ਅਫ਼ਗਾਨੀ ਸਿੱਖਾਂ ਦੀ ਵਿਥਿਆ – ਡਾ. ਰੂਪ ਸਿੰਘ

TeamGlobalPunjab
8 Min Read

ਅਫ਼ਗਾਨੀ ਸਿੱਖਾਂ ਦੀ ਵਿਥਿਆ

*ਡਾ. ਰੂਪ ਸਿੰਘ

ਪੰਜਾਬ ਦੇ ਅਲਬੇਲੇ ਸ਼ਾਇਰ ਪ੍ਰੋ. ਪੂਰਨ ਸਿੰਘ ਨੇ ਸਿੱਖਾਂ ਨੂੰ ਬ੍ਰਹਿਮੰਡੀ ਸ਼ਹਿਰੀ ਕਹਿ ਕੇ ਸੰਬੋਧਨ ਕੀਤਾ ਹੈ। ਭਾਵ ਕਿ ਸਿੱਖਾਂ ਦਾ ਵਾਸਾ ਵਿਸ਼ਵ ਵਿਆਪੀ ਹੈ। ਇਹ ਕਥਨ ਸਿੱਖ ਵਿਚਾਰਧਾਰਾ ਅਨੁਸਾਰ ਸੱਚਾਈ ਅਧਾਰਿਤ ਹੈ। ਸਿੱਖਾਂ ਦੀ ਵਿਸ਼ਵ ਵਿਆਪੀ ਪਹਿਚਾਣ, ਨਾਨਕ ਨਿਰਮਲ ਪੰਥ ਦੇ ਨਿਰਮਲ ਸਿਧਾਂਤਾਂ, ਵਿਲੱਖਣ ਹਸਤੀ, ‘ਸਾਬਤ ਸੂਰਤ ਦਸਤਾਰ ਸਿਰਾ’ ਵਾਲੀ ਸਿੱਖ ਸ਼ਖ਼ਸ਼ੀਅਤ, ਸੰਗਤ-ਪੰਗਤ, ਸਰਬੱਤ ਦੇ ਭਲੇ ਦੀ ਦੋਨੋਂ ਵਕਤ ਅਰਦਾਸ, ਧਾਰਮਿਕ-ਸਮਾਜਿਕ ਬਾਰਬਰੀ ਦੇ ਪ੍ਰਤੀਕ ਗੁਰਦੁਆਰਿਆਂ-ਗੁਰਧਾਮਾਂ ’ਤੇ ਝੂਲਦੇ ਕੇਸਰੀ ਪਰਚਮ ਇਸ ਦੇ ਪ੍ਰਤੱਖ ਪ੍ਰਮਾਣ ਹਨ। ਆਦਿ ਗੁਰੂ, ਗੁਰੂ ਨਾਨਕ ਦੇਵ ਜੀ ‘ਧਰਮ’ ਗੁਰੂ ਸਨ, ਜਿੰਨਾਂ ਨੂੰ ਭਾਈ ਗੁਰਦਾਸ ਜੀ ਨੇ ਜਗਤ ਗੁਰੂ ਦਾ ਨਾਮ ਦਿੱਤਾ ਹੈ:

ਜਾਹਰ ਪੀਰ ਜਗਤੁ ਗੁਰੁ ਬਾਬਾ॥

ਬਾਬੇ ਤਾਰੇ ਚਾਰਿ ਚੱਕਿ, ਨਉਖੰਡਿ ਪ੍ਰਥਿਮੀ ਸੱਚਾ ਢੋਆ॥

- Advertisement -

ਗੁਰਮੁਖਿ ਕਲ ਵਿੱਚ ਪ੍ਰਗਟੁ ਹੋਆ॥ 1-27

ਜਿਥੇ ਵੀ ਸਿੱਖਾਂ ਦਾ ਵਾਸਾ ਤੇ ਵਿਮਾਸ ਹੋਵੇਗਾ, ਉਥੇ ਹੀ ਗੁਰਧਾਮ ਤੇ ਗੁਰਦੁਆਰੇ ਹੋਣਗੇ। ਵਰਤਮਾਨ ਸਮੇਂ 550 ਸਾਲਾਂ ਦੇ ਇਤਿਹਾਸ ਨਾਲ ਵਿਲੱਖਣ-ਵਿਚਾਰਧਾਰਾ ਹੋਣ ਕਾਰਨ, ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਸਿੱਖ ਧਰਮ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ, ਜਿਸ ਨੂੰ ਵੱਖ-ਵੱਖ ਦੇਸ਼ਾਂ ਦੇ ਕੌਮੀ ਝੰਡਿਆ ਨਾਲ ਸਿੱਖਾਂ ਦਾ ਕੌਮੀ ਨਿਸ਼ਾਨ “ਕੇਸਰੀ ਪਰਚਮ” ਲਹਿਰਾਉਣ ਦੀ ਪ੍ਰਵਾਨਗੀ ਹੈ। ਦੇਸ਼ ਭਾਵੇਂ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਅਸਟ੍ਰੇਲੀਆ, ਸਿੰਘਾਪੁਰ, ਹਾਗਕਾਂਗ ਆਦਿ ਹੋਵੇ। ਧਰਤੀ ਦੇ ਕਿਸੇ ਵੀ ਭੂ-ਖੰਡ ਵਿੱਚ ਜਿੰਨੀ ਦੇਰ ਸਿੱਖਾਂ ਦਾ ਵਾਸਾ ਰਹੇਗਾ, ਉਨ੍ਹੀ ਦੇਰ ਜਿੰਦ-ਜਾਨ ਤੋਂ ਪਿਆਰੇ ਗੁਰਦੁਆਰੇ ਵੀ ਸ਼ੋਭਨੀਕ ਰਹਿਣਗੇ।

ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਜਗਤ ਫੇਰੀ ਸਮੇਂ ਸੰਮਤ 1576 ਬਿਕਰਮੀ (1519 ਈਸਵੀ) ਵਿੱਚ ਅਫ਼ਗਾਨਿਸਤਾਨ ਦੀ ਧਰਤੀ ਨੂੰ ਆਪਣੀ ਚਰਨ ਛੋਹ ਨਾਲ ਪਵਿੱਤਰਤਾ ਤੇ ਇਤਿਹਾਸਿਕਤਾ ਪ੍ਰਦਾਨ ਕੀਤੀ। ਗੁਰੂ ਨਾਨਕ ਦੇਵ ਜੀ ਆਪਣੇ ਬਿਖਮ ਸਫ਼ਰਾਂ ਦੇ ਸਾਥੀ ਭਾਈ ਮਰਦਾਨਾ ਜੀ ਨਾਲ ਬਗਦਾਦ ਫੇਰੀ ਤੋਂ ਵਾਪਸੀ ਸਮੇਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਪਹੁੰਚਦੇ ਹਨ। ਸਤਿਗੁਰੂ ਜੀ ਦੀ ਯਾਤਰਾ ਸਮੇਂ ਅਫ਼ਗਾਨਿਸਤਾਨ ਨੂੰ “ਖੁਰਾਸਾਨ” ਕਿਹਾ ਜਾਂਦਾ ਸੀ। ਇਹੀ ਕਾਰਨ ਹੈ ਕਿ ਪਵਿੱਤਰ ਬਾਣੀ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ:

        ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥

ਅਫ਼ਗਾਨਿਸਤਾਨ ਦਾ ਪਹਿਲਾ ਨਾਮ ‘ਖੁਰਾਸਾਨ’ ਹੀ ਸੀ ਜਿਸ ਦਾ ਅਰਥ ਹੈ ਚੜ੍ਹਦੇ ਸੂਰਜ ਦੀ ਧਰਤੀ। ਅਹਿਮਦਸ਼ਾਹ ਦੁਰਾਨੀ ਨੇ ਮੁਗਲਾਂ ਤੇ ਅਰਾਨੀਆਂ ਤੋਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾ ਕੇ ਆਪਣੇ ਦੇਸ਼ ਨੂੰ ਅਫ਼ਗਾਨਿਸਤਾਨ ਦਾ ਨਾਂ ਦਿੱਤਾ। ਅਫ਼ਗਾਨਿਸਤਾਨ ਦਾ ਅਰਥ ਹੈ ਅਫ਼ਗਾਨਾ ਦੀ ਧਰਤੀ।

- Advertisement -

ਅਫ਼ਗਾਨਿਸਤਾਨ ਦੀ ਫੇਰੀ ਦੌਰਾਨ ਸਤਿਗੁਰੂ ਜੀ ਨੇ ਅਨੇਕਾਂ ਲੋਕਾ ਦਾ ਕਲਿਆਣ ਕੀਤਾ। ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਕਾਬੁਲ ਫੇਰੀ ਦਾ ਵਿਸ਼ੇਸ਼ ਜਿਕਰ ਕਰਦੇ ਹਨ:

ਜਹਿ ਕਾਬੁਲ ਕੋ ਨਗਰ ਸੁਹਾਵਾ, ਤਿਸ ਮੇ ਪ੍ਰਵਿਸਟੇ ਦੁਖਬਨ ਦਾਵਾ॥

ਸਿੱਖ ਇਤਿਹਾਸਕਾਰਾਂ ਤੇ ਸਾਖੀਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੀ ਕਾਬੁਲ ਯਾਤਰਾ ਬਾਰੇ ਵੇਰਵੇ ਦਰਜ ਕੀਤੇ ਹਨ। ਗੁਰੂ ਜੀ ਭਾਈ ਮਰਦਾਨਾ ਜੀ ਦੇ ਸਾਥ ਬਗਦਾਦ ਤੋਂ ਤਰਬੇਜ਼, ਤਹਿਰਾਨ, ਮਸੁਹਦ, ਕੰਧਾਰ ਆਦਿ ਥਾਵਾਂ ਤੋਂ ਹੁੰਦੇ ਹੋਏ ਕਾਬੁਲ ਪਹੁੰਚੇ ਸਨ। ਗੁਰੂ ਨਾਨਕ ਸਾਹਿਬ ਦੀ ਅਫ਼ਗਾਨਿਸਤਾਨ ਯਾਤਰਾ ਨਾਲ ਸਬੰਧਤ ਇਤਿਹਾਸਕ ਸਥਾਨ ਸੁਸ਼ੋਬਿਤ ਹਨ, ਜਿੰਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਕਾਬੁਲ ਯਾਤਰਾ ਨਾਲ ਸਬੰਧਤ ‘ਗੁਰੁਦੁਆਰਾ ਗੁਰੂ ਨਾਨਕ’, ਖਾਨ ਚੌਂਕ ਜੂਬਾ (ਜਦੋਂ ਮਹਿਮੰਦ) ਸੁਭਾਏਮਾਨ ਹੋਇਆ। ਕਾਬੁਲ ਸ਼ਹਿਰ ਦੀ ਨਵ ਉਸਾਰੀ ਸਮੇਂ ਇਹ ਸਥਾਨ ਸੜ੍ਹਕ ਵਿੱਚ ਆਉਂਣ ਕਾਰਨ ਅਲੋਪ ਹੋ ਚੁੱਕਾ ਹੈ। ਅਫ਼ਗਾਨਿਸਤਾਨ ਦੀ ਧਰਤੀ ਤੋਂ ਹਿੰਦੁਸਤਾਨ ਵਾਪਸੀ ਸਮੇਂ ਕੁਰਮ ਦਰਿਆ ਦੇ ਕਿਨਾਰੇ, ਕੁਰਮ ਕਸਬੇ ਵਿੱਚ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਆਪਣੇ ਹੱਥੀ ਭਾਈ ਮਰਦਾਨਾ ਜੀ ਦਾ ਅੰਤਿਮ ਸਸਕਾਰ ਕਰਦੇ ਹਨ। ਕਾਬੁਲ ਪੁਰਾਤਨ ਇਤਿਹਾਸਕ ਸ਼ਹਿਰ ਹੈ ਜੋ ਪਹਾੜੀਆਂ ਦੀ ਤਿਕੋਨ ਵਿੱਚ ਵੱਸਿਆ ਹੋਇਆ ਹੈ। ਕਾਬੁਲ ਵਿੱਚ ਹੀ ਬਾਬਰ ਦੀ ਕਬਰ ਮੌਜੂਦ ਹੈ।

ਗੁਰੂ ਨਾਨਕ ਸਾਹਿਬ ਨੇ ਕਾਬੁਲ ਦੀ ਯਾਤਰਾ ਸਮੇਂ ਸਿੱਖੀ ਦਾ ਬੀਜ ਬੋਇਆ ਜੋ ਸਿੱਖੀ ਦੇ ਬਾਗ ਵਜੋ ਵਿਕਸਿਤ ਹੋਇਆ। ਕਿਰਤੀ ਸਿੱਖਾਂ ਨੇ ਮਿਹਨਤ ਮੁਸ਼ੱਕਤ ਨਾਲ ਅਫ਼ਗਾਨਿਸਤਾਨ ਵਿੱਚ ਕਾਰੋਬਾਰ ਤੇ ਵਪਾਰ ਸ਼ੁਰੂ ਕੀਤੇ ਜੋ ਬਹੁਤ ਸਫਲ ਹੋਏ। ਅਫ਼ਗਾਨਿਸਤਾਨ ਦੀ ਸਿੱਖ ਸੰਗਤ ਨਾਲ ਸਿੱਖ ਗੁਰੂ ਸਾਹਿਬਾਨ ਤੇ ਪੰਜਾਬ ਦਾ ਮੇਲ-ਮਿਲਾਪ ਹਮੇਸ਼ਾਂ ਬਰਕਰਾਰ ਰਿਹਾ। ਉਦਾਹਨ ਵਜੋਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਕਾਬੁਲ ਦੀ ਸੰਗਤ, ਗੁਰੂ ਦਰਸ਼ਨਾਂ ਵਾਸਤੇ ਤੇ ਕਾਰਸੇਵਾ ਵਿੱਚ ਸਹਿਯੋਗੀ ਹੋਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕਾਬੁਲ ਦੀ ਸੰਗਤ ਦਾ ਗੁਰੂ ਘਰ ਵਿੱਚ ਕਿਤਨਾ ਮਾਣ-ਸਤਿਕਾਰ ਤੇ ਪਿਆਰ ਸੀ। ਇਸ ਦੀ ਪ੍ਰਤੱਖ ਉਦਾਹਰਨ ਹੈ ਗੁਰਦੁਆਰਾ ਪਿਪਲੀ ਸਾਹਿਬ ਸ੍ਰੀ ਅੰਮ੍ਰਿਤਸਰ। ਕਾਬੁਲ ਦੀ ਸਿੱਖ ਸੰਗਤ, ਗੁਰੂ ਦਰਸ਼ਨਾਂ ਵਾਸਤੇ ਆ ਰਹੀ ਹੈ ਜਾਣ ਕੇ ਗੁਰੂ ਅਰਜਨ ਦੇਵ ਜੀ ਸੰਗਤ ਦੇ ਸੁਆਗਤ ਵਾਸਤੇ ਪਿਪਲੀ ਸਾਹਿਬ ਦੇ ਸਥਾਨ ’ਤੇ ਖੁਦ ਪਹੁੰਚ ਕੇ ਸੰਗਤ ਨੂੰ ਜੀ ਆਇਆ ਆਖਦੇ ਹਨ ਅਤੇ ਹੱਥੀ ਉਨ੍ਹਾਂ ਦੀ ਟਹਿਲ ਸੇਵਾ ਕਰਦੇ ਹਨ। ਅਫ਼ਗਾਨਿਸਤਾਨ ਵਿੱਚ ਉਸ ਸਮੇਂ ਵਧੀਆ ਕਾਰੋਬਾਰ ਤੇ ਵਪਾਰ ਸੀ। ਇਹੀ ਕਾਰਨ ਹੈ ਕਿ ਗੁਰੂ ਹਰਿਗੋਬਿੰਦ ਪਾਤਸ਼ਾਹ ਅਫ਼ਗਾਨੀ ਘੋੜੇ ਖ੍ਰੀਦਨ ਵਾਸਤੇ ਭਾਈ ਗੁਰਦਾਸ ਜੀ ਨੂੰ 1628 ਈਸਵੀ ਦੇ ਕਰੀਬ ਅਫ਼ਗਾਨਿਸਤਾਨ ਭੇਜਦੇ ਹਨ। ਭਾਈ ਗੁਰਦਾਸ ਜੀ ਦੇ ਸਿੱਖੀ ਸਿਦਕ ਦੀ ਪਰਖ ਵੀ ਹੁੰਦੀ ਹੈ। ਇਤਿਹਾਸਕ ਹਵਾਲੇ ਵਜੋ ਭਾਈ ਗੁਰਦਾਸ ਜੀ ਦੀਆਂ ਦੋ ਪਉੜੀਆਂ ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ:

ਜੇ ਗੁਰੁ ਸਾਂਗ ਵਰਤਦਾ, ਸਿੱਖੁ ਸਿਦਕੁ ਨਾ ਹਾਰੇ॥ 20-35

ਜੇ ਗੁਰੁ ਭਰਮਾਏ ਸਾਂਗ ਕਰਿ, ਕਿਹਾ ਸਿੱਖੁ ਵਿਚਾਰਾ॥ 22-35

ਹਵਾਲੇ ਵਜੋਂ ਤੀਸਰੀ ਉਦਾਰਨ ਹੈ ਕਿ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਪ੍ਰੇਮੀ ਸਿੱਖ, ਭਾਈ ਗੋਂਦਾ (ਭਾਈ ਗੁਰੀਆ) ਜੀ ਨੂੰ ਉਚੇਚੇ ਤੌਰ ’ਤੇ ਕਾਬੁਲ ਭੇਜਦੇ ਹਨ।

ਕਾਬੁਲ ਮੇ ਗੁਰੀਆ ਗੁਰੂ ਕੋ ਏਕ ਸਿੱਖੁ ਹੁਤੋ।

ਭਾਈ ਗੋਂਦਾ ਜੀ ਜਿੰਨ੍ਹਾਂ ਦਾ ਨਾਮ ਭਾਈ ਗੁਰੀਆ ਕਰਕੇ ਵੀ ਮਿਲਦਾ ਹੈ, ਗੁਰੂ ਘਰ ਦੇ ਅਤਿ ਪ੍ਰੇਮੀ ਸਿੱਖ ਸਨ। ਭਾਈ ਗੋਂਦਾ ਜੀ ਕਾਬੁਲ ਵਿੱਚ ਠਹਿਰਨ ਦੌਰਾਨ ਗੁਰੂ ਦਰਸ਼ਨਾ ਲਈ ਬੇਬਲ ਹੋ ਗਏ। ਉਹ ਗੁਰੂ ਹਰਿ ਰਾਏ ਜੀ ਦੇ ਦਰਸ਼ਨਾਂ ਵਾਸਤੇ ਸਿਮਰਨ-ਧਿਆਨ ਵਿੱਚ ਜੁੜ ਗਏ। ਇਧਰ ਗੁਰੂ ਹਰਿ ਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਬਹੁਤ ਸਮਾਂ ਇੱਕ ਥਾਂ ਤੇ ਹੀ ਟਿਕੇ ਰਹੇ। ਸਿੱਖ ਸੰਗਤਾਂ ਦੇ ਪੁਛਣ ਤੇ ਗੁਰੂ ਜੀ ਨੇ ਦੱਸਿਆ ਕਿ ਇੱਕ ਪ੍ਰੇਮੀ ਸਿੱਖ ਭਾਈ ਗੋਂਦਾ ਜੀ ਨੇ ਉਨ੍ਹਾਂ ਦੇ ਚਰਨ ਪ੍ਰੇਮ ਵਿੱਚ ਪਕੜੇ ਹੋਏ ਹਨ। ਇਸ ਇਤਿਹਾਸਕ ਪ੍ਰਕਰਣ ਤੋਂ ਇੱਕ ਗੱਲ ਸਪੱਸ਼ਟ ਹੁੰਦੀ ਹੈ ਕਿ ਉਸ ਸਮੇਂ ਤੀਕ ਸਿੱਖੀ ਦੀ ਖੁਸ਼ਬੋਈ, ਅਫ਼ਗਾਨਿਸਤਾਨ ਵਿੱਚ ਖੂਬ ਪਸਰ ਚੁੱਕੀ ਸੀ। ਗੁਰੂ ਕਾਲ ਤੋਂ ਬਾਅਦ, ਮਿਸਲਾਂ ਸਿੱਖ ਰਾਜ ਅਤੇ ਅੰਗਰੇਜ ਰਾਜ ਦੇ ਸਮੇਂ ਵੀ ਅਫ਼ਗਾਨਿਸਤਾਨ ਵਿੱਚ ਸਿੱਖੀ ਖੂਬ ਪ੍ਰਫੁਲਿਤ ਹੋਈ, ਭਾਵੇਂ ਕਿ ਅਫ਼ਗਾਨਿਸਤਾਨ ਵੱਲੋਂ ਹਮਲੇ ਨਿਰੰਤਰ ਜਾਰੀ ਰਹੇ। ਅਫ਼ਗਾਨਿਸਤਾਨ ਵੱਲੋਂ ਭਾਰਤ ’ਤੇ ਹੋਣ ਵਾਲੇ ਹਮਲਿਆ ਨੂੰ ਜੇਕਰ ਕਿਸੇ ਨੇ ਸਦਾ ਲਈ ਰੋਕਿਆ ਹੈ ਤਾਂ ਉਹ ਸਨ ਸਰਦਾਰ ਹਰੀ ਸਿੰਘ ਨਲੂਆ ਜਿੰਨ੍ਹਾ ਦੀ ਬਹਾਦੁਰੀ ਦੀ ਗੂੰਜ ਅੱਜ ਵੀ ਅਫ਼ਗਾਨਿਸਤਾਨ ਦੀ ਫਿਜ਼ਾ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ।

ਅਫ਼ਗਾਨਿਸਤਾਨ ਵਿੱਚ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ, ਅਕਾਲੀ ਕੋਰ ਸਿੰਘ ਜੀ ਨਿਹੰਗ, ਬਾਬਾ ਪ੍ਰੇਮ ਸਿੰਘ ਜੀ ਨਿਯਾਬਾਬਾਦ ਵਾਲੇ ਤੇ ਬਾਬਾ ਤੇਜ ਭਾਨ ਸਿੰਘ ਜੀ ਨੇ ਵਡਮੁੱਲਾ ਯੋਗਦਾਨ ਪਾਇਆ। ਅਕਾਲੀ ਕੋਰ ਸਿੰਘ ਨੇ ਅਫ਼ਗਾਨਿਸਤਾਨ ਵਿੱਚ ਅੰਮ੍ਰਿਤ ਸੰਚਾਰ ਸਮਾਗਮ ਕਰਵਾ ਕੇ 1200 ਦੇ ਕਰੀਬ ਸਿੱਖਾਂ ਨੂੰ ਅੰਮ੍ਰਿਤ ਛਕਾਇਆ। ਪ੍ਰਮੁੱਖ ਸ਼ਖ਼ਸ਼ੀਅਤਾ ਦੀ ਅਫ਼ਗਾਨਿਸਤਾਨ ਫੇਰੀ ਬਾਰੇ ਹੋਰ ਕੋਈ ਵੇਰਵੇ ਨਹੀਂ ਮਿਲਦੇ। ਇਤਿਹਾਸਕਾਰ ਡਾ. ਗੰਢਾ ਸਿੰਘ ਜੀ ਸਤੰਬਰ, 1952 ਵਿੱਚ 30 ਕੁ ਦਿਨਾਂ ਦੀ ਅਫ਼ਗਾਨਿਸਤਾਨ ਦੀ ਯਾਤਰਾ ਕਰਦੇ ਹਨ। ਉਨ੍ਹਾਂ ਦੀ ਯਾਤਰਾ ਦਾ ਮੰਤਵ ਅਫ਼ਗਾਨਿਸਤਾਨ ਨੂੰ ਇਤਿਹਾਸਕਾਰ ਦੀ ਨਜਰ ਵਜੋ ਦੇਖਣਾ, ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨੇ ਅਤੇ ਅਹਿਮਦ ਸ਼ਾਹ ਦੁਰਾਨੀ ਸਬੰਧੀ ਜਾਣਕਾਰੀ ਇਕੱਤਰ ਕਰਨਾ ਸੀ। ਇਸ ਯਾਤਰਾ ਸਬੰਧੀ ਉਨ੍ਹਾਂ ਨੇ “ਅਫ਼ਗਾਨਿਸਤਾਨ ਦਾ ਸਫ਼ਰ” ਨਾਮ ਦੀ ਪੁਸਤਕ 1954 ਈਸਵੀ ਵਿੱਚ ਪ੍ਰਕਾਸ਼ਤ ਕਰਵਾਈ। ਇਸ ਪੁਸਤਕ ਵਿੱਚ ਅਫ਼ਗਾਨਿਸਤਾਨ ਵਿੱਚ ਵੱਸਦੇ ਸਿੱਖਾਂ, ਗੁਰਦੁਆਰਿਆਂ, ਇਤਿਹਾਸਕ ਅਸਥਾਨਾਂ ਬਾਰੇ ਮਹੱਤਵਪੂਰਨ ਵੇਰਵੇ ਸੰਖੇਪ ਵਿੱਚ ਦਰਜ ਕੀਤੇ ਹਨ।

(ਚਲਦਾ)

(*98146 37979 roopsz@yahoo.com)

Share this Article
Leave a comment