ਕੀ ਸਰਕਾਰੀ ਸਕੂਲਾਂ ਵਿੱਚ ਬੰਦ ਹੋ ਜਾਵੇਗੀ ਫਰਲੋ?

TeamGlobalPunjab
3 Min Read

-ਅਵਤਾਰ ਸਿੰਘ

ਸਰਕਾਰੀ ਸਕੂਲਾਂ ਵਿੱਚ ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਸਵੇਰੇ ਅਧਿਆਪਕ ਲੇਟ ਆਉਂਦੇ ਤੇ ਬਾਅਦ ਦੁਪਹਿਰ ਨੂੰ ਵਿਦਿਆਰਥੀ ਫਰਲੋ ਮਾਰ ਜਾਂਦੇ ਹਨ। ਇਸ ਤਰ੍ਹਾਂ ਕਿਵੇਂ ਠੀਕ ਹੋਵੇਗਾ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਅਤੇ ਕਿਸ ਤਰ੍ਹਾਂ ਸੁਧਰ ਸਕੇਗਾ ਅਧਿਆਪਕਾਂ ਦੀ ਹਾਜ਼ਰੀ ਦਾ ਮਾਮਲਾ। ਰਿਪੋਰਟਾਂ ਅਨੁਸਾਰ ਇਸ ਨੂੰ ਸੁਧਾਰਨ ਲਈ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਦੇ 19,000 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਹਾਜ਼ਰੀ ਯਕੀਨੀ ਕਰਨ ਲਈ ਬਾਓਮੀਟ੍ਰਿਕ ਮਸ਼ੀਨਾਂ ਲਾਉਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਬਲਾਕ ਪੱਧਰ ਦੇ ਸਿੱਖਿਆ ਅਫਸਰਾਂ ਨੂੰ ਇਹ ਮਸ਼ੀਨਾਂ ਸਕੂਲਾਂ ਵਿੱਚ ਸਹੀ ਸਥਾਨਾਂ ‘ਤੇ ਲਾਉਣ ਲਈ ਕਹਿ ਦਿੱਤਾ ਗਿਆ ਹੈ। ਇਹਨਾਂ ਮਸ਼ੀਨਾਂ ਨਾਲ ਸਾਰੀ ਹਾਜ਼ਰੀ ਆਨਲਾਈਨ ਹੋ ਜਾਵੇਗੀ।

ਇਹ ਮਸ਼ੀਨਾਂ ਪਹਿਲੇ ਗੇੜ ਵਿੱਚ 12,850 ਸਰਕਾਰੀ ਪ੍ਰਾਇਮਰੀ ਵਿੱਚ ਲਗਾਈਆਂ ਜਾਣਗੀਆਂ। ਇਸੇ ਤਰ੍ਹਾਂ 2,660 ਮਿਡਲ , 1,738 ਹਾਈ ਅਤੇ 1,871 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਥਾਪਤ ਕੀਤੀਆਂ ਜਾਣਗੀਆਂ।

ਇਸ ਤਰ੍ਹਾਂ ਹੁਣ ਪਹਿਲੀ ਅਪ੍ਰੈਲ ਤੋਂ ਕਿਸੇ ਵੀ ਸਕੂਲ ਵਿੱਚ ਹਾਜ਼ਰੀ ਰਜਿਸਟਰ ‘ਤੇ ਨਹੀਂ ਸਗੋਂ ਉਂਗਲੀ ਦੀ ਪਛਾਣ ਨਾਲ ਲਗੇਗੀ। ਡਾਇਰੈਕਟਰ ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਸਾਰੇ ਡੀ ਈ ਓ ‘ਜ਼ ਅਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰਾਂ ਨੂੰ ਜਾਰੀ ਹੋਏ ਪੱਤਰ ਅਨੁਸਾਸਰ ਹਾਜ਼ਰੀ ਵਾਲੀਆਂ ਬਾਈਓਮੀਟ੍ਰਿਕ ਮਸ਼ੀਨਾਂ ਭੇਜਣ ਦਾ ਕੰਮ ਅਗਲੇ 10 ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਮਸ਼ੀਨਾਂ ਲੱਗਣ ਨਾਲ ਸਕੂਲਾਂ ਵਿੱਚ ਅਧਿਆਪਕ ਅਤੇ ਹੋਰ ਸਟਾਫ ਜੋ ਗੈਰਹਾਜ਼ਰ ਜਾਂ ਫਰਲੋ ‘ਤੇ ਰਹਿੰਦਾ, ਦੀ ਹਾਜ਼ਰੀ ਯਕੀਨੀ ਬਣੇਗੀ ਅਤੇ ਪੜ੍ਹਾਈ ਅਤੇ ਅਨੁਸ਼ਾਸ਼ਨ ‘ਚ ਸੁਧਾਰ ਹੋਵੇਗਾ। ਇਸ ਨਾਲ ਅਧਿਆਪਕਾਂ ਤੇ ਹੋਰ ਸਟਾਫ ਦੇ ਆਉਣ ਤੇ ਸਕੂਲ ਤੋਂ ਬਾਹਰ ਜਾਣ ਦਾ ਸਮਾਂ ਆਨਲਾਈਨ ਹੋਵੇਗਾ। ਅਧਿਕਾਰੀ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਸਕੂਲਾਂ ਵਿੱਚ ਬਾਇਓਮੀਟ੍ਰਿਕ ਮਸ਼ੀਨਾਂ ਲੱਗਣ ਨਾਲ ਹਾਜ਼ਰੀ ਦਾ ਸਿਸਟਮ ਸੁਧਰੇਗਾ, ਸਿੱਖਿਆ ਮਿਆਰੀ ਬਣੇਗੀ, ਦਾਖਲੇ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵਧੇਗੀ ਅਧਿਆਪਕਾਂ ਤੇ ਗੈਰ-ਅਧਿਆਪਕ ਸਟਾਫ ਵਿੱਚ ਅਨੁਸ਼ਾਸ਼ਨ ਦੀ ਭਾਵਨਾ ਵਧੇਗੀ।

- Advertisement -

ਸਕੂਲ ਸਟਾਫ ‘ਤੇ ਮਸ਼ੀਨਾਂ ਵਿੱਚ ਗੜਬੜੀ ਕਰਨ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਨੇ ਸਾਰੇ ਜ਼ਿਲਾ ਅਤੇ ਬਲਾਕ ਪੱਧਰ ਦੇ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਕਿ ਮਸ਼ੀਨ ਲਗਾਉਣ ਵਾਲੀ ਕੰਪਨੀ ਹਰ ਚਾਰ ਸਾਲ ਬਾਅਦ ਇਸ ਦੀ ਦੇਖ-ਭਾਲ ਕਰੇਗੀ। ਮਸ਼ੀਨ ਟੁੱਟਣ ਅਤੇ ਇਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਰੀ ਜਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਉਹ ਹੀ ਨਵੀਂ ਮਸ਼ੀਨ ਖਰੀਦ ਕੇ ਲਾਵੇਗਾ। ਸਾਰੇ ਡੀ ਈ ਓ’ਜ਼ ਅਤੇ ਬੀ ਪੀ ਓ ਨੂੰ ਜਾਰੀ ਪੱਤਰ ਵਿੱਚ ਲਿਖਿਆ ਗਿਆ ਕਿ ਸਕੂਲ ਵਿੱਚ ਮਸ਼ੀਨ ਲੱਗਣ ਤੋਂ ਬਾਅਦ ਸਭ ਦੀ ਹਾਜ਼ਰੀ ਲੱਗਣੀ ਯਕੀਨੀ ਬਣਾਈ ਜਾਵੇ। ਜੇ ਮਸ਼ੀਨ ਵਿੱਚ ਕੋਈ ਤਕਨੀਕੀ ਨੁਕਸ ਆਉਂਦਾ ਤਾਂ ਇਸ ਸੰਬੰਧੀ ਸਾਰੀ ਜਾਣਕਾਰੀ ਬੀ ਪੀ ਈ ਓ ਨੂੰ ਦੇ ਕੇ ਇਕ ਪੱਤਰ ਇਸ ਨੂੰ ਬਦਲਣ ਸੰਬੰਧੀ ਹੈੱਡ ਆਫਿਸ ਅਤੇ ਜ਼ਿਲਾ ਕੋਆਰਡੀਨੇਟਰ ਨੂੰ ਲਿਖਿਆ ਜਾਵੇ। ਸਾਰੇ ਸਟਾਫ ਦੀ ਹਾਜ਼ਰੀ 100% ਯਕੀਨੀ ਕਰਨ ਲਈ ਬੀ ਪੀ ਈ ਓ ਜਿੰਮੇਵਾਰ ਹੋਵੇਗਾ ਅਤੇ ਜ਼ਿਲਾ ਸਿੱਖਿਆ ਅਫਸਰ ਆਪਣੇ ਅਧੀਨ ਆਉਂਦੇ ਸਕੂਲਾਂ ਦੀ ਹਾਜ਼ਰੀ ਦੀ ਸਮੀਖਿਆ ਕਰਨਗੇ। ਦੇਖੋ ਸ਼ਾਇਦ ਸਰਕਾਰੀ ਸਕੂਲਾਂ ਦਾ ਸਿਸਟਮ ਸੁਧਰ ਹੀ ਜਾਵੇ।

Share this Article
Leave a comment