ਮਾਂਟਰੀਅਲ: ਬੀਤੇ ਸਾਲ ਫਰਵਰੀ ‘ਚ ਪੂਰੇ ਪਰਿਵਾਰ ਦੇ ਨਾਲ ਭਾਰਤ ਦੌਰੇ ‘ਤੇ ਆਏ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਇਥੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਤਸਵੀਰਾਂ ਵੀ ਖਿੱਚਵਾਈਆਂ ਸਨ। ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ। ਭਾਰਤ ‘ਚ ਲੋਕਾਂ ਨੇ ਉਨ੍ਹਾਂ ਦੇ ਇਸ ਭਾਰਤੀ ਅੰਦਾਜ਼ ਨੂੰ ਬਹੁਤ ਪਸੰਦ ਕੀਤਾ ਸੀ। ਹੁਣ ਲਗਭਗ ਇੱਕ ਸਾਲ ਬਾਅਦ ਕੈਨੇਡਾ ਦੇ ਸਰਕਾਰੀ ਬਰਾਡਕਾਸਟਰ ਰੇਡੀਓ ਕੈਨੇਡਾ ਨੇ ਪੀਐਮ ਟਰੂਡੋ ਦੇ ਭਾਰਤ ਦੌਰੇ ਨਾਲ ਸਬੰਧਤ ਪ੍ਰੋਗਰਾਮ ਬਣਾਉਂਦਿਆਂ ਆਪਣੇ ਹੀ ਪੀਐਮ ਦੀ ਤਾਂ ਮਖੌਲ ਤਾਂ ਉਡਾਇਆ ਹੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੀ ਸੰਸਕ੍ਰਿਤੀ ਦਾ ਵੀ ਮਜ਼ਾਕ ਉਡਾਇਆ।
ਇਸ ਕੰਮ ਲਈ ਦੇਸ਼ ਭਰ ਵਿੱਚ ਰੇਡੀਓ ਕੈਨੇਡਾ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਰੇਡੀਓ ਕੈਨੇਡਾ ਨੇ ਇਹ ਪ੍ਰੋਗਰਾਮ ਨਵੇਂ ਸਾਲ ਮੌਕੇ ਆਪਣੇ ਟੀਵੀ ਚੈਨਲ ’ਤੇ ਦਿਖਾਇਆ ਸੀ। ਇਸ ਦਾ ਪ੍ਰਸਾਰਣ ਹੁੰਦਿਆਂ ਹੀ ਵਿਵਾਦ ਭਖ ਗਿਆ ਸੀ।
ਇਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਟਰੂਡੋ ਦੀ ਭੂਮਿਕਾ ਵਿੱਚ ਇੱਕ ਕਲਾਕਾਰ ਕਲਪਨਾ ਦੀ ਦੁਨੀਆ ਵਿੱਚ ਚਲਾ ਜਾਂਦਾ ਹੈ। ਇਸ ਤੋਂ ਬਾਅਦ ਉਹ ਭਾਰਤੀ ਕੱਪੜੇ ਪਾ ਕੇ ਬੀਨ ਵਜਾਉਂਦਿਆਂ ਸੁਪੇਰੇ ਦੀ ਭੂਮਿਕਾ ਵਿੱਚ ਨਜ਼ਰ ਆਉਂਦਾ ਹੈ। ਇਕ ਸੀਨ ਵਿੱਚ ਉਹ ਬਾਲੀਵੁਡ ਡਾਂਸਰਾ ਨਾਲ ਤਰ੍ਹਾਂ ਤਰ੍ਹਾਂ ਦੇ ਮੂੰਹ ਬਣਾ ਕੇ ਡਾਂਸ ਕਰਦਾ ਦਿੱਸਦਾ ਹੈ। ਇਸ ਦੇ ਨਾਲ ਹੀ ਇੱਕ ਸੀਨ ਵਿੱਚ ਭਾਰਤੀ ਮਾਹੌਲ ’ਚ ਗਾਂਵਾਂ ਵੀ ਦਿੱਸ ਰਹੀਆਂ ਹਨ ਜਿਨ੍ਹਾਂ ਨੂੰ ਡੌਨਲਡ ਟਰੰਪ ਦੇ ਸਿਗਨੇਚਰ ਵਾਲਾਂ ਤੇ ਲਾਲ ਟਾਈ ਪਾਈ ਹੋਈ ਇੱਕ ਗੁਰੀਲਾ ਦੁਹਾੜ ਮਾਰ ਰਿਹਾ ਹੈ।
ਇਸ ਪ੍ਰੋਗਰਾਮ ਸਬੰਧੀ ਮਾਂਟਰੀਅਲ ਕਲਚਰਲ ਕੰਪਨੀ ਬਾਲੀਵੁਡ ਬਲਾਸਟ ਦੀ ਫਾਊਂਡਰ ਤੇ ਨਿਰਦੇਸ਼ਕ ਈਨਾ ਭੌਮਿਕ ਨੇ ਕਿਹਾ ਹੈ ਕਿ ਇਹ ਵੀਡੀਓ ਪੂਰੀ ਤਰ੍ਹਾਂ ਨਾਲ ਭਾਰਤੀ ਸੰਸਕ੍ਰਿਤੀ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਸਾਡੇ ਡਾਂਸ ਤੇ ਹੋਰ ਪਰੰਪਰਾਵਾਂ ਦਾ ਇਸ ਤਰ੍ਹਾਂ ਮਜ਼ਾਕ ਨਹੀਂ ਉਡਾਇਆ ਜਾ ਸਕਦਾ। ਇੱਕ ਹੋਰ ਭਾਰਤੀ ਮੂਲ ਦੀ ਕੈਨੇਡੀਅਨ ਮਹਿਲਾ ਮਾਹਾ ਖ਼ਾਨ ਨੇ ਕਿਹਾ ਕਿ ਇਹ ਰੇਡੀਓ ਕੈਨੇਡਾ ਦੇ ਖ਼ਾਲੀ ਦਿਮਾਗ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਤਕ ਦਾ ਸਭ ਤੋਂ ਘਟੀਆ ਪ੍ਰੋਗਰਾਮ ਹੈ।
ਵੇਖੋ ਵੀਡੀਓ-
https://www.facebook.com/RadioCanada/videos/1302335459922493/
ਦੱਸ ਦੇਈਏ ਕਿ ਭਾਰਤ ਦੌਰੇ ‘ਤੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੇ ਕਈ ਰੰਗ ਦੇਖਣ ਨੂੰ ਮਿਲੇ ਸਨ। ਇੱਕ ਹਫ਼ਤੇ ਦੇ ਦੌਰੇ ‘ਤੇ ਉਹ ਉੱਤਰ ਪ੍ਰਦੇਸ਼ ਦੇ ਆਗਰਾ, ਗੁਜਰਾਤ, ਪੰਜਾਬ, ਰਾਜਸਥਾਨ, ਦਿੱਲੀ ਆਦਿ ਥਾਵਾਂ ‘ਤੇ ਗਏ ਸਨ। ਜਸਟਿਨ ਹਰਮੰਦਿਰ ਸਾਹਿਬ ਵੀ ਮੱਥਾ ਟੇਕਣ ਪੁੱਜੇ ਸਨ। ਉਨ੍ਹਾਂ ਨੇ ਐਕਟਰ ਸ਼ਾਹਰੁਖ ਖਾਨ ਅਤੇ ਆਮੀਰ ਖਾਨ ਨਾਲ ਵੀ ਮੁਲਾਕਾਤ ਕੀਤੀ ਸੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਸੀ।