ਕਿਹੜੇ ਸ਼ਹਿਰ ‘ਚ ਹਨ ਸਰਕਾਰੀ ਸਕੂਲਾਂ ਦੇ 50 ਫ਼ੀਸਦ ਵਿਦਿਆਰਥੀ ਨਸ਼ੇ ਦੇ ਆਦੀ

TeamGlobalPunjab
4 Min Read

-ਅਵਤਾਰ ਸਿੰਘ

ਇਕ ਅਧਿਐਨ ਦੇ ਆਧਾਰ ‘ਤੇ ਛਪੀਆਂ ਤਾਜ਼ਾ ਰਿਪੋਰਟਾਂ ਮੁਤਾਬਿਕ ਦੋ ਰਾਜਾਂ ਦੀ ਰਾਜਧਾਨੀ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਲਗਪਗ 50 ਫੀਸਦੀ ਵਿਦਿਆਰਥੀ ਭੁੱਕੀ, ਵੀਡ (ਜੰਗਲੀ ਘਾਹ), ਤੰਬਾਕੂ ਅਤੇ ਕੋਕੀਨ ਆਦਿ ਨਸ਼ਿਆਂ ਵਿੱਚ ਲਿਪਤ ਹਨ। ਇਹ ਬੜੀ ਚਿੰਤਾਜਨਕ ਗੱਲ ਹੈ।

ਇਸ ਅਧਿਐਨ ਦੀ ਰਿਪੋਰਟ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਕੋਲ ਚੰਡੀਗੜ੍ਹ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਵੱਲੋਂ ਸੌਂਪੀ ਗਈ। ਇਹ ਸਟੱਡੀ ਕਰਨ ਸਮੇਂ 161 ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਵਿੱਚ 143 (ਮੁੰਡੇ) ਅਤੇ 18 ਕੁੜੀਆਂ ਜ੍ਹਿਨਾਂ ਦੀ ਉਮਰ 13 ਤੋਂ 19 ਸਾਲ ਸੀ, ਨੂੰ ਲਿਆ ਗਿਆ। ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇਹਨਾਂ ਵਿਚੋਂ 40 ਪ੍ਰਤੀਸ਼ਤ ਬੱਚੇ 13 ਅਤੇ 14 ਸਾਲ ਦੀ ਉਮਰ ਤੋਂ ਹੀ ਨਸ਼ੇ ਕਰਨ ਲੱਗ ਗਏ ਸਨ।

ਸਰਵੇਖਣ ਅਨੁਸਾਰ ਜ੍ਹਿਨਾਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਉਹ ਇਕ ਦਿਨ ਵਿੱਚ ਸ਼ਰ੍ਹੇਆਮ ਨਸ਼ਾ ਕਰਦੇ ਹਨ। ਰਿਪੋਰਟ ਅਨੁਸਾਰ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੇ ਮਨੋਰੋਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਅਜੀਤ ਸਿਡਾਨਾ ਦਾ ਕਹਿਣਾ ਹੈ , ”ਛੋਟੀ ਉਮਰ ਹੋਣ ਕਰਕੇ ਬੱਚੇ ਬਹੁਤੀਆਂ ਗੱਲਾਂ ਆਪਣੇ ਮਾਪਿਆਂ ਤੋਂ ਸਿੱਖਦੇ ਹਨ ਕਿਉਂਕਿ ਬਹੁਤ ਸਮਾਂ ਉਹ ਉਹਨਾਂ ਨਾਲ ਹੀ ਵਿਚਰਦੇ ਹਨ। ਇਸ ਤੋਂ ਕਿਸ਼ੋਰ ਉਮਰ ਵਰਗ ਦੇ ਬੱਚੇ ਆਪਣੇ ਮਾਪਿਆਂ ਵਿਚਕਾਰ ਹੁੰਦੇ ਲੜਾਈ ਝਗੜਿਆਂ ਤੋਂ ਤੰਗ ਆ ਜਾਂਦੇ ਹਨ। ਇਸ ਤਣਾਅ ਤੋਂ ਮੁਕਤ ਹੋਣ ਲਈ ਉਹ ਦੋਸਤਾਂ ਨਾਲ ਵਧੇਰੇ ਸਮਾਂ ਗੁਜਰ ਕੇ ਨਸ਼ੇ ਕਰਨ ਲੱਗ ਪੈਂਦੇ ਹਨ।”

- Advertisement -

ਅਧਿਐਨ ਅਨੁਸਾਰ ਨਸ਼ੇ ਲੈਣ ਲਈ 93 ਫ਼ੀਸਦ ਬੱਚੇ ਆਪਣੇ ਦੋਸਤਾਂ ਦੀ ਸੰਗਤ ਵਿੱਚ ਰਹਿਣਾ ਪਸੰਦ ਕਰਦੇ ਹਨ। ਡਾਕਟਰ ਸਿਡਾਨਾ ਦਾ ਇਹ ਵੀ ਮੰਨਣਾ ਹੈ ਕਿ ਕਈਆਂ ਉਪਰ ਨਸ਼ੇ ਕਰਨ ਲਈ ਦੋਸਤਾਂ ਦਾ ਵੀ ਦਬਾਅ ਹੁੰਦਾ ਹੈ। ਸਰਵੇਖਣ ਵਿੱਚ ਇਹ ਵੀ ਸਾਹਮਣ੍ਹੇ ਆਇਆ ਕਿ 45 ਫ਼ੀਸਦ ਵਿਦਿਆਰਥੀ ਸਿਗਰਟ, ਬੀੜੀ ਅਤੇ ਸ਼ਰਾਬ ਦਾ ਸੇਵਨ ਕਰਦੇ ਹਨ।

ਡਾਕਟਰ ਸਿਡਾਨਾ ਜੋ (ਜੀ ਐੱਮ ਸੀ ਐੱਚ) ਦੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਵੀ ਹਨ, ਦਾ ਕਹਿਣਾ ਹੈ ਕਿ ਤੰਬਾਕੂ ਅਤੇ ਵੀਡ ਵਰਗੇ ਨਸ਼ੇ ਆਸਾਨੀ ਨਾਲ ਮਿਲ ਜਾਂਦੇ ਹਨ ਇਸ ਕਰਕੇ ਇਹਨਾਂ ਦਾ ਸੇਵਨ ਕਰਨਾ ਸੌਖਾ ਹੈ। ਇਹਨਾਂ ਨਸ਼ਿਆਂ ਦਾ ਸਿੱਧਾ ਅਸਰ ਦਿਮਾਗ ‘ਤੇ ਹੁੰਦਾ ਹੈ, ਜਦੋਂ ਕਿਸੇ ਨੇ ਇਕ ਵਾਰ ਸੇਵਨ ਕਰ ਲਿਆ ਫੇਰ ਆਦੀ ਹੋ ਜਾਂਦਾ ਹੈ। ਸ਼ਰਾਬ ਵੀ ਛੋਟੀ ਉਮਰ ਵਿੱਚ ਲੈਣ ਨਾਲ ਆਦੀ ਹੋ ਜਾਂਦਾ।

ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਦਿਨ ਪ੍ਰਤੀ ਦਿਨ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਰਾਬ ਦੇ ਆਦੀ ਹੌਲੀ ਹੌਲੀ ਗਾਂਜਾ, ਵੀਡ, ਕੋਕੀਨ, ਤੰਬਾਕੂ, ਨੀਲਾਥੋਥਾ ਅਤੇ ਹੈਰੋਇਨ ਵਰਗੇ ਨਸ਼ੇ ਕਰਨ ਲਗ ਜਾਂਦੇ ਹਨ। ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਵਿਚੋਂ 64 ਪ੍ਰਤੀਸ਼ਤ ਵਿਦਿਆਰਥੀ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਹਨ। ਸਮਾਜ ਸ਼ਾਸ਼ਤਰ ਵਿਭਾਗ ਦੇ ਪ੍ਰੋਫੈਸਰ ਕੁਮੂਲ ਅੱਬੀ ਅਨੁਸਾਰ, ”ਨਸ਼ਾ ਕਰਨ ਵਾਲੇ ਬਹੁਤੇ ਵਿਦਿਆਰਥੀ ਮਾਤਾ ਪਿਤਾ ਦੇ ਝਗੜਿਆਂ ਜਾਂ ਉਹਨਾਂ ਦੇ ਵੱਖ ਵੱਖ ਰਹਿਣ ਤੋਂ ਪ੍ਰੇਸ਼ਾਨ ਹੁੰਦੇ ਹਨ।” ਪ੍ਰੋ ਅੱਬੀ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਵਾਂਗ ਚੰਡੀਗੜ੍ਹ ਸ਼ਹਿਰ ਵੀ ਨਸ਼ਿਆਂ ਦਾ ਅੱਡਾ ਹੈ। ਇਥੇ ਲਗਪਗ 73% ਵਿਦਿਆਰਥੀਆਂ ਦੇ ਮਾਪੇ ਨੌਕਰੀ ਪੇਸ਼ਾ ਹਨ। ਇਹਨਾਂ ਵਿੱਚ ਬਹੁਤੇ ਚਪੜਾਸੀ ਜਾਂ ਸਫਾਈ ਸੇਵਕ ਹਨ। ਇਹਨਾਂ ਵਿਦਿਆਰਥੀਆਂ ਵਿੱਚ 81% ਸ਼ਹਿਰੀ ਖੇਤਰ ਅਤੇ 19% ਪੇਂਡੂ ਖੇਤਰ ਜਿਵੇਂ ਡੱਡੂ ਮਾਜਰਾ, ਧਨਾਸ ਅਤੇ ਨਯਾ ਗਾਓਂ ਤੋਂ ਆਓਂਦੇ ਹਨ।

ਚੰਡੀਗੜ੍ਹ ਯੂ ਟੀ ਦੇ ਸਾਬਕਾ ਸਿੱਖਿਆ ਸਕੱਤਰ ਬੀ ਐਲ ਸ਼ਰਮਾ ਦਾ ਕਹਿਣਾ ਹੈ ਕਿ ਪੇਂਡੂ ਖੇਤਰ ਦੇ ਕੁਝ ਸਕੂਲਾਂ ਦੇ ਵਿਦਿਆਰਥੀ ਨਸ਼ਾ ਕਰਨ ਵਾਲਿਆਂ ਆਦਤਾਂ ‘ਚ ਪੈ ਗਈ ਹਨ। ਜਦੋਂ ਆਸ-ਪਾਸ ਨਸ਼ਾ ਸ਼ਰ੍ਹੇਆਮ ਚਲਦਾ ਹੋਵੇ ਤਾਂ ਇਸ ਦਾ ਅਸਰ ਸਕੂਲਾਂ ‘ਤੇ ਵੀ ਪੈਣਾ ਹੀ ਹੈ।”

Share this Article
Leave a comment