ਮੁਹਾਲੀ: ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਅਡੀਸ਼ਨਲ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਤੋਂ ਦੂਜੀ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਫੈਸਲਾ ਮੁਹਾਲੀ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਏਐਸ ਰਾਏ ਨੇ ਸੁਣਾਇਆ ਹੈ। ਸੁਣਵਾਈ ਮੌਕੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਵੀ ਹਾਜ਼ਰ ਸਨ। ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਨੇ ਕੇਸ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਹੈ।
ਪੀੜਤ ਧਿਰ ਨੇ ਸੁਮੇਧ ਸਿੰਘ ਸੈਣੀ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅਦਾਲਤ ਵਿੱਚ ਇਹ ਅਰਜ਼ੀ ਲਗਾਈ ਸੀ ਕਿ ਸੁਮੇਧ ਸਿੰਘ ਸੈਣੀ ਖਿਲਾਫ ਕੇਸ ਹੋਰ ਅਦਾਲਤ ਵਿਚ ਚਲਾਇਆ ਜਾਵੇ। ਇਸ ਬਾਰੇ ਸੁਣਵਾਈ ਪਿਛਲੇ ਹਫ਼ਤੇ ਮੁਕੰਮਲ ਹੋ ਗਈ ਸੀ ਪਰ ਜੱਜ ਏ ਐੱਸ ਰਾਏ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ।
29 ਸਾਲ ਪਹਿਲਾਂ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਘਰੋਂ ਅਗਵਾ ਕਰਕੇ ਥਾਣੇ ਵਿੱਚ ਤਸੀਹੇ ਦੇਣ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਬਾਰੇ ਪਿਛਲੇ ਦਿਨੀਂ ਥਾਣਾ ਮਟੌਰ ਮੁਹਾਲੀ ਵਿੱਚ ਸੈਣੀ ਅਤੇ ਕੁਝ ਹੋਰ ਪੁਲਸ ਵਾਲਿਆਂ ਖਿਲਾਫ ਐਫਆਈਆਰ ਦਰਜ ਹੋਈ ਸੀ।