ਬਿੰਦੂ ਸਿੰਘ
ਬੋਲਣ ਦੀ, ਧਰਮ ਦੀ ਆਜ਼ਾਦੀ, ਤਸ਼ੱਦਤ ਵਿਤਕਰੇ ਦੇ ਖ਼ਿਲਾਫ਼ ਆਵਾਜ਼ ਉਠਾਉਣ ਦੀ ਅਜ਼ਾਦੀ , ਬੇਸ਼ੱਕ ਇਹ ਨੁਕਤੇ ਮਨੁੱਖੀ ਅਧਿਕਾਰਾਂ ਹੇਠ ਇਨਸਾਫ ਮੰਗਣ ਵਾਲਿਆਂ ਦੇ ਰੋਸ ਮੁਜ਼ਾਹਰਿਆਂ ਦੇ ਹੱਥ ‘ਚ ਫੜੀਆਂ ਤਖੱਤੀਆਂ ਤੇ ਨਾਅਰਿਆਂ ਵਿੱਚ ਵੱਖ ਵੱਖ ਸਮੇਂ ਵੇਖਣ ਤੇ ਸੁਣਨ ਨੂੰ ਮਿਲਦੇ ਹਨ। ਪਰ ਇਸ ਵਾਰ ਗੱਲ ਪੋਸ਼ਾਕ ਨੂੰ ਲੈ ਕੇ ਹੋ ਰਹੀ ਹੈ।
ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਸੂਚੀ ਹੇਠ ਕੱਪੜੇ ਪਾਉਣ ਦੀ ਅਜ਼ਾਦੀ ਦਾ ਅਧਿਕਾਰ ਵੀ ਦਿੱਤਾ ਗਿਆ ਹੇੈ। ਜ਼ਾਹਰਾ ਤੌਰ ਤੇ ‘ਕੱਪੜਿਆਂ ਦਾ ਅਧਿਕਾਰ’ ਦਾ ਮਤਲਬ ਹਰੇਕ ਮਨੁੱਖ ਕੋਲ ਜਿਸਮ ਢੱਕਣ ਲਈ ਤੇ ਮੌਸਮ ਦੀ ਮਾਰ ਤੋਂ ਬਚਣ ਲਈ ਕੱਪੜੇ ਹੋਣੇ ਜ਼ਰੂਰੀ ਹਨ , ਜਿਨ੍ਹਾਂ ਕੋਲ ਐਨੇ ਵੀ ਕੱਪੜੇ ਨਹੀਂ ਹਨ, ਫੇਰ ਉਹ ਗਰੀਬੀ ਰੇਖਾ ਵਿੱਚ ਹੀ ਗਿਣੇ ਜਾਣਗੇ।
ਪਰ ਪਿਛਲੇ ਕਈ ਦਿਨਾਂ ਤੋਂ ਭਾਰਤ ਦੇ ਦੱਖਣੀ ਸੂਬੇ ਕਰਨਾਟਕ ਚੱਲ ਰਹੇ ‘ਹਿਜਾਬ ਵਿਵਾਦ’ ਜਿਸ ਵਿੱਚ ਕੁਛ ਸਕੂਲਾਂ ਕਾਲਜਾਂ ‘ਚ ਮੁਸਲਮਾਨ ਫਿਰਕੇ ਦੀਆਂ ਵਿਦਿਆਰਥਣਾਂ ਨੂੰ ਹਿਜਾਬ ਪਾਉਣ ਤੋਂ ਪਾਬੰਦੀ ਤੇ ਵਿਵਾਦ ਚੱਲ ਰਿਹਾ ਹੈ ਤੇ ਹੁਣ ਇਹ ਮਸਲਾ ਕਰਨਾਟਕ ਹਾਈ ਕੋਰਟ ਵਿੱਚ ਚੱਲ ਰਿਹਾ ਹੈ।
ਹਾਲਾਂਕਿ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਧਰਮ ਦੇ ਦਾਇਰੇ ‘ਚ ਆਉਣ ਵਾਲੇ ਮਾਮਲੇ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉੱਥੇ ਹੀ ਇੱਕ ਵੱਖ ਕਿਸਮ ਦੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਾਰਾਕ ਓਬਾਮਾ ਦੇ ਨਜ਼ਦੀਕੀ ਰਹੇ ਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨਿਕ ਅਮਲੇ ਦੇ ਮੁਲਾਜ਼ਮ ਰਸ਼ਦ ਹੁਸੈਨ ਨੇ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਪਾ ਕੇ ਲਿਖਿਆ ਹੈ ਕਿ ਸਰਕਾਰ ਨੂੰ ਇਹ ਗੱਲ ਤੈਅ ਨਹੀਂ ਕਰਨੀ ਚਾਹੀਦੀ ਕਿ ਕੌਣ ਕਿਹੜੀ ਪੋਸ਼ਾਕ ਪਾਏਗਾ ਤੇ ਕਿਹੜੀ ਪੋਸ਼ਾਕ ਨਹੀਂ ਪਏਗਾ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਧਾਰਮਿਕ ਆਜ਼ਾਦੀ ਦੇ ਮਾਅਨੇ ਆਪਣੇ ਧਰਮ ਅਨੁਸਾਰ ਪਹਿਰਾਵਾ ਚੁਣਨ ਦਾ ਅਧਿਕਾਰ ਵੀ ਹੈ। ਜ਼ਿਕਰਯੋਗ ਹੈ ਕਿ ਹੁਸੈਨ ਦਾ ਪਿਛੋਕੜ ਭਾਰਤ ਦੇ ਸੂਬਾ ਬਿਹਾਰ ਤੋੰ ਹੈ।
ਪੰਜਾਬ ਵਿਵਾਦ ਨੂੰ ਲੈ ਕੇ ਮੁਸਲਿਮ ਸਿਵਲ ਰਾਈਟਸ ਤੇ ਅਮਰੀਕੀ ਇਸਲਾਮਿਕ ਰਿਸ਼ਤਿਆਂ ਤੇ ਬਣੇ ਐਡਵੋਕੇਸੀ ਗਰੁੱਪ ਕਾਉਂਸਲ ਵੱਲੋਂ ਵੀ ਸਖ਼ਤ ਟਿੱਪਣੀਆਂ ਕੀਤੀਆਂ ਗਈਆਂ ਹਨ। ਟਿੱਪਣੀਆਂ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਵਿੱਚ ਮੁਸਲਮਾਨਾਂ ਨਾਲ ਗੈਰ ਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ ਤੇ ਇਸ ਲਈ ਉਨ੍ਹਾਂ ਭਾਰਤ ਸਰਕਾਰ ਨੂੰ ਘੇਰਿਆ ਹੈ।
ਬੁੱਧੀਜੀਵੀ ਨੋਅਮ ਚੋੌਮੱਕੀ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਭਾਰਤ ਦੇ ਸੈਕੁਲਰ ਅਤੇ ਲੋਕਤੰਤਰ ਨੂੰ ਲੈ ਕੇ ਢਾਅ ਲੱਗੀ ਹੈ ਅਤੇ ਇਸ ਨਾਲ ਮੁਸਲਮਾਨ ਸਜ਼ਾਯਾਫਤਾ ਘੱਟਗਿਣਤੀ ਦੀ ਤਰ੍ਹਾਂ ਬਣਾ ਦਿੱਤੇ ਗਏ ਹਨ।
ਹਾਲਾਂਕਿ ਭਾਰਤ ਨੇ ਅਜਿਹੀਆਂ ਸਾਰੀਆਂ ਟਿੱਪਣੀਆਂ ਤੇ ਗੱਲਾਂ ਨੂੰ ਪਿੱਛੇ ਧੱਕਦਿਆਂ ਆਪਣਾ ਰੁਖ ਬਿਲਕੁਲ ਸਾਫ ਕੀਤਾ ਹੈ ਤੇ ਕਿਹਾ ਹੈ ਕਿ ਭਾਰਤ ਦਾ ਲੋਕਤੰਤਰ ਸੰਵਿਧਾਨ ਵਿਸ਼ਿਆਂ ਤੇ ਇਹੋ ਜਿਹੀਆਂ ਟਿੱਪਣੀਆਂ ਕਰਨਾ ਠੀਕ ਨਹੀਂ ਹੈ।
ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਵਿੱਚ ਵੀ ਮੁਸਲਮਾਨ ਫਿਰਕੇ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਚੋਂ ਲੰਘਣਾ ਪਿਆ ਹੈ। ਇਸ ਤੋਂ ਇਲਾਵਾ ਵੀ ਦੁਨੀਆ ਦੇ ਕਈ ਹੋਰ ਮੁਲਕਾਂ ਵਿੱਚ ਵੱਖ ਵੱਖ ਧਰਮਾਂ ਤੇ ਫਿਰਕਿਆਂ ਨੂੰ ਆਪਣੀ ਹੋਂਦ ਲਈ ਲਗਾਤਾਰ ਸੰਘਰਸ਼ ਕਰਨਾ ਪੇੈ ਰਿਹਾ ਹੈ।
ਭਾਵੇਂ ਦੁਨੀਆਂ ਦੇ ਸਭ ਤੋਂ ਅਗਾਂਹਵਧੂ ਮੁਲਕਾਂ ‘ਚ ਅਮਰੀਕਾ ਅਤੇ ਕੈਨੇਡਾ ਦਾ ਨਾਂਅ ਆਉਂਦਾ ਹੈ ਪਰ ਬਾਵਜੂਦ ਇਸ ਦੇ ਮਨੁੱਖੀ ਅਧਿਕਾਰਾਂ ਦੀ ਪਰਿਭਾਸ਼ਾ ਚ ਅਜੇ ਤੱਕ ਕੋਈ ਵੀ ਖਰਾ ਨਹੀਂ ਉਤਰ ਸਕਿਆ ਹੇੈ।