ਨਵੀਂ ਦਿੱਲੀ: ਦੇਸ਼ ਦੀ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਗਿਆ ਹੈ, ਜੋ 22 ਦਸੰਬਰ ਤੱਕ ਚੱਲੇਗਾ। ਇਸ ਦੌਰਾਨ ਰਾਜ ਸਭਾ ਵਿੱਚ ਪੰਜਾਬ ਤੋਂ ਸਾਂਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਨ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਸੀਚੇਵਾਲ ਨੇ ਕਿਹਾ ਕਿ ਵਾਤਾਵਰਨ ਦਾ ਪ੍ਰਦੂਸ਼ਣ ਸੱਭ ਤੋਂ ਮਾਰੂ ਸਿੱਧ ਹੋ ਰਿਹਾ ਹੈ, ਪਰ ਇਸ ਦੇ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ।
ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਦੁਨੀਆਂ ਭਰ ‘ਚ 21 ਲੱਖ 8 ਹਜ਼ਾਰ ਮੌਤਾਂ ਹੁੰਦੀਆਂ ਹਨ, ਇਹ ਗਿਣਤੀ ਬਹੁਤ ਜ਼ਿਆਦਾ ਹੈ। ਜੇਕਰ ਹਵਾ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ 1 ਦਿਨ, ਮੁੰਬਈ ਵਿਚ 5 ਦਿਨ ਅਤੇ ਚੇਨਈ ਵਿੱਚ 15 ਦਿਨ ਹੀ ਲੋਕਾਂ ਨੂੰ ਸਾਹ ਲੈਣ ਲਈ ਸਾਫ ਹਵਾ ਨਸੀਬ ਹੋਈ ਹੈ। ਸੀਚੇਵਾਲ ਨੇ ਕਿਹਾ ਕਿ 2019 ਤੋਂ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਕਾਰਨ ਦੁਨੀਆਂ ਭਰ ਵਿਚ 36.8 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਨਿਖੇਧੀ ਕਰਦਿਆਂ ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੱਭ ਤੋਂ ਵੱਡਾ ਦੋਸ਼ ਪੰਜਾਬ ਦੇ ਕਿਸਾਨਾਂ ਸਿਰ ਮੜਿਆ ਜਾਂਦਾ ਹੈ ਕਿ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਹਨ, ਇਸ ਲਈ ਪ੍ਰਦੂਸ਼ਣ ਵਧਦਾ ਹੈ। ਜਦਕਿ ਪੰਜਾਬ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਘੱਟ ਹੁੰਦਾ ਹੈ। ਕੋਈ ਵੀ ਕਿਸਾਨ ਪਰਾਲੀ ਨਹੀਂ ਸਾੜਨਾ ਚਾਹੁੰਦਾ ਕਿਉਂਕਿ ਕੋਈ ਵੀ ਆਪਣੇ ਗੁਰੂ ਦੇ ਉਪਦੇਸ਼ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਸ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਆਰਥਕ ਮਦਦ ਲਈ ਕੇਂਦਰ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।