ਸੰਗਰੂਰ : ਮੌਜੂਦਾ ਸਮੇ ਜਿਸ ਵੇਲੇ ਆਉਂਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ, ਕੀ ਅਕਾਲੀ-ਭਾਜਪਾ ਤੇ ਕੀ ਪੰਜਾਬ ਜਮਹੂਰੀ ਗਠਜੋੜ ਵਾਲੇ, ਸੀਟਾਂ ਦੀ ਵੰਡ ਕਰਕੇ ਚੋਣ ਪ੍ਰਚਾਰ ਵੱਲ ਅੱਗੇ ਵਧਣ ਜਾ ਰਹੇ ਹਨ ਉਸ ਵੇਲੇ ਖ਼ਬਰ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਪੰਜਾਬ ਜਮਹੂਰੀ ਗਠਜੋੜ ਵਾਲਿਆਂ ਨਾਲ ਸਮਝੌਤਾ ਟੁੱਟ ਕੇ ਆਮ ਆਦਮੀ ਪਾਰਟੀ ਵਾਲਿਆਂ ਨਾਲ ਚੋਣ ਸਾਂਝ ਪੈ ਗਈ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਹਲਕਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਸਾਥੀਆਂ ਨਾਲ ਹੋਈ ਸੀ ਜਿਸ ਵਿੱਚ ਆਪ ਅਤੇ ਟਕਸਾਲੀਆਂ ਵੱਲੋਂ ਆਉਂਦੀਆਂ ਚੋਣਾ ਮਿਲ ਕੇ ਲੜਨ ਦਾ ਫੈਸਲਾ ਕੀਤਾ ਗਿਆ ਤਾਂ ਕਿ ਕਾਂਗਰਸ ਅਤੇ ਅਕਾਲੀਆਂ ਨੂੰ ਹਰਾਇਆ ਜਾ ਸਕੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਆਪ ਦੇ ਪੰਜਾਬ ਪ੍ਰਧਾਨ ਅਤੇ ਸਾਬਕਾ ਹਾਸ ਰਸ ਕਲਾਕਾਰ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਆਉਂਦੀਆਂ ਲੋਕ ਸਭਾ ਚੋਣਾ ਆਪਣੇ ਦਮ ‘ਤੇ ਲੜਨਗੇ, ਪਰ ਜਿਸ ਤਰ੍ਹਾਂ ਆਪ ਵਾਲੇ ਹੁਣ ਆਪਣੇ ਹੀ ਬਿਆਨ ਤੋਂ ਮੁਕਰ ਕੇ ਟਕਸਾਲੀਆਂ ਨਾਲ ਗੱਠਜੋੜ ਕਰਦੇ ਦਿਸ ਰਹੇ ਹਨ ਉਸ ਨੂੰ ਦੇਖਦਿਆਂ ਸਿਆਸੀ ਮਾਹਰ ਇਸ ਨੂੰ ਹਿੰਦੀ ਦੀ ਕਹਾਵਤ ਹਾਥ ਨਾ ਪਹੁੰਚੇ ਥੂ ਕੌੜੀ ਦੇ ਨਾਲ ਮਿਲਾ ਕੇ ਦੇਖ ਰਹੇ ਹਨ।
ਪਰ ਇਸ ਦੇ ਉਲਟ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੁਆਬਾ ਅਤੇ ਮਾਝਾ ਖੇਤਰਾਂ ਵਿੱਚ ਕਮਜ਼ੋਰ ਹੈ। ਲਿਹਾਜ਼ਾ ਉਨ੍ਹਾਂ ਨੇ ਅਕਾਲੀ ਦਲ ਟਕਸਾਲੀ ਨਾਲ ਗੱਠਜੋੜ ਕਰ ਲਿਆ ਹੈ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਦੋਵਾਂ ਪਾਰਟੀਆਂ ਵੱਲੋਂ ਆਉਂਦੇ ਕੁਝ ਦਿਨਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਬਣਾਈ ਜਾਵੇਗੀ ਪਰ ਆਪ ਵੱਲੋਂ ਪਹਿਲਾਂ ਐਲਾਨੇ ਗਏ 4 ਉਮੀਦਵਾਰਾਂ ਦੀਆਂ ਸੀਟਾਂ ਵਿੱਚ ਕੋਈ ਫਿਰਬਦਲ ਨਹੀਂ ਕੀਤਾ ਜਾਵੇਗਾ। ਉੱਧਰ ਦੂਜ਼ੇ ਪਾਸੇ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਪੰਜਾਬ ਜ਼ਮਹੂਰੀ ਗੱਠਜੋੜ ਨਾਲ ਉਨ੍ਹਾਂ ਦਾ ਸਮਝੌਤਾ ਇਸ ਕਰਕੇ ਸਿਰੇ ਨਹੀਂ ਚੜ੍ਹ ਸਕਿਆ ਕਿਉਂਕਿ ਇਸ ਵਿੱਚ ਸ਼ਾਮਲ ਕੁਝ ਭਾਈਵਾਲ ਪਾਰਟੀਆਂ ਦੇ ਆਗੂ ਆਪਣੀ ਜ਼ਿੱਦ ਛੱਡਣ ਨੂੰ ਤਿਆਰ ਨਹੀਂ ਸਨ। ਸੇਖਵਾਂ ਦੇ ਇਸ ਬਿਆਨ ਨੂੰ ਸਿਆਸੀ ਮਾਹਰ ਸੁਖਪਾਲ ਸਿੰਘ ਖਹਿਰਾ ਨਾਲ ਜੋੜ ਕੇ ਦੋਸ਼ ਲਾਉਂਦੇ ਹਨ ਕਿ ਇਹ ਗੱਠਜੋੜ ਟੁੱਟਣ ਵਿਰੁੱਧ ਟਕਸਾਲੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਦੋਸ਼ੀ ਠਹਿਰਾ ਰਹੇ ਹਨ।
ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਟਕਸਾਲੀਆਂ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਦੋਸ਼ ਲਾਏ ਸਨ ਕਿ ਖਹਿਰਾ ਉਨ੍ਹਾਂ ਦੇ ਘਰ 3-4 ਵਾਰੀ ਆਪ ਚੱਲ ਕੇ ਆਏ ਸਨ ਤੇ ਉਦੋਂ ਉਨ੍ਹਾਂ ਨੇ ਹੀ ਕਿਹਾ ਸੀ ਕਿ ਆਪਾਂ ਇਕੱਠੇ ਮਿਲ ਕੇ ਚੋਣ ਲੜੀਏ ਨਹੀਂ ਤਾਂ ਵੋਟਾਂ ਵੰਡੀਆਂ ਜਾਣਗੀਆਂ ਤੇ ਆਪਾਂ ਚੋਣ ਹਾਰ ਜਾਵਾਂਗੇ। ਬ੍ਰਹਮਪੁਰਾ ਅਨੁਸਾਰ ਉਸ ਮੌਕੇ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਮਨਾਂ ਵਿੱਚ ਕੀ ਹੈ। ਬ੍ਰਹਮਪੁਰਾ ਨੇ ਕਿਹਾ ਕਿ ਇਹ ਤਾਂ ਹੁਣ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ 3-3 ਪਾਰਟੀਆਂ ਬਣਾ ਕੇ ਆਪ 3-3 ਸ਼ੀਟਾਂ ਲੈ ਲਈਆਂ ਹਨ ਤੇ ਸਾਡੇ ਲਈ ਰਹਿੰਦੀਆਂ ਖੁੰਹਦੀਆਂ ਸੀਟਾਂ ਛੱਡ ਦਿੱਤੀਆਂ ਜੋ ਕਿ ਟਕਸਾਲੀਆਂ ਨਾਲ ਧੱਕਾ ਹੈ।
ਨਵੇਂ ਬਦਲੇ ਸਮੀਕਰਾਂ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਟਕਸਾਲੀਆਂ ਅਤੇ ਆਪ ਵਾਲਿਆਂ ਦਾ ਇਹ ਗੱਠਜੋੜ ਸਿਰੇ ਚੜਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਪਰ ਫਿਰ ਕਹਿੰਦੇ ਹਾਂ ਇਹ ਸਿਆਸਤ ਹੈ ਤੇ ਸਿਆਸਤ ਵਿੱਚ ਕੁਝ ਵੀ ਸੰਭਵ ਹੈ ਅਗਲੇ ਪਲ ਕੀ ਹੋਵੇ ਕੋਈ ਪਤਾ ਨਹੀਂ।