‘ਆਪ’ ਨੇ ਰਾਜ ਸਭਾ ਸੀਟਾਂ ਆਪਣੇ ਗੁਰਗਿਆਂ ਅਤੇ ਵਾਪਰੀਆਂ ਨੂੰ ਦੇ ਕੇ ਪੰਜਾਬੀਆਂ ਨਾਲ ਧੋਖਾ ਕੀਤਾ : ਮਨਪ੍ਰੀਤ ਸਿੰਘ ਇਆਲੀ

TeamGlobalPunjab
5 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਬਾਹਰਲੇ ਵਿਅਕਤੀ ਨਾਮਜ਼ਦ ਕਰ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਪਹਿਲੀ ਵੱਡੀ ਸੱਟ ਮਾਰੀ ਹੈ ਅਤੇ ਅਜਿਹਾ ਕਰਦਿਆਂ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਜਦੋਂ ਕਿ ਲੋਕਾਂ ਨੇ ਵਿਆਪਕ ਹਾਂ ਪੱਖੀ ਬਦਲਾਅ ਲਿਆਉਣ ਲਈ ਇਸਦੀ ਗੱਲ ’ਤੇ ਵਿਸ਼ਵਾਸ ਕੀਤਾ ਤੇ ਪਾਰਟੀ ਨੂੰ ਇਹ ਬਦਲਾਅ ਲਿਆਉਣ ਵਾਸਤੇ ਵੱਡਾ ਫਤਵਾ ਦਿੱਤਾ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਵਿਧਾਨਕਾਰ ਦਲ ਦੇ ਨੇਤਾ ਸਰਦਾਰ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ‘ਇਸੇ ਬਦਲਾਅ ਦੀ ਗੱਲ ਆਮ ਆਦਮੀ ਪਾਰਟੀ ਕਰ ਰਹੀ ਸੀ ? ਪੰਜਾਬ ਪੱਖੀ ਤੇ ਪੰਜਾਬੀਅਤ ਪੱਖੀ ਬਦਲਾਅ ਲਿਆਉਣ ਤੋਂ ਕੋਹਾਂ ਦੂਰ ਆਮ ਆਦਮੀ ਪਾਰਟੀ ਨੇ ਰਾਜ ਸਭਾ ਟਿਕਟਾਂ ਵਾਪਰੀਆਂ ਨੂੰ ਦੇ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ। ਇਹੀ ਧੋਖਾ ਇਸਨੇ ਪਹਿਲਾਂ ਦਿੱਲੀ ਵਿਚ ਕੀਤਾ ਸੀ। ਉਹਨਾਂ ਕਿਹਾ ਕਿ ਇਸਨੇ ਆਪਣੀਆ ਟਿਕਟਾਂ ਆਪਣੇ ਗੁਰਗਿਆਂ ਨੂੰ ਦਿੱਤੀਆਂ ਤੇ ਪਿਛੇ ਕਮਰੇ ਵਿਚ ਬਹਿ ਕੇ ਰਣਨੀਤੀ ਘੜਨ ਵਾਲਿਆਂ ਨੂੰ ਇਨਾਮਾਂ ਨਾਲ ਨਿਵਾਜਿਆ ਹੈ। ਅਜਿਹਾ ਕਰਦਿਆਂ ਇਸਨੇ ਉਹਨਾਂ ਹਜ਼ਾਰਾਂ ਪਾਰਟੀ ਵਰਕਰਾਂ ਨੂੰ ਅਣਡਿੱਠ ਕੀਤਾ ਹੈ ਜਿਹਨਾਂ ਦਾ ਹੱਕ ਬਣਦਾ ਸੀ ਤੇ ਨਾਲ ਉਹ ਪੰਜਾਬੀ ਅਣਗੌਲੇ ਕੀਤੇ ਹਨ ਜਿਹਨਾਂ ਦਾ ਇਸ ਮਾਣ ’ਤੇ ਹੱਕ ਬਣਦਾ ਸੀ।

ਸਰਦਾਰ ਇਆਲੀ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਜਿੱਤਿਆ ਹੋਇਆ ਇਲਾਕਾ ਮੰਨ ਰਹੀ ਹੈ ਤੇ ਇਹ ਲੁੱਟ ਦਾ ਹਿੱਸਾ ਆਪਣੇ ਗੁਰਗਿਆਂ ਤੇ ਇਸਦੀ ਮੁਹਿੰਮ ਲਈ ਪੈਸਾ ਦੇਣ ਵਾਲਿਆਂ ਨੂੰ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਰਾਜ ਸਭਾ ਵਿਚ ਭੇਜਣ ਲਈ ਕੋਈ ਪੰਥਕ ਪ੍ਰਤੀਨਿਧ ਨਹੀਂ ਲੱਭਾ। ਉਹਨਾਂ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਇਕ ਵੀ ਮਹਿਲਾ ਨੂੰ ਨਾਮਜ਼ਦ ਨਹੀਂ ਕੀਤਾ ਤੇ ਇਹ ਭੁੱਲ ਗਈ ਕਿ ਪਵਿੱਤਰ ਸਦਨ ਵਾਸਤੇ ਮਹਿਲਾਵਾਂ ਨੂੰ ਬਰਾਬਰ ਹੱਕ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬੀਅਤ ਦੇ ਕਿਸੇ ਵੀ ਮੁਦੱਈ ਜਾਂ ਕਿਸੇ ਵੀ ਪ੍ਰਮੁੱਖ ਸਮਾਜਿਕ ਵਰਕਰ ਜਾਂ ਫਿਰ ਪੰਜਾਬ ਦੇ ਹੱਕਾਂ ਲਈ ਲੜਨ ਵਾਸਤੇ ਕਿਸੇ ਵੀ ਵਿਅਕਤੀ ਨੂੰ ਨਾਮਜ਼ਦ ਨਾ ਕਰਨ ਨਾਲ ਇਸ ਫੈਸਲੇ ਤੋਂ ਭਾਈ ਭਤੀਜਾਵਾਦ ਦੀ ਬਦਬੂ ਆ ਰਹੀ ਹੈ ਤੇ ਇਹ ਸੂਬੇ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਨਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਇਹ ਖਦਸ਼ੇ ਪ੍ਰਗਟਾਏ ਗਏ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਰਿਮੋਰਟ ਕੰਟਰੋਲ ਨਾਲ ਚਲਾਇਆ ਜਾਵੇਗਾ ਤੇ ਹੁਣ ਹੌਲੀ ਹੌਲੀ ਇਹ ਖਦਸ਼ੇ ਸੱਚੇ ਵੀ ਸਾਬਤ ਹੋ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅੰਦਰੂਨੀ ਲੋਕਤੰਤਰ ਅਨੁਸਾਰ ਚੱਲਣ ਦੇ ਵੱਡੇ ਵੱਡੇ ਐਲਾਨ ਕਰਦੀ ਹੈ। ਮੈਂ ਇਹ ਨਹੀਂ ਮੰਨਦਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਇਸ ਸੂਚੀ ’ਤੇ ਮੋਹਰ ਲਗਾਈ ਹੈ। ਉਹਨਾਂ ਕਿਹਾ ਕਿ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਹੈ ਤੇ ਇਹ ਦੱਸਣਾ ਚਾਹੀਦਾ ਹੈ ਕਿ ਕੀ ਸੂਚੀ ਬਾਰੇ ਪੰਜਾਬ ਇਕਾਈ ਅਤੇ ਇਸਦੇ ਕੋ ਕਨਵੀਨਰ ਭਗਵੰਤ ਮਾਨ ਨਾਲ ਚਰਚਾ ਕੀਤੀ ਗਈ ਸੀ। ਜੇਕਰ ਨਹੀਂ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਇਹ ਜਵਾਬ ਦੇਣ ਕਿ ਉਹਨਾਂ ਨੇ ਦਖਲ ਦੇ ਕੇ ਇਸਦਾ ਵਿਰੋਧ ਕਿਉਂ ਨਹੀਂ ਕੀਤਾ ਤੇ ਇਹ ਯਕੀਲੀ ਕਿਉਂ ਨਹੀਂ ਬਣਾਇਆ ਕਿ ਸਾਰੀਆਂ ਨਾਮਜ਼ਦਗੀਆਂ ਪੰਜਾਬੀਆਂ ਦੀਆਂ ਆਸਾਂ ਦਾ ਝਲਕਾਰਾ ਹੋਣ।

- Advertisement -

ਸਰਦਾਰ ਇਆਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਾਰਟੀ ਨੂੰ ਰਾਜ ਸਭਾ ਲਈ ਨਾਮਜ਼ਦ ਕਰਨ ਵਾਸਤੇ ਇਕ ਵੀ ‘ਆਮ ਆਦਮੀ’ ਨਹੀਂ ਲੱਭਾ ਅਤੇ ਇਸਨੇ ਸਿਰਫ ‘ਖਾਸ ਆਦਮੀ’ ਦੀ ਚੋਣ ਹੀ ਕੀਤੀ। ਉਹਨਾਂ ਕਿਹਾ ਕਿ ਇਹਨਾਂ ਗੱਲ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ। ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਅਤੇ ਇਸਨੂੰ ਮਿਲੇ ਫਤਵੇ ਦਾ ਅਪਮਾਨ ਕਰ ਸਕਦੀ ਹੈ ਤਾਂ ਫਿਰ ਦਰਿਆਈ ਪਾਣੀਆਂ ਵਰਗੇ ਪੰਜਾਬ ਦੇ ਪ੍ਰਮੁੱਖ ਮੁੱਦੇ ਇਸ ਲਈ ਅਹਿਮ ਕਿਵੇਂ ਹੋ ਸਕਦੇ ਹਨ ?

ਅਕਾਲੀ ਦਲ ਦੀ ਵਿਧਾਨਕਾਰ ਪਾਰਟੀ ਦੇ ਆਗੂ ਨੇ ਸਪਸ਼ਟ ਕਿਹਾ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਕਿਸੇ ਵੀ ਪੰਜਾਬ ਪੱਖੀ ਪਹਿਲਕਦਮੀ ਦੀ ਹਮਾਇਤ ਕਰੇਗਾ ਤੇ ਅਸੀਂ ਵਿਹਲੇ ਨਹੀਂ ਬੈਠਾਂਗੇ ਅਤੇ ਕਿਸੇ ਵੀ ਕੀਮਤ ’ਤੇ ਸੂਬੇ ਦੇ ਹਿੱਤ ਖੋਹੇ ਜਾਂਦੇ ਨਹੀਂ ਵੇਖਾਂਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਦਾ ਸਨਮਾਨ ਕਰਨਾ ਸਿੱਖੇ। ਇਸਨੂੰ ਕਿਸੇ ਵੀ ਕੀਮਤ ’ਤੇ ਮਿਲੇ ਫਤਵੇ ਤੋਂ ਮੁਨਾਫਾ ਕਮਾਉਣ ਲਈ ਕੰਮ ਨਹੀਂ ਕਰਨਾ ਚਾਹੀਦਾ।

Share this Article
Leave a comment