ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰ ਦੇਵੇਗੀ ਖੇਤੀ ਵਿਰੋਧੀ ਆਰਡੀਨੈਂਸ: ਭਗਵੰਤ ਮਾਨ

TeamGlobalPunjab
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਸੰਬੰਧਿਤ ਲਿਆਂਦੇ ਗਏ ਤਿੰਨਾਂ ਆਰਡੀਨੈਂਸਾਂ ਨੂੰ ਪੰਜਾਬ ਦੀ ਕਿਰਸਾਨੀ ਅਤੇ ਸਮੁੱਚੀ ਆਰਥਿਕ ਨੂੰ ਬਰਬਾਦ ਕਰਨ ਵਾਲੇ ਤਾਨਾਸ਼ਾਹੀ ਫ਼ੈਸਲੇ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਹ ਤਿੰਨੇ ਆਰਡੀਨੈਂਸ ਤੁਰੰਤ ਵਾਪਸ ਲਏ ਜਾਣ।

ਇਸ ਦੇ ਨਾਲ ਹੀ ‘ਆਪ’ ਸੰਸਦ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਕਣਕ ਅਤੇ ਝੋਨੇ ਦੀ ਫ਼ਸਲ ਬਾਰੇ ਨਿਰਧਾਰਿਤ ਕੀਤੇ ਜਾਂਦੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਦੇਸ਼ ਦੀ ਆਰਥਿਕ ਲਈ ਖ਼ਤਰਾ ਦੱਸੇ ਜਾਣ ‘ਤੇ ਸਖ਼ਤ ਇਤਰਾਜ਼ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਬਾਦਲ ਪਰਿਵਾਰ ‘ਤੇ ਇੱਕ ਵਜ਼ੀਰੀ ਖ਼ਾਤਰ ਪੰਜਾਬ ਅਤੇ ਕਿਸਾਨ ਦੇ ਹਿੱਤ ਮੋਦੀ ਸਰਕਾਰ ਕੋਲ ਗਹਿਣੇ ਰੱਖਣ ਦੇ ਸੰਗੀਨ ਇਲਜ਼ਾਮ ਲਗਾਏ।

ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਨੂੰ ਪਾਰਟੀ ਹੈੱਡਕੁਆਟਰ ਰਾਹੀਂ ਜਾਰੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹਾਇਕ) ਆਰਡੀਨੈਂਸ-2020, ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ (ਸ਼ਕਤੀਕਰਨ ਅਤੇ ਸੁਰੱਖਿਆ) ਆਰਡੀਨੈਂਸ-2020 ਅਤੇ ਜ਼ਰੂਰੀ ਵਸਤਾਂ (ਸੋਧ) ਆਰਡੀਨੈਂਸ-2020) ਲਾਗੂ ਕਰਨ ‘ਚ ਕਾਮਯਾਬ ਹੋ ਗਈ ਤਾਂ ਪੰਜਾਬ ਖ਼ਾਸ ਕਰਕੇ ਦਿਹਾਤੀ ਪੰਜਾਬ ਦੀ ਥੋੜੀ ਬਹੁਤੀ ਸਹਿਕਦੀ ਅਰਥ ਵਿਵਸਥਾ ਪੂਰੀ ਤਰਾਂ ਦਮ ਤੋੜ ਜਾਵੇਗੀ।

ਭਗਵੰਤ ਮਾਨ ਨੇ ਆਪਣੇ ਪੱਤਰ ਰਾਹੀਂ ਇਨਾਂ ਆਰਡੀਨੈਂਸਾਂ ਦਾ ਦੇਸ਼ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ‘ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ।

- Advertisement -

ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਨਾਂ ਆਰਡੀਨੈਂਸਾਂ ਰਾਹੀਂ ਸਿਰਫ਼ ਅਤੇ ਸਿਰਫ਼ ਵੱਡੀਆਂ ਪ੍ਰਾਈਵੇਟ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਹੀ ਹਿੱਤ ਪੂਰੇ ਜਾ ਰਹੇ ਹਨ। ਇਹ ਦੇਸ਼ ਵਿਸ਼ੇਸਕਰ ਪੰਜਾਬ ਅਤੇ ਹਰਿਆਣਾ ਦੇ ‘ਅੰਨ ਦਾਤਾ’ ਨਾਲ ਕੀਤਾ ਜਾ ਰਿਹਾ ਅਣਕਿਆਸਿਆ ਧੋਖਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਆਰਡੀਨੈਂਸ ਸਿਰਫ਼ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਹੀ ਨਹੀਂ ਸਗੋਂ ਆੜਤੀਆਂ, ਮੁਨੀਮਾਂ, ਪੱਲੇਦਾਰਾ ਅਤੇ ਟਰਾਂਸਪੋਰਟਰਾਂ ਦੀ ਵੀ ਹੋਂਦ ਖ਼ਤਮ ਕਰ ਦੇਣਗੇ।

ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਮਐਸਪੀ ਅਤੇ ਪੰਜਾਬ-ਹਰਿਆਣਾ ਦਾ ਮੰਡੀਕਰਨ ਖ਼ਤਮ ਕਰਨ ਦਾ ਫ਼ੈਸਲਾ ਲੈ ਲਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਕੋਲੋਂ ਇਸ ਦੀ ਘੋਸ਼ਣਾ ਵੀ ਕਰਵਾ ਦਿੱਤੀ ਹੈ।

ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲੋਂ ਪੁੱਛਿਆ ਕਿ ਜਦ ਕੈਬਨਿਟ ਬੈਠਕ ‘ਚ ਪੰਜਾਬ ਦੇ ਅਧਿਕਾਰਾਂ ਅਤੇ ਕਿਸਾਨਾਂ ‘ਤੇ ਡਾਕਾ ਮਾਰਨ ਦਾ ਫ਼ੈਸਲਾ ਲਿਆ ਜਾ ਰਿਹਾ ਸੀ, ਉਦੋਂ ਕਿਉਂ ਨਹੀਂ ਬੋਲੇ। ਭਗਵੰਤ ਮਾਨ ਨੇ ਕਿਹਾ ਕਿ ਐਮਐਸਪੀ ਬਰਕਰਾਰ ਰਹਿਣ ਦੇ ਦਾਅਵੇ ਕਰਨ ਵਾਲਾ ਬਾਦਲ ਪਰਿਵਾਰ ਨਿਤਿਨ ਗਡਕਰੀ ਦੇ ਬਿਆਨ ਉਪਰੰਤ ਕਿਹੜੇ ਮੂੰਹ ਲੋਕਾਂ ‘ਚ ਜਾਵੇਗਾ? ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ਾ ਮੰਗਦਿਆਂ ਕਿਹਾ ਕਿ ਹੁਣ ਪਤਾ ਲੱਗੂ ਕਿ ਬਾਦਲ ਪਰਿਵਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਖੜਦਾ ਹੈ ਜਾਂ ਫਿਰ ਕੁਰਸੀ ਖ਼ਾਤਰ ਹਮੇਸ਼ਾ ਲਈ ਪੰਜਾਬ ਦਾ ਸੌਦਾ ਕਰ ਜਾਂਦਾ ਹੈ।

Share this Article
Leave a comment