ਚੰਡੀਗੜ੍ਹ : ਡੇਰਾ ਸਿਰਾਸਾ ਦੇ ਪ੍ਰੇਮੀਆਂ ਲਈ ਰੱਬ ਬਣੇ ਬੈਠੇ ਰਾਮ ਰਹੀਮ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਹੁਣ ਡੇਰਾ ਰਾਧਾ ਸਵਾਮੀ ਬਿਆਸ ਦੇ ਮੁਖੀ ਗੁਰਇੰਦਰ ਸਿੰਘ ਢਿੱਲੋਂ ਵੀ ਮੁਸੀਬਤ ਵਿੱਚ ਆਣ ਫਸੇ ਹਨ। ਉਨ੍ਹਾਂ ਖਿਲਾਫ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਨੇ ਇਹ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਗੁਰਇੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਭਰਾ ਸ਼ਿਵਇੰਦਰ ਸਿੰਘ ਅਤੇ ਕੁਝ ਹੋਰਾਂ ਨੇ ਧੁਖਾਧੜ੍ਹੀ ਕੀਤੀ ਹੈ ਤੇ ਹੁਣ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਜਿਨ੍ਹਾਂ ਲੋਕਾਂ ਦੇ ਖਿਲਾਫ ਇਹ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਉਨ੍ਹਾਂ ਵਿੱਚ ਗੁਰਕੀਰਤ ਸਿੰਘ ਢਿੱਲੋਂ ਤੋਂ ਇਲਾਵਾ ਸ਼ਬਨਮ ਢਿੱਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਗੋਡਵਾਨੀ ਭਰਾ, ਸੰਜੇ ਅਤੇ ਸੁਨੀਲ ਦੇ ਨਾਮ ਸ਼ਾਮਲ ਹਨ।
ਮਾਲਵਿੰਦਰ ਸਿੰਘ ਵੱਲੋਂ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਕੋਲ ਦਰਜ਼ ਕਰਵਾਈ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸ਼ਿਵਇੰਦਰ ਨੇ ਸੁਨੀਲ ਗੋਡਵਾਨੀ ਤੇ ਕੁਝ ਹੋਰ ਨਾਲ ਸ਼ਾਜਿਸ਼ ਕਰਕੇ ਰੈਲੀਗੇਅਰ ਇੰਟਰਪ੍ਰਾਈਜ਼ਜ਼ ਲਿਮਟਿਡ ਤੇ ਰੈਲੀਗੇਅਰ ਫਿਨਵੈਸਟ ਲਿਮਟਿਡ ਅੰਦਰ ਵੱਡਾ ਘਪਲਾ ਕੀਤਾ ਹੈ। ਸ਼ਿਕਾਇਤ ਕਰਤਾ ਅਨੁਸਾਰ ਇਸ ਸ਼ਾਜ਼ਿਸ਼ ਦੌਰਾਨ ਉਕਤ ਮੁਲਜ਼ਮਾਂ ਨੇ ਢਿੱਲੋਂ ਪਰਿਵਾਰ ਨਾਲ ਰਲ ਕੇ ਕੰਪਨੀਆਂ ਦੀ ਵਿੱਤੀ ਹਾਲਤ ਦਾ ਗਲਤ ਖੁਲਾਸਾ ਕੀਤਾ ਤਾਂ ਕਿ ਉਸ ਨੂੰ ਆਰਥਿਕ ਅਤੇ ਹੋਰ ਨੁਕਸਾਨ ਪਹੁੰਚਾਏ ਜਾ ਸਕਣ।
ਸ਼ਿਕਾਇਤ ਕਰਤਾ ਮਾਲਵਿੰਦਰ ਸਿੰਘ ਦਾ ਦਾਅਵਾ ਹੈ ਕਿ ਗੁਰਇੰਦਰ ਸਿੰਘ ਢਿੱਲੋਂ ਨੇ ਉਸ ਨੂੰ ਆਪਣੇ ਵਕੀਲ ਫਰੀਦਾ ਚੋਪੜਾ ਰਾਹੀਂ ਧਮਕਾਇਆ ਹੈ, ਕਿ ਜੇਕਰ ਉਸ ਨੇ ਗੁਰਇੰਦਰ ਸਿੰਘ ਢਿੱਲੋਂ ਦੀ ਗੱਲ ਨਾ ਮੰਨੀ ਤਾਂ ਉਹ ਉਸ ਨੂੰ ਰਾਧਾ ਸਵਾਮੀ ਸੰਤਸੰਗ ਦੇ ਬੰਦਿਆਂ ਰਾਹੀਂ ਮਰਵਾ ਦੇਵੇਗਾ। ਇੱਧਰ ਦੂਜੇ ਪਾਸੇ ਸ਼ਿਵਇੰਦਰ ਸਿੰਘ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇੰਨਕਾਰ ਕਰ ਦਿੱਤਾ ਹੈ।