ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 31ਵਾਂ ਰਾਗ ਜੈਜਾਵੰਤੀ -ਗੁਰਨਾਮ ਸਿੰਘ (ਡਾ.)

TeamGlobalPunjab
5 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-29

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 31ਵਾਂ ਰਾਗ ਜੈਜਾਵੰਤੀ

*ਗੁਰਨਾਮ ਸਿੰਘ (ਡਾ.)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵਿਧਾਨ ਵਿਚ ਅੰਕਿਤ ਮੁੱਖ 31 ਰਾਗਾਂ ਵਿਚੋਂ ਜੈਜਾਵੰਤੀ ਰਾਗ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੀ ਦਰਜ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਸਮ ਪਾਤਸ਼ਾਹ ਦੀ ਅਗਵਾਈ ਵਿਚ ਗ੍ਰੰਥ ਸਾਹਿਬ ਦਾ ਹਿੱਸਾ ਬਣਾਈ ਗਈ। ਇਸ ਰਾਗ ਨੂੰ ਵਿਜੈ, ਜੈਕਾਰ ਤੇ ਚੜ੍ਹਦੀਕਲਾ ਦਾ ਰਾਗ ਮੰਨਿਆ ਗਿਆ ਹੈ।

ਰਾਗ ਜੈਜਾਵੰਤੀ ਇਕ ਮਧੁਰ ਤੇ ਆਕਰਸ਼ਕ ਰਾਗ ਹੈ। ਇਹ ਗੰਭੀਰ ਅਤੇ ਕਰੁਣਾਮਈ ਪ੍ਰਕਿਰਤੀ ਦਾ ਹੈ। ਜੈਜਾਵੰਤੀ ਰਾਗ ਮੱਧ ਕਾਲ ਦੇ ਸ਼ੁੱਧ, ਛਾਇਆਲਗ ਅਤੇ ਸੰਕੀਰਣ ਵਰਗੀਕਰਣ ਅਨੁਸਾਰ, ਸੰਕੀਰਣ ਵਰਗ ਦਾ ਰਾਗ ਹੈ। ਇਸ ਵਿਚ ਕਈ ਰਾਗਾਂ ਦੀ ਝਲਕ ਨਜ਼ਰ ਪੈਂਦੀ ਹੈ। ਕਈ ਲੇਖਕਾਂ ਨੇ ਰਾਗ ਜੈਜਾਵੰਤੀ ਨੂੰ ਰਾਗਣੀ ਮੰਨਿਆ ਹੈ। ਭਾਈ ਵੀਰ ਸਿੰਘ ਰਾਗ ਜੈਜਾਵੰਤੀ ਬਾਰੇ ਲਿਖਦੇ ਹਨ -: ਜੈਜਾਵੰਤੀ – ਗੁਰਮਤਿ ਸੰਗੀਤ ਵਿਚ ਇਹ ਇਕ ਭਿੰਨ ਰਾਗਣੀ ਹੈ। ਕਾਨੜਾ, ਸੋਰਠੀ ਦੇ ਮੇਲ ਤੋਂ ਬਣਦੀ ਹੈ ਪਰੰਤੂ ਹੋਰਨਾਂ ਮਤਾਂ ਵਿਚ ਜੇਹਾ ਕਿ ਹਨੂਮਾਨ ਮੱਤ ਵਿਚ ਦੀਪਕ ਦੀ ਨੂੰਹ ਲਿਖੀ ਹੈ। ਇਥੇ ਧੌਲਸਿਰੀ, ਸੋਰਠਿ, ਬਿਲਾਵਲ ਦਾ ਮੇਲ ਦੀਪਕ ਦੀ ਛਾਇਆ ਸਮੇਤ ਜੈਜਾਵੰਤੀ ਬਣਦੀ ਹੈ। ਗੁਰਬਾਣੀ ਅਨੁਸਾਰ ਜੈਜਾਵੰਤੀ ਰਾਗ ਹੈ ਇਸ ਦੀ ਪੁਸ਼ਟੀ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 1352 ਤੇ ਰਾਗ ਜੈਜਾਵੰਤੀ ਮਹਲਾ 9 ਦੇ ਸਿਰਲੇਖ ਤੋਂ ਹੁੰਦੀ ਹੈ।

- Advertisement -

ਰਾਗ ਜੈਜਾਵੰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਪ੍ਰਬੰਧ ਦਾ ਅੰਤਿਮ ਰਾਗ ਹੈ। ਭਾਰਤੀ ਸੰਗੀਤ ਵਿਚ ਇਸ ਨੂੰ ‘ਜੈਜਾਵੰਤੀ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੰਡਤ ਵਿਸ਼ਨੂ ਨਾਰਾਇਣ ਭਾਤਖੰਡੇ ਨੇ ਇਸ ਰਾਗ ’ਤੇ ਆਪਣੀ ਰਚਨਾ ਭਾਤਖੰਡੇ ਸੰਗੀਤ ਸ਼ਾਸਤਰ ਭਾਗ ਪਹਿਲਾ ਵਿਚ ਵਿਧੀ ਪੂਰਵਕ ਵਿਚਾਰ ਚਰਚਾ ਕੀਤੀ ਹੈ। ਰਾਗ ਜੈਜਾਵੰਤੀ ਨੂੰ ਦੋ ਅੰਗਾਂ ਨਾਲ ਗਾਇਨ ਕਰਨ ਦੀ ਪ੍ਰਥਾ ਹੈ। ਇਕ ਸੋਰਠਿ ਜਾਂ ਦੇਸ ਅੰਗ ਅਤੇ ਦੂਜਾ ਬਾਗੇਸ਼ਵਰੀ ਅੰਗ। ਰਾਗ ਜੈਜਾਵੰਤੀ, ਖਮਾਜ ਥਾਟ ਦਾ ਰਾਗ ਮੰਨਿਆ ਜਾਂਦਾ ਹੈ। ਇਸ ਰਾਗ ਵਿਚ ਦੋਵੇਂ ਗੰਧਾਰ ਅਤੇ ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦਾ ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਸੰਗੀਤ ਵਿਦਵਾਨ ਇਸ ਦਾ ਵਾਦੀ ਸੁਰ ਰਿਸ਼ਭ ਹੋਣ ਕਰਕੇ ਇਸ ਰਾਗ ਨੂੰ ਪੂਰਵਾਂਗਵਾਦੀ ਵਰਗ ਦਾ ਰਾਗ ਪ੍ਰਵਾਨ ਕਰਦੇ ਹਨ। ਇਸ ਰਾਗ ਦੇ ਅਵਰੋਹ ਵਿਚ ਕੋਮਲ ਗੰਧਾਰ ਦਾ ਪ੍ਰਯੋਗ ਹਮੇਸ਼ਾ ਰਿਸ਼ਭ ਦੇ ਸੰਯੋਗ ਨਾਲ ਹੁੰਦਾ ਹੈ, ਜਿਵੇਂ ਕਿ ਮਧਿਅਮ ਗੰਧਾਰ ਰਿਸ਼ਭ ਗੰਧਾਰ(ਕੋਮਲ) ਰਿਸ਼ਭ ਸ਼ੜਜ। ਆਰੋਹ ਵਿਚ ਜਾਂਦੇ ਸਮੇਂ ਦੇਸ ਜਾਂ ਸੋਰਠਿ ਅੰਗ ਨਾਲ ਧੈਵਤ ਵਰਜਿਤ  ਕਰਕੇ ਸ਼ੁਧ ਨਿਸ਼ਾਦ ਲੈ ਕੇ ਤਾਰ ਸਪਤਕ ਦੇ ਸ਼ੜਜ ਵਿਚ ਪ੍ਰਵੇਸ਼ ਕੀਤਾ ਜਾਂਦਾ ਹੈ ਜਿਵੇਂ ਮਧਿਅਮ-ਪੰਚਮ ਨਿਸ਼ਾਦ ਨਿਸ਼ਾਦ ਸ਼ੜਜ(ਤਾਰ ਸਪਤਕ) ਨਿਸ਼ਾਦ ਸ਼ੜਜ(ਤਾਰ ਸਪਤਕ) ਅਤੇ ਸ਼ੜਜ ਤੋਂ ਅੱਗੇ ਜਾਣ ਵੇਲੇ ਸ਼ੜਜ ਵਰਜਿਤ ਕਰਕੇ ਕੋਮਲ ਨਿਸ਼ਾਦ ਦਾ ਪ੍ਰਯੋਗ ਹੁੰਦਾ ਹੈ, ਜਿਵੇਂ ਕਿ ਨਿਸ਼ਾਦ ਸ਼ੜਜ(ਤਾਰ ਸਪਤਕ) ਧੈਵਤ ਨਿਸ਼ਾਦ(ਕੋਮਲ) ਰਿਸ਼ਭ(ਤਾਰ ਸਪਤਕ) ਆਦਿ। ਅੰਤਰੇ ਦੇ ਉਠਾਵ ਸਮੇਂ ਬਾਗੇਸ਼ਵਰੀ ਅੰਗ ਨਾਲ ਪੰਚਮ ਵਰਜਿਤ ਕਰਕੇ ਕੋਮਲ ਨਿਸ਼ਾਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਮਧਿਅਮ ਧੈਵਤ ਨਿਸ਼ਾਦ(ਕੋਮਲ) ਸ਼ੜਜ(ਤਾਰ ਸਪਤਕ)।

ਗੁਰਮਤਿ ਸੰਗੀਤ ਅਧੀਨ ਰਾਗ ਜੈਜਾਵੰਤੀ ਦਾ ਸਰਵਪ੍ਰਵਾਨਿਤ ਸਰੂਪ ਇਸ ਪ੍ਰਕਾਰ ਹੈ -: ਥਾਟ ਖਮਾਜ, ਜਾਤੀ ਸ਼ਾੜਵ-ਸੰਪੂਰਨ, ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਸੁਰ ਪੰਚਮ ਇਸ ਵਿਚ ਦੋਵੇਂ ਗੰਧਾਰ ਅਤੇ ਦੋਵੇਂ ਨਿਸ਼ਾਦ ਤੇ ਬਾਕੀ ਸਭ ਸੁਰ ਸ਼ੁੱਧ ਪ੍ਰਯੋਗ ਹੁੰਦੇ ਹਨ। ਇਸ ਰਾਗ ਦਾ ਗਾਇਨ  ਸਮਾਂ ਰਾਤ ਦਾ ਦੂਸਰਾ ਪਹਿਰ ਪ੍ਰਵਾਨਿਆ ਹੈ। ਇਸ ਰਾਗ ਦਾ ਆਰੋਹ ਸ਼ੜਜ, ਰਿਸ਼ਭ ਗੰਧਾਰ ਮਧਿਅਮ ਪੰਚਮ, ਨਿਸ਼ਾਦ ਸ਼ੜਜ(ਤਾਰ ਸਪਤਕ) ਅਤੇ ਅਵਰੋਹ ਸ਼ੜਜ(ਤਾਰ ਸਪਤਕ) ਨਿਸ਼ਾਦ (ਕੋਮਲ) ਧੈਵਤ ਪੰਚਮ, ਧੈਵਤ ਮਧਿਅਮ, ਰਿਸ਼ਭ ਗੰਧਾਰ(ਕੋਮਲ) ਰਿਸ਼ਭ ਸ਼ੜਜ ਮੰਨਿਆ ਹੈ।

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਜੈਜਾਵੰਤੀ ਦਾ ਸਰੂਪ ਉਕਤ  ਸਰੂਪ ਤੋਂ ਅਲਗ ਦਰਸਾਇਆ ਗਿਆ ਹੈ। ਭਾਈ ਕਾਨ ਸਿੰਘ ਨਾਭਾ ਨੇ ਇਸ ਰਾਗ ਦਾ ਆਰੋਹ ਸ਼ੜਜ ਰਿਸ਼ਭ ਗੰਧਾਰ ਮਧਿਅਮ ਪੰਚਮ ਧੈਵਤ ਨਿਸ਼ਾਦ ਸ਼ੜਜ ਅਤੇ ਅਵਰੋਹ ਸ਼ੜਜ ਨਿਸ਼ਾਦ(ਕੋਮਲ) ਧੈਵਤ ਪੰਚਮ ਮਧਿਅਮ ਗੰਧਾਰ(ਕੋਮਲ) ਰਿਸ਼ਭ ਸ਼ੜਜ ਮੰਨਿਆ ਹੈ।

ਰਾਗ ਜੈਜਾਵੰਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗਾਤਮਕ ਬਾਣੀ ਪੰਨਾ ੧੩੫੨ ’ਤੇ ਅੰਕਿਤ ਹੈ ਅਤੇ ਇਸ ਤੋਂ ਬਾਅਦ ਪੰਨਾ ੧੩੫੩ ਤੋਂ ੧੪੨੯ ਤੱਕ ਸਲੋਕ ਸਹਸਕ੍ਰਿਤੀ ਮਹਲਾ ੧, ੫, ਗਾਥਾ ਮਹਲਾ ੫, ਫੁਨਹੇ ਮਹਲਾ ੫, ਚਉਬੋਲੇ ਮਹਲਾ ੫, ਸਲੋਕ ਭਗਤ ਕਬੀਰ ਜੀਉ, ਸ਼ੇਖ ਫ਼ਰੀਦ ਜੀਉ, ਸਲੋਕ ਵਾਰਾਂ ਤੇ ਵਧੀਕ, ਸਲੋਕ ਮਹਲਾ ੯, ਰਾਗ ਸਿਰਲੇਖਾਂ ਤੋਂ ਬਿਨਾਂ ਦਰਜ ਹਨ। ਇਸ ਰਾਗ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ  ਪਦੇ ਅੰਕਿਤ ਹਨ।

ਰਾਗ ਜੈਜਾਵੰਤੀ ਦੇ ਅਧੀਨ 20ਵੀਂ ਸਦੀ ਦੇ ਪ੍ਰਮੁੱਖ ਰਚਨਾਕਾਰ ਸ੍ਰ. ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਰਾਗੀ  ਜਸਵੰਤ ਸਿੰਘ ਤੀਵਰ,  ਸੰਤ ਸਰਵਣ ਸਿੰਘ ਗੰਧਰਵ,  ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਹਰਮਿੰਦਰ ਸਿੰਘ ਆਦਿ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ।

- Advertisement -

ਰਾਗ ਜੈਜਾਵੰਤੀ ਨੂੰ ਗੁਰੂ ਘਰ ਦੇ ਕੀਰਤਨੀਆਂ, ਰਾਗੀਆਂ ਤੇ ਸੰਗੀਤਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਦੀ ਰਿਕਾਰਡਿੰਗ ਅਸੀਂ ਵੱਖ-ਵੱਖ ਵੈਬਸਾਈਟਸ ਤੇ ਸੁਣ ਸਕਦੇ ਹਾਂ।

*drgnam@yahoo.com

Share this Article
Leave a comment