ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 30ਵਾਂ ਰਾਗ ਪ੍ਰਭਾਤੀ -ਗੁਰਨਾਮ ਸਿੰਘ (ਡਾ.)

TeamGlobalPunjab
10 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-28

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 30ਵਾਂ ਰਾਗ ਪ੍ਰਭਾਤੀ

*ਗੁਰਨਾਮ ਸਿੰਘ (ਡਾ.)

ਭਾਰਤੀ ਸੰਗੀਤ ਦਾ ਅਪ੍ਰਚਲਿਤ ਪ੍ਰਭਾਤੀ ਰਾਗ ਨੂੰ ਗੁਰਮਤਿ ਸੰਗੀਤ ਵਿਚ ਨਿਵੇਕਲਾ ਸਥਾਨ ਪ੍ਰਾਪਤ ਹੈ। ਗੁਰਮਤਿ ਸੰਗੀਤ ਵਿਚ ਇਸ ਦੇ ਤਿੰਨ ਪ੍ਰਕਾਰ – ‘ਪ੍ਰਭਾਤੀ ਬਿਭਾਸ’, ‘ਪ੍ਰਭਾਤੀ ਦੱਖਣੀ’ ਅਤੇ ‘ਬਿਭਾਸ ਪ੍ਰਭਾਤੀ’ ਪਾਏ ਜਾਂਦੇ ਹਨ। ਇਸ ਦੇ ਸਮੁੱਚੇ ਸਰੂਪ ਵਿਚ ਭੈਰਵ, ਰਾਮਕਲੀ, ਲਲਿਤ ਅਤੇ ਕਲੰਗਿੜਾ ਵਰਗੇ ਰਾਗਾਂ ਦੀ ਛਾਇਆ ਦਿਖਾਈ ਦਿੰਦੀ ਹੈ ਜਿਵੇਂ ਇਸ ਵਿਚ ਸੁਤੰਤਰ ਰੂਪ ਵਿਚ ਤੀਵਰ ਮਧਿਅਮ ਦੀ ਵਰਤੋਂ ਲਲਿਤ ਅੰਗ ਤੋਂ ਕੀਤੀ ਜਾਂਦੀ ਹੈ – ਮਧਿਅਮ (ਤੀਵਰ) ਮਧਿਅਮ ਗੰਧਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਵਿਚ ਰਾਗ ਪ੍ਰਭਾਤੀ ਤੀਹਵੇਂ ਸਥਾਨ ’ਤੇ ਦਰਜ ਹੈ ਜਿਸ ਦਾ ਆਰੰਭ ਰਾਗ ‘ਪ੍ਰਭਾਤੀ ਬਿਭਾਸ ਮਹਲਾ ੧, ਚਉਪਦੇ ਘਰੁ ੧’ ਦੇ ਸਿਰਲੇਖ ਵਜੋਂ ਹੁੰਦਾ ਹੈ। ਇਹ ਭਾਰਤੀ ਸੰਗੀਤ ਦਾ ਇਕ ਅਪ੍ਰਚਲਿਤ ਰਾਗ ਹੈ। ਇਸ ਦੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਪ੍ਰਭਾਤ ਸਮੇਂ ਦਾ ਰਾਗ ਹੈ। ਭਾਰਤੀ ਸੰਗੀਤ ਵਿਚ ਇਸ ਨੂੰ ‘ਪ੍ਰਭਾਤ’ ਜਾਂ ‘ਪ੍ਰਭਾਵਤੀ’ ਨਾਮਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ।

‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਤੇ ਗੁਰਮਤਿ ਸੰਗੀਤਾਚਾਰੀਆ ਪ੍ਰੋਫ਼ੈਸਰ ਤਾਰਾ ਸਿੰਘ ਰਾਗ ਪ੍ਰਭਾਤੀ ਨੂੰ ਭੈਰਵ ਥਾਟ ਦੇ ਅੰਤਰਗਤ ਰੱਖਦੇ ਹੋਏ ਇਸ ਦੀ ਜਾਤੀ ਸੰਪੂਰਨ-ਸੰਪੂਰਨ ਮੰਨਦੇ ਹਨ। ‘ਰਾਗ ਕੋਸ਼’ ਵਿਚ ਇਸ ਰਾਗ ਦਾ ਜ਼ਿਕਰ ਰਾਗ ਪ੍ਰਭਾਤ ਵਜੋਂ ਕੀਤਾ ਗਿਆ ਹੈ। ਇਸ ਦਾ ਵਾਦੀ-ਸੰਵਾਦੀ ਮਧਿਅਮ ਸ਼ੜਜ ਮੰਨਿਆ ਜਾਂਦਾ ਹੈ। ਇਸ ਵਿਚ ਰਿਸ਼ਭ, ਧੈਵਤ ਕੋਮਲ, ਦੋਵੇਂ ਮਧਿਅਮ ਅਤੇ ਬਾਕੀ ਸੁਰ ਸ਼ੁੱਧ ਵਰਤੇ ਗਏ ਹਨ। ਇਸ ਦਾ ਗਾਇਨ ਸਮਾਂ ਸਵੇਰ ਦਾ ਮੰਨਿਆ ਗਿਆ ਹੈ।

- Advertisement -

ਪ੍ਰਭਾਤੀ ਰਾਗ ਦੇ ਕਿਰਿਆਤਮਕ ਰੂਪ ਵਿਚ ਮੁੱਖ ਤੋਰ ’ਤੇ ਦੋ ਸਰੂਪ ਮਿਲਦੇ ਹਨ। ਇਸ ਨੂੰ ਕਲਿਆਣ ਅੰਗ ਅਤੇ ਭੈਰਵ ਅੰਗ ਤੋਂ ਗਾਉਣ ਦਾ ਪ੍ਰਚਲਨ ਰਿਹਾ ਹੈ। ਕਲਿਆਣ ਅੰਗ ਵਾਲੇ ਪ੍ਰਭਾਤੀ ਦੀ ਜਾਤੀ ਔੜਵ-ਸ਼ਾੜਵ ਮੰਨੀ ਗਈ ਹੈ। ਇਸ ਵਿਚ ਵਾਦੀ ਸੁਰ ਸ਼ੜਜ ਅਤੇ ਸੰਵਾਦੀ ਪੰਚਮ ਮੰਨਿਆ ਗਿਆ ਹੈ। ਇਸ ਦਾ ਗਾਇਨ ਸਮਾਂ ਪ੍ਰਭਾਤ ਦਾ ਮੰਨਿਆ ਜਾਂਦਾ ਹੈ।

ਉਪਰੋਕਤ ਦੋਨਾਂ ਪ੍ਰਕਾਰਾਂ ਵਿਚੋਂ ਪ੍ਰਭਾਤੀ ਰਾਗ ਨੂੰ ਕਲਿਆਣ ਥਾਟ ਅਧੀਨ ‘ਆਦਿ ਗ੍ਰੰਥ ਰਾਗ ਕੋਸ਼’ ਅਤੇ ‘ਰਾਗ ਨਿਰਣਾਇਕ ਕਮੇਟੀ’ ਨੇ ਪ੍ਰਵਾਨ ਕੀਤਾ ਹੈ ਜਿਸ ਅਨੁਸਾਰ ਇਸ ਰਾਗ ਦੇ ਆਰੋਹ ਵਿਚ ਮਧਿਅਮ ਨਿਸ਼ਾਦ ਅਤੇ ਅਵਰੋਹ ਵਿਚ ਕੇਵਲ ਮਧਿਅਮ ਸੁਰ ਵਰਜਿਤ ਕਰਕੇ ਇਸ ਦੀ ਜਾਤੀ ਔੜਵ-ਸ਼ਾੜਵ ਮੰਨੀ ਗਈ ਹੈ। ਇਸ ਦਾ ਵਾਦੀ ਸੁਰ ਸ਼ੜਜ ਅਤੇ ਸੰਵਾਦੀ ਪੰਚਮ ਮੰਨਿਆ ਗਿਆ ਹੈ। ਇਸ ਦਾ ਗਾਇਨ ਸਮਾਂ ਸਵੇਰ ਦਾ ਪਹਿਲਾ ਪਹਿਰ ਮੰਨਿਆ ਗਿਆ ਹੈ। ਇਸ ਦਾ ਆਰੋਹ ਸ਼ੜਜ ਰਿਸ਼ਭ ਗੰਧਾਰ, ਪੰਚਮ, ਧੈਵਤ ਸ਼ੜਜ (ਤਾਰ ਸਪਤਕ), ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ ਨਿਸ਼ਾਦ ਪੰਚਮ, ਗੰਧਾਰ ਰਿਸ਼ਭ ਸ਼ੜਜ ਮੰਨਿਆ ਹੈ।

ਪ੍ਰਭਾਤੀ ਰਾਗ ਦੇ ਅਧੀਨ ਹੀ ਅੰਕਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਪ੍ਰਭਾਤੀ ਬਿਭਾਸ ਇਕ ਪ੍ਰਾਚੀਨ ਅਤੇ ਅਪ੍ਰਚਲਿਤ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਭਾਰਤੀ ਸੰਗੀਤ ਗ੍ਰੰਥਾਂ ਵਿਚ ਇਸ ਦਾ ਉਲੇਖ ਬਹੁਤ ਘੱਟ ਮਿਲਦਾ ਹੈ। ਇਸ ਰਾਗ ਦੀ ਸਿਰਜਣਾ ਰਾਗ ਪ੍ਰਭਾਤੀ ਅਤੇ ਰਾਗ ਬਿਭਾਸ ਦੇ ਸੁਮੇਲ ਤੋਂ ਹੋਈ ਹੈ। ਮੱਧਕਾਲੀਨ ਸੰਗੀਤ ਵਿਦਵਾਨਾਂ ਨੇ ਇਸ ਰਾਗ ਨੂੰ ਰਾਗ ਵਰਗੀਕਰਨ ਅਨੁਸਾਰ ਛਾਇਆਲਗ ਰਾਗਾਂ ਦੇ ਵਰਗ ਵਿਚ ਸ਼ਾਮਲ ਕੀਤਾ ਹੈ। ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਵਿਚ ਪ੍ਰਭਾਤੀ ਅਤੇ ਬਿਭਾਸ ਦੋਹਾਂ ਰਾਗਾਂ ਦਾ ਵੱਖੋ-ਵੱਖਰਾ ਜ਼ਿਕਰ ਹੈ ਪਰੰਤੂ ਦੋਹਾਂ ਦੇ ਸੁਮੇਲ ਤੋਂ ਉਤਪੰਨ ਰਾਗ ਪ੍ਰਭਾਤੀ ਬਿਭਾਸ ਦਾ ਸੁਤੰਤਰ ਉਲੇਖ ਨਹੀਂ। ਸੰਗੀਤ ਸ਼ਾਸਤਰੀਆਂ ਨੇ ਇਸ ਰਾਗ ਦੀ ਉਤਪਤੀ ਭੈਰਵ ਥਾਟ ਤੋਂ ਮੰਨੀ ਹੈ। ਇਸ ਰਾਗ ਦਾ ਸਾਰਾ ਚਲਨ ਰਾਗ ਪ੍ਰਭਾਤੀ ਦੇ ਸਮਾਨ ਹੀ ਹੈ। ਇਸ ਰਾਗ ਦੀ ਵਿਸ਼ੇਸ਼ਤਾ ਪੰਚਮ ਗੰਧਾਰ(ਕੋਮਲ) ਰਿਸ਼ਭ(ਕੋਮਲ) ਸ਼ੜਜ ਦੀ ਸੁਰ ਸੰਗਤੀ ਵਿਚ ਛੁਪੀ ਹੋਈ ਹੈ। ਇਸ ਰਾਗ ਦੇ ਦੋ ਸਰੂਪ ਪ੍ਰਚਾਰ ਵਿਚ ਹਨ।

ਪਹਿਲੇ ਸਰੂਪ ਵਿਚ ਥਾਟ ਭੈਰਵ, ਜਾਤੀ ਵਕਰ ਸੰਪੂਰਨ, ਵਾਦੀ ਮਧਿਅਮ, ਸੰਵਾਦੀ ਸ਼ੜਜ ਨੂੰ ਮੰਨਿਆ ਹੈ। ਇਸ ਦੇ ਅੰਤਰਗਤ ਰਿਸ਼ਭ, ਧੈਵਤ ਕੋਮਲ, ਦੋਵੇਂ ਮਧਿਅਮ ਬਾਕੀ ਸਾਰੇ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ।ਇਸ ਦਾ ਗਾਇਨ ਸਮਾਂ ਪ੍ਰਭਾਤ (ਸੰਧੀ ਪ੍ਰਕਾਸ਼) ਮੰਨਿਆ ਜਾਂਦਾ ਹੈ। ਦੂਜਾ ਸਰੂਪ ਜੋ ਗੁਰਮਤਿ ਸੰਗੀਤ ਦੇ ਵਿਦਵਾਨਾਂ ਅਤੇ ਰਾਗ ਨਿਰਣਾਇਕ ਕਮੇਟੀ ਨੇ ਪ੍ਰਮਾਣਿਤ ਕੀਤਾ ਹੈ। ਇਸ ਵਿਚ ਦੋਵੇਂ ਰਿਸ਼ਭ, ਦੋਵੇਂ ਧੈਵਤ ਬਾਕੀ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਵਿਚ ਮਧਿਅਮ ਅਤੇ ਅਵਰੋਹ ਵਿਚ ਨਿਸ਼ਾਦ ਸੁਰ ਵਰਜਿਤ ਹਨ। ਜਿਸ ਲਈ ਇਸ ਦੀ ਜਾਤੀ ਸ਼ਾੜਵ-ਔੜਵ ਹੈ। ਇਸ ਦਾ ਵਾਦੀ ਸੁਰ ਪੰਚਮ ਅਤੇ ਸੰਵਾਦੀ ਸੁਰ ਸ਼ੜਜ ਹੈ। ਇਸ ਰਾਗ ਨੂੰ ਸਵੇਰ ਦੇ ਪਹਿਲੇ ਪਹਿਰ ਗਾਇਆ ਵਜਾਇਆ ਜਾਂਦਾ ਹੈ। ਇਸ ਦਾ ਆਰੋਹ ਆਰੋਹ ਸ਼ੜਜ ਰਿਸ਼ਭ ਗੰਧਾਰ ਪੰਚਮ ਧੈਵਤ, ਨਿਸ਼ਾਦ ਧੈਵਤ ਨਿਸ਼ਾਦ ਪੰਚਮ, ਧੈਵਤ ਸ਼ੜਜ(ਤਾਰ ਸਪਤਕ) ਅਤੇ ਅਵਰੋਹ ਸ਼ੜਜ(ਤਾਰ ਸਪਤਕ) ਧੈਵਤ(ਕੋਮਲ) ਪੰਚਮ, ਗੰਧਾਰ ਰਿਸ਼ਭ(ਕੋਮਲ) ਸ਼ੜਜ ਮੰਨਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਦੱਖਣੀ ਸੰਗੀਤ ਪੱਧਤੀ ਦੇ ਛੇ ਰਾਗਾਂ ਵਿਚੋਂ ਪ੍ਰਭਾਤੀ ਰਾਗ ਦੇ ਅਧੀਨ ਰਾਗ ‘ਪ੍ਰਭਾਤੀ ਦੱਖਣੀ’ ਵੀ ਅੰਕਿਤ ਹੈ। ਉਤਰੀ ਭਾਰਤੀ ਸੰਗੀਤ ਪੱਧਤੀ ਅਨੁਸਾਰ ਇਹ ਰਾਗ ਦੱਖਣ ਸੰਗੀਤ ਪੱਧਤੀ ਦੇ ਰਾਗ ‘ਪ੍ਰਭਾਤਰੰਗਣੀ’ ਤੋਂ ਉਤਪੰਨ ਹੋਇਆ ਹੈ। ਇਸ ਰਾਗ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਸ਼ਬਦ ਪੰਨਾ ੧੩੪੩ ਉਪਰ ਅੰਕਿਤ ਹੈ। ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਰਾਗ ਪ੍ਰਭਾਤੀ ਦੱਖਣੀ ਦਾ ਕੋਈ ਉਲੇਖ ਪ੍ਰਾਪਤ ਨਹੀਂ ਹੁੰਦਾ। ਦੱਖਣੀ ਪੱਧਤੀ ਦੇ ਇਸ ਰਾਗ ਦੀ ਰਚਨਾ ਉਤਰੀ ਭਾਰਤੀ ਸੰਗਤੀ ਪੱਧਤੀ ਅਨੁਸਾਰ ਆਸਾਵਰੀ ਥਾਟ ਤੋਂ ਮੰਨੀ ਜਾਂਦੀ ਹੈ। ਇਸ ਰਾਗ ਵਿਚ ਗੰਧਾਰ, ਧੈਵਤ, ਨਿਸ਼ਾਦ ਕੋਮਲ, ਬਾਕੀ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ। ਇਸ ਦੀ ਜਾਤੀ ਔੜਵ-ਸੰਪੂਰਨ ਮੰਨੀ ਜਾਂਦੀ ਹੈ। ਇਸ ਦਾ ਵਾਦੀ ਅਤੇ ਸੰਵਾਦੀ ਕ੍ਰਮਵਾਰ ਗੰਧਾਰ ਅਤੇ ਧੈਵਤ ਸੁਰ ਹੈ। ਇਸ ਦੇ ਆਰੋਹ ਵਿਚ ਧੈਵਤ ਅਤੇ ਨਿਸ਼ਾਦ ਵਰਜਿਤ ਕੀਤੇ ਜਾਂਦੇ ਹਨ। ਅਵਰੋਹ ਵਿਚ ਸੱਤ ਸੁਰਾਂ ਦਾ ਸਰਲ ਢੰਗ ਨਾਲ ਪ੍ਰਯੋਗ ਕੀਤਾ ਜਾਂਦਾ ਹੈ। ਇਸ ਰਾਗ ਨੂੰ ਦਿਨ ਦੇ ਪਹਿਲੇ ਪਹਿਰ ਗਾਇਆ ਵਜਾਇਆ ਜਾਂਦਾ ਹੈ। ਇਸ ਦਾ ਆਰੋਹ ਸ਼ੜਜ ਮਧਿਅਮ ਰਿਸ਼ਭ, ਗੰਧਾਰ(ਕੋਮਲ), ਮਧਿਅਮ ਪੰਚਮ, ਸ਼ੜਜ(ਤਾਰ ਸਪਤਕ) ਅਤੇ ਅਵਰੋਹ ਸ਼ੜਜ(ਤਾਰ ਸਪਤਕ) ਨਿਸ਼ਾਦ(ਕੋਮਲ) ਧੈਵਤ(ਕੋਮਲ) ਪੰਚਮ ਮਧਿਅਮ ਪੰਚਮ ਗੰਧਾਰ(ਕੋਮਲ), ਰਿਸ਼ਭ ਸ਼ੜਜ ਮੰਨਿਆ ਜਾਂਦਾ ਹੈ।

- Advertisement -

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਪ੍ਰਭਾਤੀ ਦੇ ਅਧੀਨ ਇਕ ਹੋਰ ਰਾਗ ‘ਬਿਭਾਸ ਪ੍ਰਭਾਤੀ’ ਅੰਕਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਰਾਗ ਦੋ ਸਥਾਨਾਂ ਤੇ ਉਪਲਬਧ ਹੈ। ਪਹਿਲਾ ਸ਼ਬਦ ਹੈ ‘ਬਿਭਾਸ ਪ੍ਰਭਾਤੀ ਮਹਲਾ ਪ ਅਸਟਪਦੀਆ’ ਅਤੇ ਦੂਜਾ ਸ਼ਬਦ ‘ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ’ ਦੇ ਅਧਿਐਨ ਤੋਂ ਸਪਸ਼ਟ ਹੈ ਕਿ ਪ੍ਰਭਾਤੀ ਬਿਭਾਸ ਅਤੇ ਬਿਭਾਸ ਪ੍ਰਭਾਤੀ ਰਾਗ ਪ੍ਰਕਾਰਾਂ ਵਿਚ ਅੰਤਰ ਹੈ। ਇਸ ਰਾਗ ਦੀ ਰੂਪ-ਰੇਖਾ ਪ੍ਰਭਾਤੀ ਦੇ ਸਮਾਨ ਹੀ ਹੈ ਪਰ ਇਸ ਦੇ ਪੂਰਵਾਂਗ ਵਿਚ ਬਿਭਾਸ ਅਤੇ ਉਤਰਾਂਗ ਵਿਚ ਪ੍ਰਭਾਤੀ ਰਾਗ ਦੀਆਂ ਸੁਰਾਂ ਦਾ ਪ੍ਰਚਲਨ ਹੈ। ਇਸ ਕਾਰਨ ਇਹ ਰਾਗ ਪ੍ਰਭਾਤੀ ਬਿਭਾਸ ਰਾਗ ਤੋਂ ਭਿੰਨ ਤੇ ਸੁਤੰਤਰ ਹੋ ਜਾਂਦਾ ਹੈ। ਇਹ ਰਾਗ, ਰਾਗ ਪ੍ਰਭਾਤੀ ਅਤੇ ਰਾਗ ਬਿਭਾਸ ਦਾ ਮਿਸ਼ਰਨ ਹੈ, ਇਸ ਕਰਕੇ ਸੰਗੀਤ ਵਿਦਵਾਨਾਂ ਨੇ ਇਸ ਰਾਗ ਨੂੰ ਛਾਇਆਲਗ ਰਾਗਾਂ ਵਿਚ ਗਿਣਿਆ ਹੈ।

ਰਾਗ ਬਿਭਾਸ ਪ੍ਰਭਾਤੀ ਗੁਰਮਤਿ ਸੰਗੀਤ ਪਰੰਪਰਾ ਦਾ ਮੌਲਿਕ ਰਾਗ ਹੈ। ਇਸ ਦਾ ਉਲੇਖ ਭਾਰਤੀ ਸੰਗੀਤ ਗ੍ਰੰਥਾਂ ਵਿਚ ਨਹੀਂ ਮਿਲਦਾ। ਇਸ ਰਾਗ ਦੇ ਦੋ ਸਰੂਪ ਪ੍ਰਚਾਰ ਵਿਚ ਹਨ। ਪਹਿਲੇ ਸਰੂਪ ਵਿਚ ਰਾਗ ਬਿਭਾਸ ਪ੍ਰਭਾਤੀ ਭੈਰਵ ਥਾਟ ਦਾ ਰਾਗ ਹੈ। ਇਸ ਵਿਚ ਰਿਸ਼ਭ ਧੈਵਤ ਕੋਮਲ, ਦੋਵੇਂ ਮਧਿਅਮ ਅਤੇ ਬਾਕੀ ਸਾਰੇ ਸ਼ੁਰ ਵਰਤੇ ਜਾਂਦੇ ਹਨ। ਇਸ ਦਾ ਵਾਦੀ ਧੈਵਤ, ਸੰਵਾਦੀ ਗੰਧਾਰ ਜਾਂ ਰਿਸ਼ਭ ਵੀ ਮੰਨਿਆ ਜਾਂਦਾ ਹੈ।ਇਸ ਦੀ ਜਾਤੀ ਵਕਰ ਸੰਪੂਰਨ ਅਤੇ ਸਮਾਂ ਸਵੇਰ ਦਾ ਪਹਿਲਾ ਪਹਿਰ ਹੈ। ਸੰਗੀਤ ਵਿਦਵਾਨਾਂ ਅਤੇ ਰਾਗ ਨਿਰਣਾਇਕ ਕਮੇਟੀ ਨੇ ਰਾਗ ਬਿਭਾਸ ਪ੍ਰਭਾਤੀ ਵਿਚ ਦੋਵੇਂ ਰਿਸ਼ਭ, ਦੋਵੇਂ ਧੈਵਤ ਅਤੇ ਬਾਕੀ ਸਾਰੇ ਸੁਰ ਸ਼ੁੱਧ ਅਤੇ ਮਧਿਅਮ ਸੁਰ ਵਰਜਿਤ ਹੈ। ਇਸ ਦੇ ਆਰੋਹ ਵਿਚ ਨਿਸ਼ਾਦ ਵਰਜਿਤ ਹੈ। ਇਸ ਨੂੰ ਸਵੇਰ ਦੇ ਪਹਿਲੇ ਪਹਿਰ ਗਾਇਆ ਜਾਂਦਾ ਹੈ। ਇਸ ਦਾ ਆਰੋਹ ਸ਼ੜਜ, ਰਿਸ਼ਭ (ਕੋਮਲ) ਗੰਧਾਰ ਪੰਚਮ, ਧੈਵਤ (ਕੋਮਲ) ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ), ਨਿਸ਼ਾਦ ਧੈਵਤ ਨਿਸ਼ਾਦ ਪੰਚਮ, ਗੰਧਾਰ ਰਿਸ਼ਭ ਸ਼ੜਜ ਮੰਨਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵਿਧਾਨ ਅਨੁਸਾਰ ਉਹ ਰਾਗ ਹਨ ਜਿਨ੍ਹਾਂ ਵਿਚ ਕਿਸੇ ਰਾਗ ਦੀ ਮੁੱਖ ਜਾਂ ਪ੍ਰਧਾਨ ਛਾਇਆ ਪ੍ਰਤੀਤ ਹੁੰਦੀ ਹੈ। ਅਜਿਹੇ ਰਾਗਾਂ ਵਿਚ ਜਿਸ ਪ੍ਰਧਾਨ ਰਾਗ ਦੀ ਛਾਇਆ ਦ੍ਰਿਸ਼ਟੀਗੋਚਰ ਹੁੰਦੀ ਹੈ ਉਹ ਸੰਬੰਧਤ ਰਾਗ ਦਾ ਮੁੱਖ ਰਾਗ ਹੈ ਅਤੇ ਇਹ ਰਾਗ ਉਸ ਦੇ ਪ੍ਰਕਾਰ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਰਾਗਾਂ ਵਿਚ ਦੋ ਰਾਗਾਂ ਦਾ ਮਿਸ਼ਰਣ ਦ੍ਰਿਸ਼ਟੀਗੋਚਰ ਹੁੰਦਾ ਹੈ। ਰਾਗ ‘ਪ੍ਰਭਾਤੀ ਬਿਭਾਸ’ ਅਤੇ ‘ਬਿਭਾਸ ਪ੍ਰਭਾਤੀ’ ਇਸ ਦੀ ਸਫਲ ਮਿਸਾਲ ਹਨ।

ਰਾਗ ਪ੍ਰਭਾਤੀ ਦੇ ਅਧੀਨ 20ਵੀਂ ਸਦੀ ਦੇ ਪ੍ਰਮੁੱਖ ਰਚਨਾਕਾਰ ਸ੍ਰ. ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਰਾਗੀ ਜਸਵੰਤ ਸਿੰਘ ਤੀਵਰ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਹਰਮਿੰਦਰ ਸਿੰਘ ਆਦਿ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ। ਰਾਗ ਪ੍ਰਭਾਤੀ ਨੂੰ ਗੁਰੂ ਘਰ ਦੇ ਕੀਰਤਨੀਆਂ, ਰਾਗੀਆਂ ਤੇ ਸੰਗੀਤਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਦੀ ਰਿਕਾਰਡਿੰਗ ਅਸੀਂ ਵੱਖ-ਵੱਖ ਵੈਬਸਾਈਟਸ ਤੇ ਸੁਣ ਸਕਦੇ ਹਾਂ।

*drgnam@yahoo.com

Share this Article
Leave a comment