ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 28ਵਾਂ ਰਾਗ ਕਾਨੜਾ -ਗੁਰਨਾਮ ਸਿੰਘ (ਡਾ.)

TeamGlobalPunjab
8 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-26

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 28ਵਾਂ ਰਾਗ ਕਾਨੜਾ

* ਗੁਰਨਾਮ ਸਿੰਘ (ਡਾ.)

ਗੁਰੂ ਗ੍ਰੰਥ ਸਾਹਿਬ ਵਿਚ ਰਾਗ ਕਾਨੜਾ ਨੂੰ ਰਾਗਾਂ ਦੀ ਤਰਤੀਬ ਅਧੀਨ ਅਠਾਈਵੇਂ ਸਥਾਨ ’ਤੇ ਅੰਕਿਤ ਕੀਤਾ ਗਿਆ। ਇਹ ਭਾਰਤੀ ਸੰਗੀਤ ਵਿਚ ਲੋਕਪ੍ਰਿਯ ਪਰੰਤੂ ਕਠਿਨ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਪੁਰਾਤਨ ਸਮੇਂ ਤੋਂ ਹੀ ਸੰਗੀਤਕਾਰਾਂ ਦਾ ਲੋਕਪ੍ਰਿਯ ਰਾਗ ਰਿਹਾ ਹੈ। ਸਮਰਾਟ ਅਕਬਰ ਦੇ ਸੰਗੀਤ ਰਤਨ ਤਾਨਸੇਨ ਨੇ ਇਸ ਨੂੰ ਅਕਬਰੀ ਦਰਬਾਰ ਵਿਚ ਖੂਬ ਗਾਇਆ ਅਤੇ ਇਹ ਦਰਬਾਰੀ ਕਾਨੜਾ ਵਜੋਂ ਪ੍ਰਚਲਿਤ ਹੋਇਆ। ਗੁਰੂ ਘਰ ਵਿਚ ਇਹ ਰਾਗ ਕੇਵਲ ‘ਕਾਨੜਾ’ ਵਜੋਂ ਹੀ ਪ੍ਰਚਾਰ ਵਿਚ ਰਿਹਾ ਜਿਸ ਦੇ ਅੰਤਰਗਤ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਰਜ ਹੈ।

ਗੁਰੂ ਰਾਮਦਾਸ ਜੀ ਦੇ ਚਉਪਦੇ, ਅਸ਼ਟਪਦੀਆਂ, ਵਾਰ ਅਤੇ ਗੁਰੂ ਅਰਜਨ ਦੇਵ ਜੀ ਦੇ ਚਉਪਦੇ, ਛੰਤ ਅੰਕਿਤ ਹਨ। ਭਗਤਾਂ ਵਿਚੋਂ ਭਗਤ ਨਾਮਦੇਵ ਜੀ ਦੀ ਬਾਣੀ ਰਾਗ ਕਾਨੜਾ ਵਿਚ ਦਰਜ ਹੈ। ਗੁਰੂ ਘਰ ਦੀ ਇਹ ਵਿਸ਼ੇਸ਼ਤਾ ਹੈ ਕਿ ਇਥੇ ਗੁਰ ਸ਼ਬਦ ਦਾ ਗੁਰੂ ਗ੍ਰੰਥ ਦੇ ਰੂਪ ਵਿਚ ਪ੍ਰਕਾਸ਼ ਹੀ ਨਹੀਂ ਕੀਤਾ ਸਗੋਂ ਸ਼ਬਦ ਦੇ ਕੀਰਤਨ, ਪਾਠ ਤੇ ਵਿਚਾਰ ਦੁਆਰਾ ਇਸ ਦਾ ਨਿਰੰਤਰ ਸੰਚਾਰ ਵੀ ਕੀਤਾ। ਗੁਰੂ ਅਰਜਨ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਵਿਚ ਪੋਥੀ ਸਾਹਿਬ ਦੇ ਪ੍ਰਕਾਸ਼ ਦੇ ਨਾਲ-ਨਾਲ ਸ਼ਬਦ ਕੀਰਤਨ ਦਾ ਵੱਖ-ਵੱਖ ਕੀਰਤਨ ਚੌਕੀਆਂ ਦੇ ਰੂਪ ਵਿਚ ਪ੍ਰਵਾਹ ਵੀ ਚਲਾਇਆ। ਇਨ੍ਹਾਂ ਕੀਰਤਨ ਚੌਕੀਆਂ ਵਿਚੋਂ ਕਾਨੜਾ ਜਾਂ ਕੀਰਤਨ ਸੋਹਿਲੇ ਦੀ ਚੌਕੀ (ਸਮਾਪਤੀ ਦੀ ਚੌਕੀ) ਹੈ। ਇਸ ਚੌਕੀ ਦੇ ਅੰਤਰਗਤ ਰਾਤ ਦੇ ਸਮੇਂ ਮੁਤਾਬਕ ਰਾਤ ਦੇ ਸਮੇਂ ਦੇ ਰਾਗਾਂ ਜਿਵੇਂ ਕਾਨੜਾ, ਜੈਜਾਵੰਤੀ, ਨਟ ਨਾਰਾਇਣ, ਤਿਲੰਗ ਕਾਫੀ, ਸੋਰਠਿ, ਬਿਹਾਗੜਾ ਆਦਿ ਰਾਗਾਂ ਅਧੀਨ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ। ਉਪਰੰਤ ਕੀਰਤਨ ਸੋਹਿਲੇ ਦਾ ਪਾਠ ਅਤੇ ‘ਤੁ ਆਪੇ ਹੀ ਸਿਧ ਸਾਧਕੋ’ ਪਉੜੀ ਤਾਲ ਅਧੀਨ ਗਾਇਨ ਕਰਕੇ ਪਵਣ ਗੁਰੂ ਪਾਣੀ ਪਿਤਾ ਸਲੋਕ ਗਾਇਨ ਉਪਰੰਤ ਇਸ ਚੌਕੀ ਦੀ ਸਮਾਪਤੀ ਕੀਤੀ ਜਾਂਦੀ ਹੈ। ਸਮਾਪਤੀ ਉਪਰੰਤ ਸਮੁੱਚੇ ਰੂਪ ਵਿਚ ਅਰਦਾਸ ਕੀਤੀ ਜਾਂਦੀ ਹੈ।

- Advertisement -

ਭਾਰਤੀ ਸੰਗੀਤ ਵਿਚ ਰਾਗ ਕਾਨੜਾ ਨੂੰ ਰਾਗਾਂਗ ਰਾਗ ਸਵੀਕਾਰਿਆ ਹੈ। ਇਸ ਦੇ ਕਈ ਪ੍ਰਕਾਰ ਪ੍ਰਚਲਿਤ ਹਨ ਜਿਵੇਂ ਗੁਰੁ ਗਿਰਾਰਥ ਕੋਸ਼ ਵਿਚ ਇਸ ਨੂੰ ਰਾਤ ਦੇ ਪ੍ਰਥਮ ਪਹਿਰ ਗਾਏ ਜਾਣ ਵਾਲੇ ਰਾਗ ਵਜੋਂ ਅਤੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਆਸਾਵਰੀ ਥਾਟ ਅਧੀਨ ਸ਼ਾੜਵ ਸੰਪੂਰਨ ਜਾਤੀ ਦਾ ਰਾਗ ਮੰਨਿਆ ਹੈ ਜਿਸ ਵਿਚ ਗੰਧਾਰ, ਧੈਵਤ, ਨਿਸ਼ਾਦ ਕੋਮਲ, ਬਾਕੀ ਸੁਰ ਸ਼ੁੱਧ ਲਗਦੇ ਹਨ। ਇਸ ਦਾ ਆਰੋਹ ਵਿਚ ਗੰਧਾਰ ਦੁਰਬਲ ਹੈ। ਇਸ ਰਾਗ ਦਾ ਵਾਦੀ ਰਿਸ਼ਭ, ਸੰਵਾਦੀ ਪੰਚਮ ਸਵੀਕਾਰਿਆ ਗਿਆ ਹੈ।ਭਾਰਤੀ ਸੰਗੀਤ ਵਿਚ ਰਾਗ ਕਾਨੜਾ ਬਹੁਤ ਲੋਕਪ੍ਰਿਯ ਅਤੇ ਕਠਿਨ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਦੀ ਉਤਪਤੀ ਸਬੰਧੀ ਵੱਖ-ਵੱਖ ਗ੍ਰੰਥਕਾਰਾਂ ਦੇ ਵਿਿਭੰਨ ਮੱਤ ਪ੍ਰਚਾਰ ਅਧੀਨ ਹਨ। ਪੰ. ਵਿਸ਼ਣੂ ਨਾਰਾਇਣ ਭਾਤਖੰਡੇ ਆਪਣੀ ਪੁਸਤਕ ਭਾਤਖੰਡੇ ਸੰਗੀਤ ਸ਼ਾਸਤਰ ਵਿਚ ਲਿਖਦੇ ਹਨ ਕਿ ਕੁਝ ਰਾਗਾਂ ਦੀ ਉਤਪਤੀ ਵਿਿਭੰਨ ਪ੍ਰਾਂਤਾਂ ਦੇ ਨਾਮ ’ਤੇ ਹੋਈ ਹੈ। ਪੁਰਾਤਨ ਸੰਗੀਤ ਦੇ ਗ੍ਰੰਥਾਂ ਵਿਚ ਇਸ ਦੀ ਉਤਪਤੀ ਕਰਨਾਟਕ ਪ੍ਰਾਂਤ ਦੇ ਨਾਮ ਤੋਂ ਹੋਈ ਹੈ। ਇਸ ਰਾਗ ਦੇ ਕਈ ਨਾਮ ਪ੍ਰਚਾਰ ਅਧੀਨ ਰਹੇ ਹਨ ਜਿਵੇਂ ਕੰਨੜ, ਕਾਨੜੀ, ਕਾਨਰਾ, ਕਾਨੜਾ ਆਦਿ। ਕਰਨਾਟਕੀ ਸੰਗੀਤ ਦਾ ਇਕ ਰਾਗ ਕ੍ਰਣਾਟਗੌੜ ਮਿਲਦਾ ਹੈ ਜਿਸ ਦਾ ਸਰੂਪ ਉਤਰੀ ਭਾਰਤ ਦੇ ਕਾਨੜਾ ਦੇ ਸਰੂਪ ਨਾਲ ਕਾਫੀ ਮਿਲਦਾ ਹੈ ਜਿਸ ਤੋਂ ਇਸ ਦੀ ਪੁਰਾਤਨਤਾ ਸਿੱਧ ਹੁੰਦੀ ਹੈ। ਮੱਧਕਾਲ ਵਿਚ ਰਾਗ-ਰਾਗਣੀ ਪੱਧਤੀ ਨਾਲ ਸਬੰਧਤ ਕੁਝ ਵਿਦਵਾਨਾਂ ਵਿਚੋਂ ਦਮੋਦਰ ਪੰਡਿਤ ਨੇ ਇਸ ਨੂੰ ਦੀਪਕ ਰਾਗ ਦੀ ਰਾਗਣੀ ਮੰਨਿਆ ਹੈ। ਰਾਗ ਕਾਨੜਾ ਦੇ ਨਾਦਾਤਮਕ ਸਰੂਪ ਸਬੰਧੀ ਪ੍ਰਾਚੀਨ ਗ੍ਰੰਥਾਂ ਵਿਚੋਂ ਮਿਲਦੇ ਹਵਾਲਿਆਂ ਅਨੁਸਾਰ ਅਕਬਰ ਕਾਲ ਤੋਂ ਇਸ ਰਾਗ ਨੂੰ ਸ਼ੁੱਧ ਕਾਨੜੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਆਰੰਭ ਵਿਚ ਇਸ ਵਿਚ ਕੇਵਲ ਕੋਮਲ ਨਿਸ਼ਾਦ ਦੀ ਵਰਤੋਂ ਹੀ ਕੀਤੀ ਜਾਂਦੀ ਸੀ, ਉਪਰੰਤ ਹੌਲੀ ਹੌਲੀ ਗੰਧਾਰ ਕੋਮਲ ਹੋਇਆ ਅਤੇ ਅੱਗੇ ਚਲ ਕੇ ਇਸ ਵਿਚ ਗੰਧਾਰ, ਧੈਵਤ ਅਤੇ ਨਿਸ਼ਾਦ ਕੋਮਲ ਵਰਤੇ ਜਾਣ ਲੱਗ ਪਏ। ਗੁਰਮਤਿ ਵਿਚ ਪ੍ਰਯੁਕਤ ਕਾਨੜਾ ਧੈਵਤ ਸੁਰ ਰਹਿਤ ਵਜੋਂ ਪ੍ਰਵਾਨ ਕੀਤਾ ਗਿਆ ਹੈ। ਭਾਰਤੀ ਸੰਗੀਤ ਵਿਚ ਇਸ ਰਾਗ ਦੇ ਵਿਭਿੰਨ ਸਰੂਪਾਂ ਵਿਚੋਂ ਪਹਿਲਾ ਸਰੂਪ ਦਰਬਾਰੀ ਕਾਨੜਾ ਰਿਹਾ। ਇਸ ਨੂੰ ਆਸਾਵਰੀ ਥਾਟ ਦੇ ਅੰਤਰਗਤ ਰਖਿਆ ਗਿਆ ਹੈ। ਇਸ ਵਿਚ ਗੰਧਾਰ, ਧੈਵਤ ਅਤੇ ਨਿਸ਼ਾਦ ਸੁਰ ਕੋਮਲ ਅਤੇ ਬਾਕੀ ਸੁਰ ਸ਼ੁੱਧ ਵਰਤੇ ਜਾਂਦੇ ਹਨ। ਇਸ ਵਿਚ ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਸੁਰ ਪੰਚਮ ਮੰਨਿਆ ਗਿਆ ਹੈ। ਇਸ ਦਾ ਗਾਇਨ ਸਮਾਂ ਅੱਧੀ ਰਾਤ ਦਾ ਮੰਨਿਆ ਗਿਆ ਹੈ। ਇਸ ਨੂੰ ਮੱਧ ਸਪਤਕ ਦਾ ਰਾਗ ਕਿਹਾ ਗਿਆ ਹੈ।ਇਸ ਦਾ ਆਰੋਹ ਨਿਸ਼ਾਦ (ਕੋਮਲ, ਮੰਦਰ ਸਪਤਕ) ਸ਼ੜਜ ਰਿਸ਼ਭ ਗੰਧਾਰ (ਕੋਮਲ) ਰਿਸ਼ਭ ਸ਼ੜਜ, ਮਧਿਅਮ ਪੰਚਮ, ਧੈਵਤ (ਕੋਮਲ) ਨਿਸ਼ਾਦ (ਕੋਮਲ) ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ), ਧੈਵਤ (ਕੋਮਲ) ਨਿਸ਼ਾਦ(ਕੋਮਲ) ਪੰਚਮ ਮਧਿਅਮ ਪੰਚਮ, ਮਧਿਅਮ-ਗੰਧਾਰ(ਕੋਮਲ) ਮਧਿਅਮ-ਗੰਧਾਰ(ਕੋਮਲ) ਮਧਿਅਮ ਰਿਸ਼ਭ ਸ਼ੜਜ ਹੈ।

ਉਪਰੋਕਤ ਸਰੂਪ ਇਕ ਹੋਰ ਵਿਦਵਾਨ ਪੰਡਤ ਸ੍ਰੀ ਹਰੀਸ਼ ਚੰਦਰ ਬਾਲੀ ਨੇ ਮੰਦਰ ਸਪਤਕ ਦਾ ਕੋਮਲ ਧੈਵਤ ਵਾਦੀ ਅਤੇ ਮੱਧ ਸਪਤਕ ਦਾ ਗੰਧਾਰ ਕੋਮਲ ਸੰਵਾਦੀ ਮੰਨ ਕੇ ਪ੍ਰਵਾਨ ਕੀਤਾ ਹੈ।

ਸਿੱਖ ਕੀਰਤਨੀਆਂ ਨੇ ਰਾਗ ਕਾਨੜਾ ਦਾ ਦੂਸਰਾ ਸਰੂਪ ਥਾਟ-ਉਪਥਾਟ ਪੱਧਤੀ ਅਧੀਨ ਆਸਾਵਰੀ ਬਿਲਾਵਲ ਉਪਥਾਟ ਦੇ ਅੰਤਰਗਤ ਮੰਨਿਆ ਹੈ। ਇਸ ਵਿਚ ਦੋਵੇਂ ਨਿਸ਼ਾਦ, ਗੰਧਾਰ ਕੋਮਲ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਇਸ ਦੀ ਜਾਤੀ ਸ਼ਾੜਵ-ਸੰਪੂਰਨ ਮੰਨੀ ਗਈ ਹੈ। ਇਸ ਦਾ ਵਾਦੀ ਸੁਰ ਪੰਚਮ, ਸੰਵਾਦੀ ਸੁਰ ਨਿਸ਼ਾਦ ਮੰਨਿਆ ਗਿਆ ਹੈ। ਇਸ ਦਾ ਆਰੋਹ ਸ਼ੜਜ ਰਿਸ਼ਭ ਗੰਧਾਰ (ਕੋਮਲ) ਮਧਿਅਮ ਪੰਚਮ ਨਿਸ਼ਾਦ ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ ਨਿਸ਼ਾਦ (ਕੋਮਲ) ਪੰਚਮ, ਮਧਿਅਮ ਪੰਚਮ ਗੰਧਾਰ (ਕੋਮਲ) ਮਧਿਅਮ ਮਧਿਅਮ ਰਿਸ਼ਭ ਸ਼ੜਜ ਹੈ। ਕਾਨੜੇ ਦੇ ਤੀਸਰੇ ਪ੍ਰਕਾਰ ਆਸਾਵਰੀ ਥਾਟ ਅਧੀਨ ਪ੍ਰਚਲਿਤ ਪ੍ਰਕਾਰ ਦੀ ਜਾਤੀ ਸ਼ਾੜਵ-ਵਕਰ ਸ਼ਾੜਵ ਮੰਨੀ ਗਈ ਹੈ। ਇਸ ਨੂੰ ਮੰਦਰ ਅਤੇ ਮੱਧ ਸਪਤਕ ਵਿਚ ਗਾਇਆ ਜਾਂਦਾ ਹੈ। ਇਸ ਦਾ ਗਾਇਨ ਸਮਾਂ ਰਾਤ ਦਾ ਦੂਜਾ ਪਹਿਰ ਹੈ। ਇਸ ਵਿਚ ਗੰਧਾਰ ਅਤਿ ਕੋਮਲ ਹੈ। ਇਸ ਵਿਚ ਦੋਵੇਂ ਨਿਸ਼ਾਦ ਵਰਤੇ ਜਾਂਦੇ ਹਨ। ਇਸਦਾ ਆਰੋਹ ਨਿਸ਼ਾਦ (ਕੋਮਲ, ਮੰਦਰ ਸਪਤਕ) ਸ਼ੜਜ ਰਿਸ਼ਭ ਮਧਿਅਮ ਪੰਚਮ, ਧੈਵਤ (ਕੋਮਲ) ਨਿਸ਼ਾਦ (ਕੋਮਲ) ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਪੰਚਮ ਗੰਧਾਰ (ਕੋਮਲ) ਮਧਿਅਮ ਰਿਸ਼ਭ ਸ਼ੜਜ ਹੈ।

ਗੁਰਮਤਿ ਸੰਗੀਤ ਵਿਚ ਰਾਗ ਨਿਰਣਾਇਕ ਕਮੇਟੀ ਨੇ ਅਤੇ ਵਿਦਵਾਨ ਕੀਰਤਨਕਾਰਾਂ ਨੇ ਨਿਮਨਲਿਖਤ ਸਰੂਪ ਨੂੰ ਪ੍ਰਵਾਨਿਤ ਕੀਤਾ ਹੈ। ਇਸ ਰਾਗ ਦਾ ਥਾਟ ਕਾਫੀ ਹੈ। ਇਸ ਦੀ ਜਾਤੀ ਸ਼ਾੜਵ-ਸ਼ਾੜਵ ਮੰਨੀ ਜਾਂਦੀ ਹੈ। ਇਸ ਦਾ ਵਾਦੀ ਪੰਚਮ ਅਤੇ ਸੰਵਾਦੀ ਸ਼ੜਜ ਮੰਨਿਆ ਗਿਆ ਹੈ। ਇਸ ਵਿਚ ਧੈਵਤ ਸੁਰ ਵਰਜਿਤ ਕੀਤਾ ਗਿਆ ਹੈ। ਗਾਇਨ ਸਮਾਂ ਰਾਤ ਦਾ ਦੂਜਾ ਪਹਿਰ ਹੈ। ਇਸ ਦਾ ਆਰੋਹ ਸ਼ੜਜ ਰਿਸ਼ਭ ਗੰਧਾਰ (ਕੋਮਲ), ਮਧਿਅਮ ਪੰਚਮ, ਨਿਸ਼ਾਦ ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ), ਨਿਸ਼ਾਦ (ਕੋਮਲ) ਪੰਚਮ, ਮਧਿਅਮ ਪੰਚਮ, ਗੰਧਾਰ (ਕੋਮਲ) ਮਧਿਅੰ ਰਿਸ਼ਭ ਸ਼ੜਜ ਹੈ। ਰਾਗ ਕਾਨੜਾ ਵਿਚ ਗੁਰੂ ਰਾਮਦਾਸ ਜੀ ਦੀਆਂ ਛੇ ਪੜਤਾਲਾਂ ਹਨ ਜਿਨ੍ਹਾਂ ਨੂੰ ਗੁਰਮਤਿ ਸੰਗੀਤ ਵਿਚ ਬੜੇ ਉਤਸ਼ਾਹ ਨਾਲ ਗਾਇਆ ਜਾਂਦਾ ਹੈ। ਇਨ੍ਹਾਂ ਪੜਤਾਲਾਂ ਦੀਆਂ ਰਚਨਾਵਾਂ ਪ੍ਰੋ. ਤਾਰਾ ਸਿੰਘ, ਪ੍ਰਿੰ. ਦਿਆਲ ਸਿੰਘ ਆਦਿ ਰਚਨਾਵਾਂ ਨੇ ਕੀਤੀਆਂ ਹਨ। ਰਾਗ ਕਾਨੜਾ ਦੇ ਅਧੀਨ 20ਵੀਂ ਸਦੀ ਦੇ ਪ੍ਰਮੁੱਖ ਰਚਨਾਕਾਰ ਸ੍ਰ. ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਰਾਗੀ ਜਸਵੰਤ ਸਿੰਘ ਤੀਵਰ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਹਰਮਿੰਦਰ ਸਿੰਘ, ਆਦਿ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ। ਰਾਗ ਕਾਨੜਾ ਨੂੰ ਗੁਰੂ ਘਰ ਦੇ ਕੀਰਤਨੀਆਂ, ਰਾਗੀਆਂ ਤੇ ਸੰਗੀਤਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਦੀ ਰਿਕਾਰਡਿੰਗ ਅਸੀਂ ਵੈਬਸਾਈਟਸ ਤੇ ਸੁਣ ਸਕਦੇ ਹਾਂ।

*drgnam@yahoo.com

- Advertisement -
Share this Article
Leave a comment