ਯੂਪੀ ‘ਚ ਸਿੱਖ ਨੌਜਵਾਨ ਨਾਲ ਕੁੱਟਮਾਰ ਕਰ ਦਸਤਾਰ ਦੀ ਕੀਤੀ ਗਈ ਬੇਅਦਬੀ, 5 ‘ਤੇ ਮਾਮਲਾ ਦਰਜ

TeamGlobalPunjab
2 Min Read

ਅਮਰੋਹਾ: ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਕਿਸੇ ਵਿਵਾਦ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਦਸਤਾਰ ਦੀ ਬੇਅਦਬੀ ਕੀਤੀ ਗਈ, ਇਸ ਨੂੰ ਲੈ ਕੇ ਸਿੱਖ ਭਾਈੇਚਾਰੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਦੱਸ ਦਈਏ ਬੀਤੇ ਦਿਨੀਂ ਸਿੱਖ ਭਾਈਚਾਰੇ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਸੀ। ਇਸ ਦੇ ਨਾਲ ਹੀ ਕੇਂਦਰੀ ਖਾਦ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ। ਜਿਸ ਤੋਂ ਬਾਅਦ ਪੁਲਿਸ ਹਰਕੱਤ ਵਿੱਚ ਆਈ ਅਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਥਾਣਾ ਮੁਖੀ ਦੇ ਮੁਤਾਬਕ ਇਸ ਮਾਮਲੇ ‘ਚ ਪੀੜਤ ਨੌਜਵਾਨ ਗੁਰਵਿੰਦਰ ਦੇ ਬਿਆਨਾਂ ਦੇ ਆਧਾਰ ‘ਤੇ 50 ਹਜ਼ਾਰ ਦੀ ਲੁੱਟ, ਕੁੱਟਮਾਰ ਆਦਿ ਦੀ ਧਾਰਾ 392, 506, 147, 323, 504 ਦੇ ਤਹਿਤ ਪਿੰਡ ਦੇ ਮੁਖੀ ਮਨੀਰਾਮ ਸਿੰਘ, ਬਿਜੇਂਦਰ, ਰਵੀ, ਹੁਕਮ ਸਿੰਘ ਅਤੇ ਸੋਨੀ ਪੰਜ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਤੇ ਦਸਤਾਰ ਦੀ ਬੇਅਦਬੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲੇ ਨੇ ਤੂਲ ਫੜ ਲਿਆ ਸੀ। ਜਾਣਕਾਰੀ ਮੁਤਾਬਕ
ਦੋ ਦਿਨ ਪਹਿਲਾਂ ਪਿੰਡ ਸ਼ੇਰਪੁਰ ਵਿੱਚ ਦੋ ਪੱਖਾਂ ‘ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਇਸ ਦੌਰਾਨ ਸਿੱਖ ਨੌਜਵਾਨ ਨੇ ਕੁੱਟਮਾਰ ਕੀਤੇ ਜਾਣ ਅਤੇ ਦਸਤਾਰ ਦੀ ਬੇਅਦਬੀ ਕਰਨ ਦਾ ਇਲਜ਼ਾਮ ਲਗਾਇਆ ਸੀ। ਉਥੇ ਹੀ ਸਿੱਖ ਭਾਈਚਾਰੇ ਵੱਲੋਂ ਥਾਣੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ।

Share this Article
Leave a comment