ਲੌਕਡਾਉਨ ਦੌਰਾਨ ਲੇਹ-ਲੱਦਾਖ ਦੇ 116 ਪਿੰਡਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਆਲ ਇੰਡੀਆ ਰੇਡੀਓ ਬਣਿਆ ਮਦਦਗਾਰ

TeamGlobalPunjab
3 Min Read

ਨਵੀਂ ਦਿੱਲੀ : ਪੂਰੀ ਦੁਨੀਆ ਦੇ ਜ਼ਿਆਦਾਤਰ ਲੋਕ ਇਸ ਸਮੇਂ ਕੋਰੋਨਾ ਮਹਾਮਾਰੀ ਕਾਰਨ ਆਪਣੇ ਘਰਾਂ ‘ਚ ਬੰਦ ਹਨ। ਅਜਿਹੀ ਸਥਿਤੀ ‘ਚ ਜਿੱਥੇ ਦੇਸ਼ ਦੀ ਅਰਥਵਿਵਸਥਾ ਪ੍ਰਭਾਵਿਤ ਹੋਈ ਹੈ ਉੱਥੇ ਹੀ ਦੇਸ਼ ਦਾ ਆਉਣ ਵਾਲਾ ਭਵਿੱਖ ਭਾਵ ਬੱਚਿਆ ਦੀ ਪੜ੍ਹਾਈ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਰਹੀ ਹੈ। ਬਹੁਤ ਸਾਰੇ ਸਕੂਲਾਂ ਵੱਲੋਂ ਬੱਚਿਆਂ ਨੂੰ ਘਰ ਬੈਠੇ ਆਨਲਾਇਨ ਪੜ੍ਹਾਈ ਕਰਵਾਈ ਜਾ ਰਹੀ ਹੈ। ਅਜਿਹੇ ਮੁਸ਼ਕਲ ਦੀ ਘੜੀ ‘ਚ ਆਲ ਇੰਡੀਆ ਰੇਡੀਓ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਦਰਅਸਲ 2.5 ਲੱਖ ਦੀ ਆਬਾਦੀ ਵਾਲੇ ਲੇਹ-ਲੱਦਾਖ ‘ਚ ਸਿਰਫ ਰੇਡੀਓ ਹੀ ਸੰਚਾਰ ਦਾ ਮੁੱਖ ਮਾਧਿਅਮ ਹੈ। ਰੇਡੀਓ ਦੀ ਮਦਦ ਨਾਲ ਧਾਰਮਿਕ ਆਗੂ ਲੋਕਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕਰ ਰਹੇ ਹਨ। ਇਸ ਦੇ ਨਾਲ ਹੀ 10ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਵੀ ਰੇਡੀਓ ਦੀ ਮਦਦ ਨਾਲ ਪੜ੍ਹਾਇਆ ਜਾ ਰਿਹਾ ਹੈ। ਨਾਲ ਹੀ ਰੇਡੀਓ ਰਾਹੀਂ ਲੋਕਾਂ ਨੂੰ ਤੰਦਰੁਸਤ ਰਹਿਣ ਦੇ ਤਰੀਕੇ ਵੀ ਦੱਸੇ ਜਾ ਰਹੇ ਹਨ।

ਡਬਲਯੂਐਚਓ (WHO) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜਿਕ ਦੂਰੀ ਨੂੰ ਧਿਆਨ ‘ਚ ਰੱਖਦੇ ਹੋਏ ਰੇਡੀਓ ‘ਤੇ ਵੱਖ-ਵੱਖ ਧਰਮਾਂ ਦੇ ਗੁਰੂ ਲੋਕਾਂ ਨੂੰ ਵਿਗਿਆਨਿਕ ਆਧਾਰ ‘ਤੇ ਕੋਰੋਨਾ ਮਹਾਮਾਰੀ ਤੋਂ ਬਚਾਅ ਦੇ ਤਰੀਕੇ ਦੱਸ ਰਹੇ ਹਨ। ਦੱਸ ਦਈਏ ਕਿ ਲੇਹ ਅਤੇ ਕਾਰਗਿਲ ਦੋਵਾਂ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ ਵਿੱਚ ਹੀ ਚੈਨਲ ਆਉਂਦੇ ਹਨ ਪਰ ਪੇਂਡੂ ਖੇਤਰਾਂ ਦੇ 116 ਪਿੰਡਾਂ ਵਿੱਚ ਬਿਲਕੁਲ ਵੀ ਨੈੱਟਵਰਕ ਨਹੀਂ ਹੈ। ਇਸ ਲਈ ਰੇਡੀਓ ਇਥੋਂ ਦੇ ਲੋਕਾਂ ਦਾ ਸੰਚਾਰ ਦਾ ਮੁੱਖ ਮਾਧਿਅਮ ਮੰਨਿਆ ਜਾਂਦਾ ਹੈ।

ਲੇਹ ਲੱਦਾਖ ‘ਚ 350 ਤੋਂ ਵੱਧ ਸਰਕਾਰੀ ਸਕੂਲ ਹਨ ਜਿਥੇ ਆਨਲਾਇਨ ਸਿੱਖਿਆ ਸੰਭਵ ਨਹੀਂ ਹੈ। ਲਗਭਗ ਦੋ ਹਫ਼ਤੇ ਪਹਿਲਾਂ 10ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਰੇਡੀਓ ਰਾਹੀਂ ਪੜ੍ਹਾਉਣ ਦਾ ਫੈਸਲਾ ਲਿਆ ਗਿਆ ਸੀ। ਰੋਜ਼ਾਨਾ 10 ਤੋਂ 11 ਵਜੇਂ ਤੱਕ 2 ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਦੁਪਿਹਰ 4 ਤੋਂ 5 ਵਜੇ ਇਸ ਦਾ ਦੁਬਾਰਾ ਪ੍ਰ਼ਸਾਰਨ ਕੀਤਾ ਜਾਂਦਾ ਹੈ। ਆਲ ਇੰਡੀਆ ਰੇਡੀਓ ਦੇ ਅਧਿਕਾਰੀਆਂ ਅਨੁਸਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਵੀ ਇਸ ਦੌਰਾਨ ਆਪਣੇ ਅਧਿਆਪਕਾਂ ਤੋਂ ਪ੍ਰਸ਼ਨ ਪੁੱਛ ਸਕਣ।

- Advertisement -

ਲੇਹ-ਲੱਦਾਖ ਵਿੱਚ ਕੋਰੋਨਾ ਮਹਾਮਾਰੀ ਦਾ ਪਹਿਲਾਂ ਮਾਮਲਾ 7 ਮਾਰਚ ਨੂੰ ਸਾਹਮਣੇ ਆਇਆ ਸੀ। ਹੁਣ ਤੱਕ ਇੱਥੇ 18 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ​​ਚੁੱਕੀ ਹੈ। ਜਿਨ੍ਹਾਂ ‘ਚੋਂ 14 ਲੋਕ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਘਰ ਚਲੇ ਗਏ ਹਨ। ਜਦ ਕਿ ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 17 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 550 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

Share this Article
Leave a comment