ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -4)- ਡਾ. ਰੂਪ ਸਿੰਘ

TeamGlobalPunjab
8 Min Read

ਸਿਆਣੇ ਕਹਿੰਦੇ ਹਨ ਕਿ ਆਪਣਾ ਘਰ ਆਪਣਾ ਹੀ ਹੁੰਦਾ ਹੈ। ਪੰਜਾਬ ਤੋਂ ਬਾਹਰ ਸਿੱਖਾਂ ਨੂੰ ਕਿੰਨੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਪੈਂਦਾ ਹੈ ਇਸ ਖੋਜ ਪੱਤਰ ਵਿੱਚੋਂ ਭਲੀਭਾਂਤ ਪ੍ਰਤੱਖ ਹੋ ਜਾਂਦਾ ਹੈ।  ਇਸ ਨੂੰ ਪੜ੍ਹ ਕੇ ਅਫ਼ਗਾਨਿਸਤਾਨ ਦੇ ਸਿੱਖਾਂ ਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ। ਸਿੱਖਾਂ ਦੇ ਕਿੰਨੇ ਗੁਰੂਘਰ ਅਫ਼ਗਾਨਿਸਤਾਨ ਵਿੱਚ ਸੁਸ਼ੋਭਿਤ ਸਨ ਪਰ ਵਰਤਮਾਨ ਸਮੇਂ ਉਨ੍ਹਾਂ ਦੇ ਨਿਸ਼ਾਨ ਤਕ ਨਹੀਂ ਮਿਲਦੇ। ਇਸ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੌਣ ਹੈ ਇਨ੍ਹਾਂ ਦਾ ਜ਼ਿੰਮੇਵਾਰ ? ਸਾਡੀਆਂ ਸ੍ਰਿਮੌਰ ਸੰਸਥਾਵਾਂ ਕੀ ਕਰ ਰਹੀਆਂ ਹਨ? ਕੀ ਹੈ ਇਸ ਦਾ ਹੱਲ? ਬਸ ਇਹ ਸਵਾਲ ਤੇ ਨਾਮੋਸ਼ੀ ਹੀ ਸਾਡੇ ਪੱਲੇ ਰਹਿ ਗਈ ਹੈ। -ਡਾ. ਗੁਰਦੇਵ ਸਿੰਘ


ਲੜੀ ਜੋੜਨ ਲਈ ਪਿਛਲਾ ਅੰਕ ਪੜੋ  : https://scooppunjab.com/global/afghani-sikhan-di-vithia-part-3-dr-roop-singh/

ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -4)

*ਡਾ. ਰੂਪ ਸਿੰਘ

ਕਾਬੁਲ ਵਿੱਚ ਧਾਰਮਿਕ ਸਥਾਨਾਂ ਤੋਂ ਇਲਾਵਾ ਭਾਈ ਕਰਤਾਰ ਸਿੰਘ ਕਾਬਲੀ ਦੇ ਘਰ “ਨੀਸ਼ਾਣ ਪਾਤਸ਼ਾਹੀ ਦਸਵੀਂ” ਸੁਰੱਖਿਅਤ ਸੰਭਾਲਿਆ ਹੋਇਆ ਸੀ। ਭਾਈ ਕਰਤਾਰ ਸਿੰਘ ਦੇ ਘਰ ਹੀ ਗੁਰੂ ਹਰਿਗੋਬਿੰਦ ਪਾਤਸ਼ਾਹ ਦਾ ਇੱਕ ਯਾਦਗਾਰੀ ਚੋਲ੍ਹਾ ਵੀ ਦੱਸਿਆ ਜਾਂਦਾ ਹੈ, ਜੋ ਭਾਈ ਬਸੰਤ ਸਿੰਘ ਪਾਸ ਕਾਬੁਲ ਦੇ ਮਸੰਦਾਂ ਰਾਹੀਂ ਆਇਆ। 1980 ‘ਚ ਕਾਬੁਲ ਵਿੱਚ 2 ਲੱਖ ਦੇ ਕਰੀਬ ਸਿੱਖ ਵੱਸਦੇ ਸਨ। 1989 ‘ਚ ਸ਼ੁਰੂ ਹੋਈ ਖਾਨਾਜੰਗੀ ਅਤੇ ਬਾਬਰੀ ਮਸਜਿਦ ਢਾਉਂਣ ਕਾਰਨ ਬਹੁਤ ਸਾਰੇ ਸਿੱਖ ਕਾਬੁਲ ਤੋਂ ਵੱਖ-ਵੱਖ ਦੇਸ਼ਾਂ ਵਿੱਚ ਹਿਜਰਤ ਕਰ ਗਏ ਹਨ। ਇਹਨਾਂ ਵੇਰਵਾਂ ਅਨੁਸਾਰ ਕਾਬੁਲ ਵਿੱਚ 8 ਗੁਰਦੁਆਰੇ ਸਥਾਪਤ ਸਨ ਪਰ ਹੁਣ ਸ੍ਰ. ਹੀਰਾ ਸਿੰਘ ਖਾਲਸਾ, ਜਰਨਲ ਸਕੱਤਰ ਦੇ ਦੱਸਣ ਅਨੁਸਾਰ ਕੇਵਲ ਇੱਕ ਗੁਰੂ ਘਰ ਹੀ ਸੁਰੱਖਿਅਤ ਹੈ।

- Advertisement -

ਗੁਰਦੁਆਰਾ ਟਿੱਬੀ ਸਾਹਿਬ, ਘੜੂਕਾ ਪਹਾੜ: ਇਹ ਇਤਿਹਾਸਕ ਅਸਥਾਨ ਕਾਬੁਲ ਤੋਂ 35 ਕਿਲੋਮੀਟਰ ਦੀ ਦੂਰੀ ‘ਤੇ ਰੇਤ ਦੀ ਟਿੱਬੀ ਉਪਰ ਸਥਿਤ ਹੈ। ਰੇਤ ਦੀ ਟਿੱਬੀ ਨੂੰ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਨਾਲ ਪਵਿਤਰਤਾ ‘ਤੇ ਇਤਿਹਾਸਕਤਾ ਪ੍ਰਾਪਤ ਹੋ ਗਈ। ਟਿੱਬੀ ਸਾਹਿਬ ਦਾ ਅਸਲ ਨਾਮ ਘੜੂਕਾ ਪਹਾੜ ਹੈ। ਇਸ ਬਾਰੇ ਇੱਕ ਰਵਾਇਤ ਪ੍ਰਚੱਲਤ ਹੈ ਕਿ ਦਿਨ ਵੇਲੇ ਰੇਤ ਇਕੱਠੀ ਹੋ ਜਾਂਦੀ ਹੈ ਤੇ ਰਾਤ ਨੂੰ ਆਪਣੇ ਆਪ ਹੀ ਖਿੰਡ ਪੁੰਡ ਜਾਂਦੀ  ਹੈ। ਇਸ ਜਗਾ ‘ਤੇ ਹੀ ਇੱਕ ਮਨੋਤ ਪ੍ਰਸਿੱਧ ਹੈ ਕਿ ਇਸ ਅਸਥਾਨ ‘ਤੇ ਸੰਗੀਤਕ ਧੁਨਾ ਤੇ ਘੋੜਿਆ ਦੇ ਪੌੜਾ ਦੀ ਆਵਾਜ਼ ਮਹਿਸੂਸ ਕੀਤੀ ਜਾ ਸਕਦੀ ਹੈ। ਘੋੜੇ ਦਿਖਾਈ ਨਹੀਂ ਦਿੰਦੇ ਪਰ ਰੇਤ ਉਪਰ ਘੋੜਿਆ ਦੇ ਪੌੜਾ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਅਫ਼ਗਾਨਿਸਤਾਨ ਵਿੱਚ ਇਸ ਸਥਾਨ ਦੀ ਬਹੁਤ ਮਾਨਤਾ ਤੇ ਮਹਾਨਤਾ ਹੈ। ਲੋਕ ਸ਼ਰਧਾ-ਸਤਿਕਾਰ ਨਾਲ ਤੂਤਾਂ ਦੀ ਮਠਿਆਈ ਦਾ ਬਣਾਇਆ ਕੜਾਹ-ਪ੍ਰਸ਼ਾਦਿ ਚੜਾਉਂਦੇ ਹਨ।ਗੁਰਦੁਆਰਾ ਕੋਠਾ ਸਾਹਿਬ ਪਿੰਡ ਅਸਕਾ ਗੁਰਦੁਆਰਾ ਟਿੱਬੀ ਸਾਹਿਬ ਘੜੂਕਾ ਪਹਾੜ ਦੇ ਨਜ਼ਦੀਕ ਪਿੰਡ ਅਸਕਾ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਫ਼ਗਾਨਿਸਤਾਨ ਯਾਤਰਾ ਨਾਲ ਸਬੰਧਤ ਦੂਸਰਾ ਸਥਾਨ ਹੈ। ਗਿਆਨੀ ਗਿਆਨ ਸਿੰਘ ਅਨੁਸਾਰ ਇਸ ਸਥਾਨਪੁਰ ਵੀ ਗੁਪਤ ਕੀਰਤਨ ਸੁਨਾਈ ਦਿੰਦਾ ਹੈ। ਹਰ ਐਤਵਾਰ ਨੂੰ ਮੇਲਾ ਭਰਦਾ, ਕਿਹਾ ਜਾਂਦਾ ਹੈ ਕਿ ਇਥੇ ਵੀ ਕੁੱਝ ਲੋਕਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਨਸੀਬ ਹੋਏ ਹਨ।

ਜਲਾਲਾਬਾਦ ਦੇ ਗੁਰਦੁਆਰੇ

ਕਾਬੁਲ ਵਾਂਗ ਹੀ ਜਲਾਲਾਬਾਦ ਅਫ਼ਗਾਨਿਸਤਾਨ ਦਾ ਪ੍ਰਸਿਧ-ਪੁਰਾਤਨ, ਇਤਿਹਾਸਕ ਸ਼ਹਿਰ ਹੈ, ਜੋ ਕਾਬੁਲ ਤੋਂ 175 ਕਿਲੋਮੀਟਰ ਤੇ ਪਾਕਿਸਤਾਨ ਦੀ ਸਰਹੱਦ ਤੋਂ 75 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਜਲਾਲਾਬਾਦ ਵਿੱਚ ਸਤਿਗੁਰੂ, ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਦੋ ਇਤਿਹਾਸਕ ਗੁਰਦੁਆਰੇ ਹਨ। ਡਾ. ਗੰਡਾ ਸਿੰਘ ਅਨੁਸਾਰ 1952 ਈਸਵੀ ਵਿੱਚ 260 ਦੇ ਕਰੀਬ ਅਫ਼ਗਾਨੀ ਸਿੱਖਾਂ-ਸੇਵਕਾਂ ਦੇ ਪਰਿਵਾਰ ਰਹਿੰਦੇ ਸਨ, ਜਿੰਨ੍ਹਾਂ ਦੀ ਅਬਾਦੀ 1500 ਦੇ ਕਰੀਬ ਸੀ। ਸ੍ਰ. ਹੀਰਾ ਸਿੰਘ ਖਾਲਸਾ ਦੇ ਦੱਸਣ ਅਨੁਸਾਰ 1980 ਈਸਵੀ ਤੀਕ ਇਹ ਆਬਾਦੀ ਖੂਬ ਵੱਧ ਚੁੱਕੀ ਸੀ। ਘਰੇਲੂ ਖਾਨਾ ਜੰਗੀ ਕਰਕੇ ਬਹੁਤ ਸਾਰੇ ਸਿੱਖ ਪਰਿਵਾਰ ਜਲਾਲਾਬਾਦ ਤੋਂ ਹਿਜਰਤ ਕਰ ਚੁੱਕੇ ਹਨ। 2001 ਈਸਵੀ ਤੀਕ ਕੇਵਲ 100 ਕੁ ਪਰਿਵਾਰ ਹੀ ਜਲਾਲਾਬਾਦ ਵਿੱਚ ਨਿਵਾਸ ਕਰਦੇ ਸਨ ਪਰ 2018 ਵਿੱਚ ਹੋਏ ਬੰਬ ਧਮਾਕਿਆਂ ਕਾਰਨ ਲਗਭਗ ਸਾਰੇ ਸਿੱਖ ਪਰਿਵਾਰ ਹੀ ਹਿਜਰਤ ਕਰ ਚੁੱਕੇ ਹਨ।

ਗੁਰਦੁਆਰਾ ਗੁਰੂ ਨਾਨਕ ਦਰਬਾਰ ਜਲਾਲਾਬਾਦ : ਗੁਰਦੁਆਰਾ ਗੁਰੂ ਨਾਨਕ ਦਰਬਾਰ ਜਲਾਲਾਬਾਦ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਗਤ ਫੇਰੀ ਨਾਲ ਸਬੰਧਤ ਪਾਵਨ ਪਵਿਤਰ ਇਤਿਹਾਸਕ ਸਥਾਨ ਹੈ। ਪ੍ਰੇਮੀ ਗੁਰਸਿੱਖਾਂ ਨੇ ਗੁਰਦੁਆਰਾ ਸਾਹਿਬ ਦੀ ਆਲੀ ਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ। ਗੁਰਦੁਆਰੇ ਦਾ ਪ੍ਰਬੰਧ, ਸੇਵਾ-ਸੰਭਾਲ ਖਾਲਸਾ ਦੀਵਾਨ ਅਫ਼ਗਾਨਿਸਤਾਨ ਦੇ ਸੇਵਾਦਾਰ ਕਰਦੇ ਹਨ, ਜੋ ਸਿੱਖਾਂ ਦੀ 100 ਸਾਲ ਪੁਰਾਣੀ ਜਥੇਬੰਦੀ ਹੈ। ਇਸ ਸਮੇਂ ਇਸ ਜਥੇਬੰਦੀ ਦੇ ਮੁੱਖ ਸੇਵਾਦਾਰ ਵਜੋਂ ਸ੍ਰ. ਮਨੋਹਰ ਸਿੰਘ ਅਤੇ ਜਰਨਲ ਸਕੱਤਰ ਦੀ ਸੇਵਾ ਸ੍ਰ. ਹੀਰਾ ਸਿੰਘ ਨਿਭਾ ਰਹੇ ਹਨ। ਖਾਲਸਾ ਦੀਵਾਨ ਦੇ ਮੈਂਬਰਾਂ ਪਾਸ ਸਿੱਖੀ-ਸਿਦਕ, ਭਰੋਸਾ ਵੀ ਹੈ ਤੇ ਪੰਥਕ ਦਰਦ ਵੀ। ਡਾ. ਗੰਡਾ ਸਿੰਘ ਅਨੁਸਾਰ ਇਸ ਪਾਵਨ-ਪਵਿਤਰ ਇਤਿਹਾਸਕ ਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੱਤ ਅਤੇ ਦਸਮ ਗ੍ਰੰਥ ਸਾਹਿਬ ਜੀ ਦੀਆਂ ਦੋ ਹੱਥ ਲਿਖਤ ਬੀੜਾਂ ਬਿਰਾਜਮਾਨ ਸਨ।

ਗੁਰਦੁਆਰਾ, ਚਸ਼ਮਾ ਸਾਹਿਬ ਸੁਲਤਾਨਪੁਰ : ਜਲਾਲਾਬਾਦ ਤੋਂ 25 ਕਿਲੋਮੀਟਰ ਦੀ ਦੂਰੀ ਤੇ ਸੁਲਤਾਨਪੁਰ ਦੀ ਧਰਤ ਸੁਹਾਵੀ ‘ਤੇ ਸ਼ੁਸ਼ੋਭਿਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚਸ਼ਮਾ ਸਾਹਿਬ। ਸ੍ਰ. ਸਮਸ਼ੇਰ ਸਿੰਘ ਅਸ਼ੋਕ ਵੱਲੋਂ ਦਰਜ ਕੀਤੇ ਵੇਰਵੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਥੇ (ਭਗਤੁ ਨਾਮ ਦੇ) ਇੱਕ ਬਕਰੀਆਂ ਵਾਲੇ ਨੂੰ ਜੋ ਪਿਆਸਾ ਹੋਣ ਕਰਕੇ ਬੇਹੋਸ਼ ਹੋ ਗਿਆ ਸੀ, ਇੱਕ ਪੱਥਰ ਹੇਠੋਂ ਅਲਾਹੀ ਚਸ਼ਮਾ ਜਾਰੀ ਕਰਕੇ ਪਾਣੀ ਪਿਲਾ ਕੇ ਹੋਸ਼ ਵਿੱਚ ਲਿਆਉਂਦਾ ਸੀ। ਜਿਸ ਕਰਕੇ ਇਸ ਪਵਿੱਤਰ ਅਸਥਾਨ ਨੂੰ ਚਸ਼ਮਾ ਸਾਹਿਬ ਜਾਂ ਚੋਹਾ ਸਾਹਿਬ ਕਹਿੰਦੇ ਹਨ। ਚਸ਼ਮਾ ਸਾਹਿਬ ਦੇ ਅਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਪ੍ਰਗਟ ਕੀਤਾ। ਚਸ਼ਮਾ ਸਾਹਿਬ ਦੇ ਨਾਲ ਸੁੰਦਰ ਸਰੋਵਰ ਹੈ। ਚਸ਼ਮੇ ਦੀ ਨਿਰਮਲ ਜਲ-ਧਾਰਾ ਨਿਰੰਤਰ ਵਗਦੀ ਹੈ। ਸੰਗਤਾਂ ਸ਼ਰਧਾ-ਸਤਿਕਾਰ ਨਾਲ ਚਸ਼ਮੇ ਦਾ ਠੰਡਾ ਮਿੱਠਾ ਜਲ ਛਕਦੀਆਂ ਹਨ ਤੇ ਸਰੋਵਰ ‘ਚ ਇਸ਼ਨਾਨ ਕਰਕੇ ਤਨ-ਮਨ ਦੀ ਮੈਲ ਉਤਾਰਦੀਆਂ ਹਨ। ਪੰਥ ਪ੍ਰਕਾਸ਼ ਅਨੁਸਾਰ ਇਸ ਗੁਰਦੁਆਰੇ ਦਾ ਪ੍ਰਬੰਧ ਬਾਬਾ ਕਰਮ ਸਿੰਘ ਜੀ ਬੇਦੀ ਕਰਦੇ ਸਨ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਭਤੀਜੇ ਬਾਬਾ ਭਗਵਾਨ ਸਿੰਘ ਜੀ ਤੇ ਬਾਬਾ ਜਵਾਹਰ ਸਿੰਘ ਜੀ ਇਸ ਗੁਰੂ ਘਰ ਦੀ ਸੇਵਾ-ਸੰਭਾਲ ਕਰਦੇ ਰਹੇ। ਸੁਲਤਾਨਪੁਰ ਵਿੱਚ ਸਿੱਖਾਂ ਦੀ ਅਬਾਦੀ 1952 ਈਸਵੀ ਵਿੱਚ ਕੇਵਲ 100 ਦੇ ਕਰੀਬ ਸੀ। ਇਹ ਪਵਿਤਰ ਅਸਥਾਨ ਬਹੁਤ ਹੀ ਰਮਣੀਕ ਤੇ ਕੁਦਰਤੀ ਵਾਤਾਵਰਨ ਨਾਲ ਭਰਪੂਰ ਹੈ। ਸੁਲਤਾਨਪੁਰ ਦੇ ਇਰਧ-ਗਿਰਧ ਅਣਗਿਣਤ ਬਾਗ ਹੋਣ ਕਰਕੇ, ਇਲਾਕਾ ਹਰਿਆਵਲ ਭਰਪੂਰ ਹੈ। ਇਸ ਗੁਰੂ ਘਰ ਵਿੱਚ ਖਾਸ ਕਰਕੇ ਖਾਲਸੇ ਦਾ ਸਿਰਜਨਾ ਦਿਵਸ ਵਿਸਾਖੀ ਬਹੁਤ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਜਲਾਲਾਬਾਦ ਤੋਂ ਸੁਲਤਾਨਪੁਰ ਤੀਕ ਨਗਰ ਕੀਰਤਨ ਕੀਤਾ ਜਾਂਦਾ ਹੈ ਜਿਸ ਵਿੱਚ ਸਿੱਖਾਂ ਸੇਵਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਵੀ ਸ਼ਰਧਾ-ਭਾਵਨਾ ਨਾਲ ਸ਼ਾਮਲ ਹੁੰਦੇ ਹਨ। ਖਾਲਸਾ ਸਾਜਨਾ ਦਿਵਸ ਦਾ ਸਮਾਗਮ 8 ਦਿਨ ਚੱਲਦਾ ਹੈ, ਜਿਸ ਵਿੱਚ 13000 ਦੇ ਕਰੀਬ ਖ਼ੇਮੇ (ਤੰਬੂ) ਲੱਗਦੇ ਸਨ। ਇੱਕ ਤਰ੍ਹਾਂ ਨਾਲ ਇਹ ਤੰਬੂਆਂ ਦਾ ਸ਼ਹਿਰ ਵੱਸ ਜਾਂਦਾ ਸੀ। ਆਖਰੀ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ, ਸਾਹਿਬ ਦੀ ਸੰਪੂਰਨਤਾ ਹੁੰਦੀ। ਸੰਗਤਾਂ ਵਾਸਤੇ ਲੰਗਰ ਤਿਆਰ ਕਰਨ ਲਈ 130-135 ਤੰਦੂਰ ਤੇ 40 ਤੋਂ 50 ਦੇ ਕਰੀਬ ਦੇਗ਼ਾਂ ਚਾੜੀਆ ਜਾਂਦੀਆਂ। ਵਿਸਾਖੀ ਵਾਲੇ ਦਿਨ ਹੀ ਕਾਬਲੀ ਸਿੱਖ ਇਥੇ ਸਮੂਹਿਕ ਆਨੰਦ ਕਾਰਜ ਕਰਦੇ, ਘਰ ਪਰਿਵਾਰ ਦਾ ਕੋਈ ਖਰਚਾਂ ਨਹੀਂ ਸੀ ਹੁੰਦਾ, ਟਹਿਲ-ਸੇਵਾ ਗੁਰੂ ਘਰ ਵੱਲੋਂ ਹੀ ਕੀਤੀ ਜਾਂਦੀ ਸੀ। ਚਸ਼ਮਾ ਸਾਹਿਬ ਦੀ ਇਮਾਰਤ ਭਾਵੇਂ ਛੋਟੀ ਹੈ, ਪਰ ਸੰਗਤ ਦੀ ਸ਼ਰਧਾ-ਸਤਿਕਾਰ ਭਾਵਨਾ ਬਹੁਤ ਹੈ।

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਜੀ : ਜਲਾਲਾਬਾਦ ਦੀ ਧਰਤ ਸੁਹਾਵੀ ‘ਤੇ ਸੁਸ਼ੋਬਤ ਸੀ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਜੀ। ਇਸ ਗੁਰੂ ਘਰ ਬਾਰੇ ਵਰਤਮਾਨ ਸਮੇਂ ਕੋਈ ਜਾਣਕਾਰੀ ਨਹੀਂ ਮਿਲ ਰਹੀ।

- Advertisement -

(ਚਲਦਾ)

*98146 37979 _roopsz@yahoo.com

Share this Article
Leave a comment