ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 29ਵਾਂ ਰਾਗ ਕਲਿਆਣ -ਗੁਰਨਾਮ ਸਿੰਘ (ਡਾ.)

TeamGlobalPunjab
6 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-27

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 29ਵਾਂ ਰਾਗ ਕਲਿਆਣ

*ਗੁਰਨਾਮ ਸਿੰਘ (ਡਾ.)

ਗੁਰਬਾਣੀ ਦੇ ਰਾਗਾਂ ਨੂੰ ਉਨ੍ਹਾਂ ਦੇ ਵਿਸ਼ਾ ਪ੍ਰਕ੍ਰਿਤੀ, ਵਿਸ਼ੇਸ਼ ਤਰਤੀਬ ਅਨੁਸਾਰ ਸਮਝਣ ਦੀ ਜ਼ਰੂਰਤ ਹੈ। ਅਸੀਂ ਗੁਰਮਤਿ ਸੰਗੀਤ ਸਬੰਧੀ ਇਨ੍ਹਾਂ ਖੋਜ ਨਿਬੰਧਾਂ ਵਿਚ 31 ਰਾਗਾਂ ਤੇ ਕੁਝ ਰਾਗ ਪ੍ਰਕਾਰਾਂ ਦਾ ਜ਼ਿਕਰ ਕੀਤਾ ਹੈ ਜਦੋਂ ਕਿ ਇਨ੍ਹਾਂ ਰਾਗਾਂ ਦਾ ਅਧਿਐਨ ਵਿਸ਼ਾਲ ਅਧਿਐਨ ਦੀਆਂ ਅਨੇਕ ਸੰਭਾਵਨਾਵਾਂ ਰੱਖਦਾ ਹੈ। ਸਾਡਾ ਮਕਸਦ ਪਾਠਕਾਂ ਨਾਲ ਇਨ੍ਹਾਂ ਰਾਗਾਂ ਦੀ ਬੁਨਿਆਦੀ ਸਾਂਝ ਪੁਆਉਣਾ ਹੈ ਤਾਂ ਉਹ ਕੀਰਤਨ ਵਿਚ ਇਨ੍ਹਾਂ ਦਾ ਪ੍ਰਚਾਰ ਕਰ ਸਕਣ।

ਗੁਰਮਤਿ ਸੰਗੀਤ ਦੇ ਆਧਾਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿਚ ਕਲਿਆਣ ਰਾਗ ਨੂੰ ਉਨੱਤੀਵਾਂ ਸਥਾਨ ਪ੍ਰਾਪਤ ਹੈ। ਰਾਗ ਕਲਿਆਣ ਭਾਰਤੀ ਸੰਗੀਤ ਦਾ ਇਕ ਪ੍ਰਸਿੱਧ ਅਤੇ ਮਹੱਤਵਪੂਰਨ ਰਾਗ ਹੈ। ਭਾਰਤੀ ਸੰਗੀਤ ਵਿਚ ਇਸ ਰਾਗ ਨੂੰ ਰਾਗਾਂਗ ਰਾਗਾਂ ਦੀ ਸ਼੍ਰੇਣੀ ਵਿਚ ਰਖਿਆ ਗਿਆ ਹੈ ਇਸ ਰਾਗ ਨੂੰ ਯਵਨ, ਯਮਨ, ਏਮਨ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਪਰੰਤੂ ਗੁਰਮਤਿ ਸੰਗੀਤ ਵਿਚ ਇਸ ਨੂੰ ਸਿਰਫ਼ ‘ਕਲਿਆਣ’ ਨਾਮ ਵਜੋਂ ਹੀ ਦਰਸਾਇਆ ਗਿਆ ਹੈ। ਇਸ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਪਦੇ ਅਤੇ ਅਸਟਪਦੀਆਂ ਦੇ ਰੂਪ ਵਿਚ ਦਰਜ ਹੈ।

- Advertisement -

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਕਲਿਆਣ ਰਾਗ ਨੂੰ ਕਲਿਆਣ ਥਾਟ ਅਧੀਨ ਔੜਵ ਸੰਪੂਰਨ ਜਾਤੀ ਦਾ ਰਾਗ ਮੰਨਿਆ ਗਿਆ ਹੈ ਜਿਸ ਦੇ ਆਰੋਹ ਵਿਚ ਮਧਿਅਮ ਤੇ ਨਿਸ਼ਾਦ ਵਰਜਿਤ ਹਨ। ਇਸ ਦਾ ਗੰਧਾਰ ਵਾਦੀ, ਧੈਵਤ ਸੰਵਾਦੀ ਅਤੇ ਸਮਾਂ ਰਾਤ ਦਾ ਪਹਿਲਾ ਪਹਿਰ ਦਰਸਾਇਆ ਗਿਆ ਹੈ।

ਕਲਿਆਣ ਰਾਗ ਦੀ ਲੋਕਪ੍ਰਿਯਤਾ ਅਤਿ ਅਧਿਕ ਹੋਣ ਕਰਕੇ ਇਸ ਦਾ ਸਰੂਪ ਸਮਾਨ ਰੂਪ ਵਿਚ ਗੁਰਮਤਿ ਸੰਗੀਤ ਪਰੰਪਰਾ ਅਤੇ ਭਾਰਤੀ ਸੰਗੀਤ ਪਰੰਪਰਾ ਵਿਚ ਪ੍ਰਚਲਿਤ ਹੈ। ਕਲਿਆਣ ਰਾਗ ਦੇ ਸਰਬ ਪ੍ਰਵਾਣਿਤ ਸਰੂਪ ਅਨੁਸਾਰ ਕਲਿਆਣ ਥਾਟ ਦੇ ਅਧੀਨ ਰਖਦਿਆਂ ਇਸ ਨੂੰ ਆਸ਼ਰਯ ਰਾਗ ਸਵੀਕਾਰਿਆ ਜਾਂਦਾ ਹੈ। ਇਸ ਵਿਚ ਤੀਵਰ ਮਧਿਅਮ ਅਤੇ ਬਾਕੀ ਸਾਰੇ ਸੁਰ ਸ਼ੁੱਧ ਵਰਤੇ ਜਾਂਦੇ ਹਨ। ਇਸ ਰਾਗ ਦਾ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਸੁਰ ਨਿਸ਼ਾਦ ਮੰਨਿਆ ਗਿਆ ਹੈ। ਇਸ ਰਾਗ ਦੀ ਜਾਤੀ ਵਕਰ ਸੰਪੂਰਨ ਮੰਨੀ ਜਾਂਦੀ ਹੈ। ਇਹ ਬੜਾ ਸਰਲ, ਮਧੁਰ ਅਤੇ ਅਲਾਪਚਾਰੀ ਪ੍ਰਧਾਨ ਰਾਗ ਹੈ। ਇਸ ਦਾ ਗਾਇਨ ਸਮਾਂ ਰਾਤ ਦਾ ਪਹਿਲਾ ਪਹਿਰ ਹੈ। ਕੁਝ ਵਿਦਵਾਨ ਇਸ ਦਾ ਵਾਦੀ-ਸੰਵਾਦੀ ਗੰਧਾਰ-ਧੈਵਤ ਮੰਨਦੇ ਹਨ, ਪਰੰਤੂ ਗੰਧਾਰ-ਨਿਸ਼ਾਦ ਨੂੰ ਵਾਦੀ-ਸੰਵਾਦੀ ਮੰਨਣਾ ਉਚਿਤ ਹੈ। ਇਸ ਦਾ ਆਰੋਹ ਨਿਸ਼ਾਦ (ਮੰਦਰ ਸਪਤਕ) ਰਿਸ਼ਭ ਗੰਧਾਰ, ਮਧਿਅਮ (ਤੀਵਰ) ਧੈਵਤ, ਨਿਸ਼ਾਦ ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ ਪੰਚਮ, ਮਧਿਅਮ (ਤੀਵਰ) ਗੰਧਾਰ, ਰਿਸ਼ਭ ਨਿਸ਼ਾਦ (ਮੰਦਰ ਸਪਤਕ) ਰਿਸ਼ਭ ਸ਼ੜਜ ਹੈ। ਇਸ ਦਾ ਮੁੱਖ ਅੰਗ (ਪਕੜ) ਨਿਸ਼ਾਦ (ਮੰਦਰ ਸਪਤਕ) ਰਿਸ਼ਭ ਗੰਦਾਰ, ਗੰਧਾਰ ਰਿਸ਼ਭ ਗੰਧਾਰ ਮਧਿਅਮ (ਤੀਵਰ) ਪੰਚਮ ਰਿਸ਼ਭ, ਨਿਸ਼ਾਦ (ਮੰਦਰ ਸਪਤਕ) ਰਿਸ਼ਭ ਸ਼ੜਜ ਹੈ।

ਭਾਰਤੀ ਸੰਗੀਤ ਵਿਚ ਇਸ ਦੇ ਰਾਗ-ਅੰਗ ਦੇ ਸੰਯੋਗ ਤੋਂ ਕਈ ਰਾਗ ਪ੍ਰਕਾਰਾਂ ਦੀ ਉਤਪਤੀ ਹੈ ਜਿਵੇਂ ਸ਼ਾਮ ਕਲਿਆਣ, ਹਮੀਰ ਕਲਿਆਣ, ਭੂਪਾਲੀ ਕਲਿਆਣ, ਸਾਵਣੀ ਕਲਿਆਣ ਆਦਿ। ਗੁਰੂ ਗ੍ਰੰਥ ਸਾਹਿਬ ਵਿਚ ਕਲਿਆਣ ਦਾ ਇਕ ਪ੍ਰਕਾਰ ਕਲਿਆਣ ਭੋਪਾਲੀ ਗੁਰੂ ਸਾਹਿਬਾਨਾਂ ਦੁਆਰਾ ਦਰਜ ਕੀਤਾ ਗਿਆ ਹੈ।

ਕਲਿਆਣ ਰਾਗ ਦੇ ਅੰਤਰਗਤ ਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਕਲਿਆਣ ਭੋਪਾਲੀ ਮਹਲਾ ੪ ਦੇ ਸਿਰਲੇਖ ਅਧੀਨ ਬਾਣੀ ਪੰਨਾ ੧੩੨੧ ਤੇ ਅੰਕਿਤ ਹੈ ਜਿਵੇਂ ਕਿ ਇਸ ਦੇ ਸਿਰਲੇਖ ਤੋਂ ਹੀ ਸਪੱਸ਼ਟ ਹੈ ਕਿ ਇਹ ਰਾਗ ਕਲਿਆਣ ਅਤੇ ਰਾਗ ਭੋਪਾਲੀ ਦੇ ਸੁਮੇਲ ਤੋਂ ਬਣਿਆ ਮਿਸ਼ਰਤ ਰਾਗ ਹੈ। ਇਹ ਰਾਗ ਕਲਿਆਣ ਰਾਗ ਤੋਂ ਭਿੰਨ ਹੈ ਅਤੇ ਆਪਣੀ ਸੁਤੰਤਰ ਹੋਂਦ ਰੱਖਦਾ ਹੈ। ਕੁਝ ਸੰਗੀਤਕਾਰ ਇਸ ਨੂੰ ਕੇਵਲ ਭੋਪਾਲੀ ਦੇ ਰੂਪ ਵਿਚ ਹੀ ਗਾਉਂਦੇ ਹਨ ਅਤੇ ਕੁਝ ਕਲਿਆਣ ਅਤੇ ਭੋਪਾਲੀ ਦਾ ਸੁਮੇਲ ਕਰਕੇ ਗਾਉਂਦੇ ਹਨ। ਸਾਡੇ ਮੱਤ ਅਨੁਸਾਰ ਦੂਸਰੀ ਵਿਧੀ ਜ਼ਿਆਦਾ ਉਚਿਤ ਹੈ।

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਪੰਨਾ 310 ਉਤੇ ਕਲਿਆਣ ਰਾਗ ਅਤੇ ਭੋਪਾਲੀ ਰਾਗਾਂ ਦਾ ਵੱਖਰਾ-ਵੱਖਰਾ ਜ਼ਿਕਰ ਕੀਤਾ ਗਿਆ ਹੈ ਪਰੰਤੂ ਦੋਹਾਂ ਦੇ ਸੁਮੇਲ ਤੋਂ ਉਤਪੰਨ ਕਲਿਆਣ ਭੋਪਾਲੀ ਰਾਗ ਦਾ ਜ਼ਿਕਰ ਨਹੀਂ ਕੀਤਾ ਗਿਆ।

- Advertisement -

ਪ੍ਰਚਾਰ ਅਧੀਨ ਰਾਗ ਕਲਿਆਣ ਭੋਪਾਲੀ ਦੇ ਦੋ ਪ੍ਰਕਾਰ ਉਪਲਬਧ ਹਨ। ਪ੍ਰਥਮ ਰੂਪ ਅਨੁਸਾਰ ਇਸ ਰਾਗ ਦੀ ਜਾਤੀ ਵਕਰ-ਸੰਪੂਰਨ ਹੈ। ਵਾਦੀ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਇਸ ਵਿਚ ਮਧਿਅਮ ਤੀਵਰ ਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਹੁੰਦੇ ਹਨ। ਇਸ ਦਾ ਗਾਇਨ ਸਮਾਂ ਰਾਤ ਦਾ ਪਹਿਲਾ ਪਹਿਰ ਹੈ।

ਗੁਰਮਤਿ ਸੰਗੀਤ ਵਿਦਵਾਨਾਂ ਅਤੇ ਰਾਗ ਨਿਰਣਾਇਕ ਕਮੇਟੀ ਨੇ ਇਸ ਰਾਗ ਦਾ ਨਿਮਨਲਿਖਤ ਰੂਪ ਪ੍ਰਵਾਨ ਕਰਦਿਆਂ ਇਸ ਰਾਗ ਦੀ ਜਾਤੀ ਸੰਪੂਰਨ ਔੜਵ ਹੈ। ਇਸ ਵਿਚ ਮਧਿਅਮ ਤੀਬਰ ਤੇ ਹੋਰ ਸੁਰ ਸ਼ੁੱਧ ਲਗਦੇ ਹਨ। ਇਸ ਦਾ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਇਸ ਦੇ ਅਵਰੋਹ ਵਿਚ ਨਿਸ਼ਾਦ ਅਤੇ ਮਧਿਅਮ ਵਰਜਿਤ ਹੈ। ਇਸ ਰਾਗ ਨੂੰ ਰਾਤ ਦੇ ਪਹਿਲੇ ਪਹਿਰ ਗਾਇਆ ਵਜਾਇਆ ਜਾਂਦਾ ਹੈ। ਇਸ ਦਾ ਆਰੋਹ ਸ਼ੜਜ, ਨਿਸ਼ਾਦ (ਮੰਦਰ ਸਪਤਕ) ਰਿਸ਼ਭ ਗੰਧਾਰ, ਮਧਿਅਮ (ਤੀਵਰ) ਪੰਚਮ, ਮਧਿਅਮ (ਤੀਵਰ) ਧੈਵਤ ਨਿਸ਼ਾਦ ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ), ਧੈਵਤ ਪੰਚਮ, ਗੰਧਾਰ ਰਿਸ਼ਭ ਸ਼ੜਜ ਹੈ।

ਹਰਿਮੰਦਰ ਸਾਹਿਬ ਵਿਖੇ ਰਾਗਾਂਤਮਕ ਕੀਰਤਨ ਚੌਕੀ ਪਰੰਪਰਾ ਵਿਚ ਕਲਿਆਣ ਦੀ ਚੌਕੀ ਵਿਸ਼ੇਸ਼ ਹੈ ਜਿਸ ਦਾ ਗਾਇਨ ਰਾਤ ਦੇ ਪਹਿਲੇ ਪਹਿਰ ਸਮੇਂ ਕੀਤਾ ਜਾਂਦਾ ਹੈ। ਇਸ ਚੌਕੀ ਵਿਚ ਇਸ ਸਮੇਂ ਦੇ ਹੋਰ ਰਾਗਾਂ ਸਹਿਤ ਰਾਗ ਕਲਿਆਣ ਅਤੇ ਕਲਿਆਣ ਭੋਪਾਲੀ ਰਾਗ ਦੇ ਸ਼ਬਦਾਂ ਦਾ ਗਾਇਨ ਵਿਸ਼ੇਸ਼ ਤੌਰ ’ਤੇ ਕੀਤਾ ਜਾਂਦਾ ਹੈ।

*drgnam@yahoo.com

Share this Article
Leave a comment