ਦੋਆਬੇ ਵਿਚ ਕਿਸ ਦਾ ਇਕ ਹੋਰ ਸੈਂਪਲ ਆਇਆ ਪੌਜ਼ੇਟਵ; ਕਿੰਨੇ ਹੋਰ ਸੈਂਪਲ ਭੇਜੇ ਜਾਂਚ ਲਈ

TeamGlobalPunjab
3 Min Read

ਬੰਗਾ: (ਅਵਤਾਰ ਸਿੰਘ) : ਦੋਆਬੇ ਦੇ ਜ਼ਿਲਾ ਨਵਾਂਸ਼ਹਿਰ ਦੇ ਬੰਗਾ ਇਲਾਕੇ ‘ਚ ਕੋਰੋਨਾ ਵਾਇਰਸ ਦਾ ਕਹਿਰ ਫੈਲਦਾ ਨਜ਼ਰ ਆ ਰਿਹਾ ਹੈ। ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਭਾਲ ਲਈ 25 ਮਾਰਚ ਨੂੰ 11 ਪਿੰਡ ਸੀਲ ਕੀਤੇ ਗਏ ਸਨ।

ਤਾਜ਼ਾ ਰਿਪੋਰਟਾਂ ਅਨੁਸਾਰ ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਜੋ ਪਹਿਲਾਂ ਹੀ ਕੋਰੋਨਾ ਵਾਇਰਸ ਦੇ ਸ਼ਿਕਾਰ ਹਨ। ਅੱਜ ਉਨ੍ਹਾਂ ਦੀ ਮਾਤਾ ਪ੍ਰੀਤਮ ਕੌਰ ਦੇ ਸੈਂਪਲ ਦੀ ਰਿਪੋਰਟ ਵੀ ਪੌਜ਼ੇਟਿਵ ਆਈ ਹੈ।

ਕੋਰੋਨਾ ਵਾਇਰਸ ਦੇ ਸ਼ਿਕਾਰ ਦੋਵੇਂ ਹੋਰ ਪੀੜਤਾਂ ਸਣੇ ਸਿਵਲ ਹਸਪਤਾਲ ‘ਚ ਮੈਡੀਕਲ ਟੀਮਾਂ ਦੀ ਨਿਗਰਾਨੀ ਹੇਠ ਹਨ। ਬੀਤੇ ਦਿਨ ਕਈ ਵਿਅਕਤੀਆਂ ਦੀਆਂ ਆਈਆਂ ਕਈ ਨੈਗੇਟਿਵ ਰਿਪੋਰਟਾਂ ‘ਚ ਪਿੰਡ ਦੇ ਲੋਕਾਂ ਨੂੰ ਕੁਝ ਸੁਖ ਦਾ ਸਾਹ ਮਿਲਿਆ ਸੀ, ਪਰ 26 ਮਾਰਚ ਨੂੰ ਪ੍ਰੀਤਮ ਕੌਰ ਦੇ ਸੈਂਪਲ ਦੀ ਰਿਪੋਰਟ ਪੌਜ਼ੇਟਿਵ ਆਉਣ ਨਾਲ ਇਲਾਕੇ ਦੇ ਲੋਕਾਂ ਦੀ ਮੁੜ ਚਿੰਤਾ ਵਧ ਗਈ ਹੈਂ।
ਸਿਹਤ ਵਿਭਾਗ ਵਲੋਂ ਪਿੰਡ ਪਠਲਾਵਾ ਸਮੇਤ ਹਲਕੇ ਦੇ ਵੱਖ ਵੱਖ ਪਿੰਡਾਂ ‘ਚੋਂ ਲਏ ਗਏ 113 ਸੈਂਪਲ ਜਾਂਚ ਲਈ ਭੇਜੇ ਗਏ ਹਨ। ਜ਼ਿਲਾ ਪ੍ਰਸ਼ਾਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਸੈਂਪਲਾਂ ਦੀ ਰਿਪੋਰਟ 27 ਮਾਰਚ ਦੀ ਸ਼ਾਮ ਤੱਕ ਆਉਣ ਦੀ ਉਮੀਦ ਹੈ।
ਪਿੰਡ ਪਠਲਾਵਾ ਦੇ ਕੋਰੋਨਾ ਵਾਇਰਸ ਨਾਲ ਮਰੇ ਬਲਦੇਵ ਸਿੰਘ ਦਾ ਜੱਦੀ ਪਿੰਡ ਹੋਣ ਕਰਕੇ ਪ੍ਰਸ਼ਾਸ਼ਨ ਵਲੋਂ ਅੱਜ ਵੀ ਉਸ ਨਾਲ ਸੰਪਰਕ ਰੱਖਣ ਵਾਲੇ ਪਰਿਵਾਰਾਂ ਦੀ ਭਾਲ ਜਾਰੀ ਰਹੀ।

ਹਲਕੇ ‘ਚ ਕੋਰੋਨਾਵਾਇਰਸ ਦੇ ਸੰਭਾਵੀ ਕਹਿਰ ਨੂੰ ਮੁੱਖ ਰੱਖਦਿਆਂ ਪਠਲਾਵਾ ਦੇ ਆਲੇ ਦੁਆਲੇ 13 ਹੋਰ ਪਿੰਡਾਂ ਨੂੰ ਵੀ ਸੀਲ ਕੀਤਾ ਹੋਇਆ ਹੈ। ਅੱਜ ਇਨ੍ਹਾਂ ਪਿੰਡਾਂ ‘ਚ ਕੀਤੀ ਨਾਕਾਬੰਦੀ ਦਾ ਜਾਇਜਾ ਲੈਣ ਲਈ ਉਪ ਮੰਡਲ ਮਜਿਸਟ੍ਰੇਟ ਗੌਤਮ ਜੈਨ ਅਤੇ ਉਪ ਪੁਲੀਸ ਕਪਤਾਨ ਨਵਨੀਤ ਸਿੰਘ ਮਾਹਿਲ ਆਪੋ ਆਪਣੀਆਂ ਟੀਮਾਂ ਲੈ ਕੇ ਪਹੁੰਚੇ। ਇਹਨਾਂ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਇਲਾਕਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।

- Advertisement -

ਉਧਰ ਪਿੰਡਾਂ ‘ਚ ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਆਪੋ ਆਪਣੇ ਪਿੰਡਾਂ ਨੂੰ ਸੈਨੀਟਾਈਜ਼ ਕਰਨ ‘ਚ ਜੁਟੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਜ਼ਿਲੇ ਦੇ ਜਿਨ੍ਹਾਂ ਪਿੰਡਾਂ ਨੂੰ ਸੀਲ ਕੀਤਾ ਗਿਆ ਉਨ੍ਹਾਂ ਵਿੱਚ ਹੀਉਂ, ਪੱਦੀ ਮੱਟ ਵਾਲੀ, ਮਾਹਿਲ ਗਹਿਲਾਂ, ਨੌਰਾ, ਭੌਰਾ, ਸੂਰਾਪੁਰ, ਪੱਲੀ ਝਿੱਕੀ, ਪੱਲੀ ਉਚੀ, ਗੋਬਿੰਦਪੁਰ, ਗੁਜ਼ਰਪੁਰ ਤੇ ਵਾਹਲਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਨਾਲ ਮਰੇ ਬਲਦੇਵ ਸਿੰਘ ਦਾ ਪਿੰਡ ਪਠਲਾਵਾ ਅਤੇ ਉਸ ਨਾਲ ਲਗਦੇ ਸੁੱਜੋਂ ਤੇ ਝਿੱਕਾ ਪਿੰਡਾਂ ਨੂੰ ਵੀ ਸੀਲ ਕੀਤਾ ਹੋਇਆ ਹੈ।

Share this Article
Leave a comment