ਸਿਡਨੀ: ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਆਸਟ੍ਰੇਲੀਆ ਨੇ ਹਾਲ ਹੀ ਵਿੱਚ ਭਾਰਤ ਤੋਂ ਯਾਤਰਾ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਹੁਣ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਉਸ ਐਲਾਨ ਨੂੰ ਪਲਟਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਭਾਰਤ ਤੋਂ ਆਉਣ ਵਾਲੇ ਆਪਣੇ ਨਾਗਰਿਕਾਂ ਦੀ ਯਾਤਰਾ ‘ਤੇ ਰੋਕ ਨੂੰ ਅਗਲੇ ਹਫ਼ਤੇ ਹਟਾ ਦੇਵੇਗਾ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਆਸਟ੍ਰੇਲੀਆ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਅਸਥਾਈ ਰੋਕ ਲਗਾ ਦਿੱਤੀ ਸੀ। ਫੈਸਲੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਆਸਟ੍ਰੇਲੀਆਈ ਨਾਗਰਿਕ ਵੀ ਇਸ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਪੰਜ ਸਾਲ ਦੀ ਕੈਦ ਅਤੇ 66000 ਆਸਟ੍ਰੇਲੀਆਈ ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ।
ਇਹ ਅਸਥਾਈ ਰੋਕ ਸੋਮਵਾਰ ਤੋਂ ਲਾਗੂ ਹੋਈ ਸੀ। ਫਿਲਹਾਲ ਇਹ ਉਨ੍ਹਾਂ ਯਾਤਰੀਆਂ ‘ਤੇ ਲਾਗੂ ਹੋਵੇਗੀ ਜੋ ਭਾਰਤ ਤੋਂ ਆਸਟ੍ਰੇਲੀਆ ਆਉਣ ਦੇ ਇੱਛੁਕ ਹਨ ਜਾਂ ਜਿਨ੍ਹਾਂ ਨੇ ਪਿਛਲੇ 14 ਦਿਨਾਂ ਵਿੱਚ ਭਾਰਤ ਦੀ ਯਾਤਰਾ ਕੀਤੀ ਹੈ। ਸਿਡਨੀ ਦੀਆਂ ਸਥਾਨਕ ਖਬਰਾਂ ਮੁਤਾਬਕ ਅਨੁਮਾਨ ਹੈ ਕਿ ਭਾਰਤ ‘ਚ ਇਸ ਵੇਲੇ ਲਗਭਗ 9000 ਆਸਟ੍ਰੇਲਿਆਈ ਨਾਗਰਿਕ ਹਨ।