ਵਾਸ਼ਿੰਗਟਨ :- ਅਮਰੀਕਾ ਨੇ ਭਾਰਤ-ਚੀਨ ਸਰਹੱਦ ਦੇ ਵਿਵਾਦਾਂ ਵਾਲੇ ਖੇਤਰਾਂ ’ਚ ਪਿਛਲੇ ਸਾਲ ਚੀਨੀ ਫ਼ੌਜ ਵੱਲੋਂ ਕੀਤੀ ਘੁਸਪੈਠ ਨੂੰ ਬਹੁਤ ਗੰਭੀਰ ਮਾਮਲਾ ਮੰਨਿਆ ਹੈ। ਅਮਰੀਕਾ ਦੀ ਇਕ ਇੰਟੈਲੀਜੈਂਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਹੱਦ ’ਤੇ ਟਕਰਾਅ ਵਾਲੇ ਕੁਝ ਬਿੰਦੂਆਂ ਤੋਂ ਫ਼ੌਜ ਸੈਨਾ ਨੂੰ ਪਿੱਛੇ ਕਰਨ ਦੇ ਬਾਵਜੂਦ ਦੋਵਾਂ ਦੇਸ਼ਾਂ ‘ਚ ਭਾਰੀ ਤਣਾਅ ਬਰਕਰਾਰ ਹੈ। ਦਹਾਕਿਆਂ ਬਾਅਦ ਦੋਵਾਂ ਦੇਸ਼ਾਂ ਦੇ ‘ਚ ਇਸ ਤਰ੍ਹਾਂ ਦੇ ਵਿਸਫੋਟਕ ਹਾਲਾਤ ਬਣੇ ਹਨ।
ਦੱਸ ਦਈਏ ਅਮਰੀਕਾ ਦੇ ਆਫਿਸ ਆਫ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੀ ਸਾਲਾਨਾ ਰਿਪੋਰਟ ਅਨੁਸਾਰ ਦੋਵਾਂ ਦੇਸ਼ਾਂ ਦੇ ‘ਚ ਕਈ ਗੇੜ ਦੀ ਗੱਲਬਾਤ ਤੋਂ ਬਾਅਦ ਫਰਵਰੀ ਦੇ ਮੱਧ ’ਚ ਕੁਝ ਥਾਵਾਂ ਤੋਂ ਫੌਜੀ ਸੈਨਾ ਨੂੰ ਪਿੱਛੇ ਕਰਨ ’ਚ ਸਫਲਤਾ ਹਾਸਲ ਹੋਈ। ਇਹ ਰਿਪੋਰਟ ਵਿਸ਼ਵ ਪੱਧਰੀ ਖਤਰਿਆਂ ਦਾ ਮੁਲਾਂਕਣ ਕਰਨ ਲਈ ਹਰ ਸਾਲ ਤਿਆਰ ਕੀਤੀ ਜਾਂਦੀ ਹੈ। ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦਾ ਦਫ਼ਤਰ ਇੰਟੈਲੀਜੈਂਸ ਜਥੇਬੰਦੀ ਦੀ ਨਿਗਰਾਨੀ ਕਰਦਾ ਹੈ ਤੇ ਅਮਰੀਕੀ ਰਾਸ਼ਟਰਪਤੀ ਨੂੰ ਖੂਫੀਆ ਮਾਮਲਿਆਂ ਦੀ ਸਲਾਹ ਦਿੰਦਾ ਹੈ।
ਇਸਤੋਂ ਇਲਾਵਾ ਰਿਪੋਰਟ ’ਚ ਬੀਤੇ ਸਾਲ ਮਈ ਮਹੀਨੇ ਤੋਂ ਭਾਰਤ-ਚੀਨ ਸਰਹੱਦ ’ਤੇ ਪੈਦਾ ਹੋਏ ਵਿਵਾਦ ਤੇ ਦੋਵਾਂ ਦੇਸ਼ਾਂ ’ਚ 1975 ਤੋਂ ਬਾਅਦ ਹੋਈ ਖ਼ੂਨੀ ਝੜਪ ਨੂੰ ਕਾਫੀ ਗੰਭੀਰ ਮਾਮਲਾ ਦੱਸਿਆ ਗਿਆ ਹੈ। ਇਸ ਰਿਪੋਰਟ ’ਚ ਅੰਦਰੂਨੀ ਤੇ ਅੰਤਰਦੇਸ਼ੀ ਸੰਘਰਸ਼ਾਂ ਕਾਰਨ ਅਮਰੀਕੀ ਨਾਗਰਿਕਾਂ ਤੇ ਅਮਰੀਕੀ ਹਿੱਤਾਂ ਨੂੰ ਸਿੱਧੇ ਤੇ ਅਸਿੱਧੇ ਤੌਰ ’ਤੇ ਚੁਣੌਤੀ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।