਏ ਨਹੀਂ ਹਨ ਤੇ ਹਮੇਸ਼ਾ ਪਾਰਟੀ ਪੱਧਰ ‘ਤੇ ਵੀ ਇਨ੍ਹਾਂ ਜਜਬਾਤਾਂ ਨੂੰ ਰੱਖਿਆ ਹੈ। ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਅਮਨ ਅਰੋੜਾ ਅਨੁਸਾਰ ਇਸ ਵੇਲੇ ਉਹ ਜਿਸ ਥਾਂ ‘ਤੇ ਹਨ ਇੱਥੇ ਪਹੁੰਚਣ ਲਈ ਉਨ੍ਹਾਂ ਨੂੰ 17 ਸਾਲ ਦਾ ਲੰਮਾਂ ਸਿਆਸੀ ਸਫਰ ਤੈਅ ਕਰਨਾ ਪਿਆ ਹੈ। ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਕਿਤੇ ਪਾਰਟੀ ਨੂੰ ਪਹੁੰਚ ਰਹੇ ਨੁਕਸਾਨ ਦੀ ਗੱਲ ਆਉਂਦੀ ਹੈ ਤਾਂ ਉਦੋਂ ਉਨ੍ਹਾਂ ਵੱਲੋਂ ਕਹੇ ਗਏ ਸ਼ਬਦ ਕੁਝ ਲੋਕਾਂ ਨੂੰ ਚੁਭਦੇ ਤਾਂ ਜਰੂਰ ਹਨ, ਪਰ ਉਹ ਕਹਿੰਦੇ ਸਿਰਫ ਉਹੀ ਹਨ ਜੋ ਉਹ ਮਹਿਸੂਸ ਕਰਦਾ ਹਾਂ ਕਿਉਂਕਿ ਉਹ ਪਾਰਟੀ ਦੇ ਇੱਕ ਵਫਾਦਾਰ ਸਪਾਹੀ ਹਨ। ਅਮਨ ਅਰੋੜਾ ਇੱਥੇ ਚੇਤਾਵਨੀ ਦਿੰਦੇ ਹਨ ਕਿ ‘ਆਪ’ ਵਾਲਿਆਂ ਨੂੰ ਸਮਾਂ ਰਹਿੰਦਿਆਂ ਜਾਗਣ ਦੀ ਲੋੜ ਹੈ, ਤਾਂ ਕਿ ਜਿਹੜੇ ਲੋਕ ਉਨ੍ਹਾਂ ਦੀ ਪਾਰਟੀ ਵੱਲ ਤੀਜਾ ਬਦਲ ਦੇਣ ਦੀ ਉਮੀਦ ਨਾਲ ਝਾਕ ਰਹੇ ਹਨ, ਉਹ ਨਾ ਉਮੀਦ ਨਾ ਹੋ ਜਾਣ।

ਕੁੱਲ ਮਿਲਾ ਕੇ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਜੇਕਰ ਕੜੀ-ਦਰ-ਕੜੀ ਜੋੜ ਕੇ ਦੇਖਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਵੀ ‘ਆਪ’ ਨੇ ਆਪਣੀ ਪਹਿਲਾਂ ਵਾਲੀ ਅੰਦਰੂਨੀ ਲੜਾਈ ਤੋਂ ਕੋਈ ਸਬਕ ਨਹੀਂ ਲਿਆ ਤੇ ਇਸ ਲੜਾਈ ਨੂੰ ਦੇਖ ਕੇ ਹੁਣ ਲੋਕ ਵੀ ਇਹ ਸਵਾਲ ਕਰਨ ਲੱਗ ਪਏ ਹਨ ਕਿ, ਕੀ ਇੱਦਾਂ ਦੇ ਹੁੰਦੇ ਹਨ ਆਮ ਆਦਮੀ ਤੇ ਜੇਕਰ ਇੱਦਾਂ ਦੇ ਹੁੰਦੇ ਹਨ ਤਾਂ ਫਿਰ ਤਾਂ ਪੁਰਾਣੇ ਵਾਲੇ ਖਾਸ ਆਦਮੀ ਹੀ ਠੀਕ ਹਨ ਉਹ ਘੱਟੋ ਘੱਟ ਇਕੱਠੇ ਮਿਲ ਕੇ ਤਾਂ ਰਹਿੰਦੇ ਹਨ, ਇੱਥੇ ਤਾਂ ਇਹ ਵੀ ਨਹੀਂ ਪਤਾ ਕਿ ਅੱਜ ਵੋਟ ਪਾ ਕੇ ਅਸੀਂ ਕਿਸੇ ਨੂੰ ਵਿਧਾਇਕ ਚੁਣੀਏ ਤੇ ਕੱਲ੍ਹ ਨੂੰ ਅਗਲਾ ਪਾਲਾ ਬਦਲ ਕੇ ਕੋਈ ਆਪਣੀ ਪਾਰਟੀ ਬਣਾਈ ਬੈਠਾ ਹੋਵੇ? ਤੇ ਜਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਰਿਹਾ ਹੋਵੇ? ਤੇ ਜਦੋਂ ਇਹ ਸਵਾਲ ਸਾਹਮਣੇ ਆਉਂਦੇ ਹਨ ਤਾਂ ਦਿਮਾਗ ਇੱਕ ਜਗ੍ਹਾ ਖਲ੍ਹੋ ਜਾਂਦਾ ਹੈ ਜਿਸ ਵਿੱਚ ਮੱਥੇ ‘ਚੋਂ ਨਿੱਕਲ ਨਿੱਕਲ ਕੇ ਗੋਲ ਚੱਕਰ ਹਵਾ ਵਿੱਚ ਘੁਮੇਰੀਆਂ ਖਾਂਦਾ ਹੋਇਆ ਦਿਮਾਗ ਨੂੰ ਕੌਮਾਂ ‘ਚ ਪਏ ਮਰੀਜ਼ ਵਾਲੀ ਅਵਸਥਾ ‘ਚ ਲੈ ਜਾਂਦਾ ਹੈ ਜਿਹੜਾ ਕਿ ਦੇਖ, ਸੁਣ ਤੇ ਸਮਝ ਤਾਂ ਸਭ ਕੁਝ ਰਿਹਾ ਹੁੰਦਾ ਹੈ, ਪਰ ਕਰ ਕੁਝ ਨਹੀਂ ਸਕਦਾ।

Share this Article
Leave a comment